ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਵਾਲੇ ਸਿੰਘ ਸਾਹਿਬਾਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇ : ਮਨਜੀਤ ਸਿੰਘ ਭੋਮਾ
- ਅਸਲ ਦੋਸ਼ੀਆਂ ਦੀਆਂ ਪੈੜਾਂ ਨੱਪਣ ਲਈ ਸਭ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਵਾਲੇ ਸਿੰਘ ਸਾਹਿਬਾਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ : ਮਨਜੀਤ ਸਿੰਘ ਭੋਮਾ
ਦਿੱਲੀ, 13 ਜੁਲਾਈ 2024 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਨਿਮਰਤਾ ਭਰੀ ਅਪੀਲ ਕੀਤੀ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਮਾਫ਼ ਕਰਵਾਉਣ ਵਾਲੇ ਅਸਲ ਦੋਸ਼ੀਆਂ ਦੀ ਪੈੜ ਨੱਪਣ ਲਈ ਸਭ ਤੋਂ ਪਹਿਲਾਂ ਮੁਆਫ਼ ਕਰਨ ਵਾਲੇ ਪੰਜ ਸਿੰਘ ਸਾਹਿਬਾਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਇਸ ਦਿੱਤੀ ਗਈ ਮੁਆਫੀ ਦੀ ਪਰਦੇ ਪਿਛਲੀ ਕਹਾਣੀ ਦਾ ਸਪੱਸ਼ਟੀਕਰਨ ਲੈ ਕੇ ਅਸਲ ਦੋਸ਼ੀ ਸੰਗਤ ਦੀ ਕਚਹਿਰੀ ਵਿੱਚ ਬੇਨਕਾਬ ਕਰਕੇ ਇਹਨਾਂ ਦੋਸ਼ੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਦੇ ਇਕਬਾਲੀਆ ਬਿਆਨਾਂ ਦੇ ਆਧਾਰ ਜੋ ਉਹ ਬਾਅਦ ਵਿੱਚ ਕਿਸੇ ਕਾਰਨ ਮੁਕਰ ਗਿਆ ਪਰ ਅਖ਼ਬਾਰਾਂ ਦੇ ਬਿਆਨ ਅੱਜ ਵੀ ਵਾਅਦਾ ਮੁਆਫ ਗਵਾਹ ਦੇ ਤੌਰ ਤੇ ਮੌਜੂਦ ਹਨ ਕਿ ਸਾਨੂੰ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਸੱਦਕੇ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਜਾਕੇ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਾ ਐਲਾਨ ਕਰ ਦਿਉਂ। ਇਸੇ ਤਰ੍ਹਾਂ ਇੱਕ ਮੀਟਿੰਗ ਅਕਸ਼ੇ ਕੁਮਾਰ ਜਾਂ ਗੁਰਿੰਦਰ ਸਿੰਘ ਚੱਢਾ ਦੀ ਕੋਠੀ ਵੀ ਇੱਕ ਹਾਈਲੇਵਲ ਦੀ ਮੀਟਿੰਗ ਰਾਮ ਰਹੀਮ ਨਾਲ਼ ਹੋਈ। ਇਸ ਮੀਟਿੰਗ ਵਿੱਚ ਗੁਰਮੀਤ ਰਾਮ ਰਹੀਮ ਕੀ ਕੀ ਸੋਦੇ ਬਾਜ਼ੀ ਹੋਈ ਇਹਨਾਂ ਮੀਟਿੰਗਾਂ ਵਿੱਚ ਕੌਣ ਕੌਣ ਸ਼ਾਮਲ ਸੀ ।
ਇਸ ਮੀਟਿੰਗ ਵਿੱਚ ਹਾਜ਼ਰ ਸਭ ਵੱਡੇ ਚਿਹਰੇ ਪੰਥ ਦੀ ਕਚਹਿਰੀ ਵਿੱਚ ਬੇਨਕਾਬ ਹੋਣੇ ਜ਼ਰੂਰੀ ਹਨ। ਜਿੰਨੀਂ ਦੇਰ ਮੁੱਖ ਮੰਤਰੀ ਨਿਵਾਸ ਵਾਲੀ ਮੀਟਿੰਗ ਤੇ ਬੰਬਈ ਵਾਲ਼ੀ ਮੀਟਿੰਗ ਦੇ ਅਸਲ ਵੱਡੇ ਚਿਹਰੇ ਬੇਨਕਾਬ ਨਹੀਂ ਹੁੰਦੇ। ਉਨੀਂ ਦੇਰ ਅਸਲ ਦੋਸ਼ੀਆਂ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ। ਉਸ ਸਮੇਂ ਦੇ ਪੰਜ ਸਿੰਘ ਸਾਹਿਬਾਨਾਂ ਨੂੰ ਇਹ ਵੀ ਪੁੱਛਿਆ ਜਾਵੇ ਕਿ ਗੁਰਮੀਤ ਰਾਮ ਰਹੀਮ ਦਾ ਮਾਫ਼ੀ ਨਾਮਾਂ ਕੌਣ ਲੋ ਕੇ ਆਇਆਂ ? ਉਸ ਮਾਫ਼ੀਨਾਮੇ ਤੇ ਗੁਰਮੀਤ ਰਾਮ ਰਹੀਮ ਦੇ ਦਸਤਖਤ ਅਸਲੀ ਹਨ ਜਾਂ ਨਕਲੀ ਕਿਉਂਕਿ ਗੁਰਮੀਤ ਰਾਮ ਰਹੀਮ ਦਾ ਉਸ ਸਮੇਂ ਦਾ ਇਕਬਾਲੀਆ ਬਿਆਨ ਹੈ ਕਿ ਮੈਂ ਕੋਈ ਗੁਨਾਹ ਹੀ ਨਹੀਂ ਕੀਤਾ ਫਿਰ ਮੁਆਫ਼ੀ ਕਿਸ ਗੱਲ ਦੀ। ਇਹ ਮੁਆਫੀ ਨਾਮੇ ਵਾਲਾ ਪੱਤਰ ਅੱਜ ਤੱਕ ਇੱਕ ਬੁਝਾਰਤ ਬਣਿਆਂ ਹੋਇਆ ਹੈ ਕਿ ਉਹ ਪੱਤਰ ਅਸਲੀ ਸੀ ਕਿ ਨਕਲੀ।
ਇਸ ਪੱਤਰ ਬਾਰੇ ਵੀ ਪੰਜ ਸਿੰਘ ਸਾਹਿਬਾਨਾਂ ਦੀ 15 ਜੁਲਾਈ ਨੂੰ ਹੋ ਰਹੀ ਮੀਟਿੰਗ ਵਿੱਚ ਵੀਚਾਰ ਤੇ ਪੜਚੋਲ ਹੋਣੀ ਚਾਹੀਦੀ ਹੈ। ਇਹ ਪੱਤਰ ਪ੍ਰੈੱਸ ਤੇ ਸੰਗਤ ਵਿੱਚ ਵੀ ਜਨਤਕ ਹੋਣਾ ਚਾਹੀਦਾ ਹੈ। ਉਸ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨੀ ਚਾਹੀਦੀ ਹੈ ਜਿਹਨਾਂ ਨੇ ਮਤਾ ਪਾਸ ਕਰਕੇ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮੁਆਫੀ ਨੂੰ ਜਾਇਜ਼ ਠਹਿਰਾਇਆ ਸੀ।ਇਹ ਮਤਾਂ ਅੰਜ ਤੱਕ ਰੱਦ ਨਹੀਂ ਹੋਇਆ ਇਹ ਮਤਾ ਅੱਜ ਵੀ ਸਟੈਂਡ ਕਰਦਾ ਹੈ। ਮੁਆਫੀ ਤਾਂ ਰੱਦ ਹੋ ਗਈ ਸੰਗਤਾਂ ਦੇ ਦਬਾਅ ਤੇ ਭਾਰੀ ਗੁੱਸੇ ਕਾਰਨ ਪਰ ਮਤਾ ਅੱਜ ਤੱਕ ਰੱਦ ਨਹੀਂ ਹੋਇਆ । ਪੰਥ ਨੂੰ ਇਨਸਾਫ਼ ਦੇਣ ਤੇ ਅਸਲ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਅਕਾਲੀ ਫੂਲਾ ਸਿੰਘ ਵਾਲਾ ਰੋਲ਼ ਨਿਭਾਉਣਾ ਪਵੇਗਾ ਤਾਂ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਹੈ।