ਬਰਨਾਲਾ 'ਚ ਨਸ਼ੇੜੀਆਂ ਦਾ ਆਤੰਕ, 15 ਸਾਲਾ ਬੱਚੇ ਦੀ ਕੁੱਟਮਾਰ ਕਰਕੇ ਪੈਸੇ ਖੋਹੇ, ਸਿਰ ਦੇ ਵਾਲ ਵੀ ਕੱਟੇ
ਕਮਲਜੀਤ ਸਿੰਘ ਸਿੱਧੂ
ਬਰਨਾਲਾ, 14 ਜੁਲਾਈ 2024- ਬਰਨਾਲਾ ਵਿਚ ਨਸ਼ੇੜੀਆਂ ਦਾ ਆਤੰਕ ਵੇਖਣ ਨੂੰ ਮਿਲਿਆ ਹੈ। ਇਥੇ ਇੱਕ 15 ਸਾਲਾਂ ਦੇ ਬੱਚੇ ਨੂੰ ਨਸ਼ੇੜੀਆਂ ਨੇ ਪਹਿਲਾਂ ਕੁੱਟਿਆ, ਪੈਸੇ ਖੋਹੇ ਅਤੇ ਫਿਰ ਉਹਦ ਵਾਲ ਵੀ ਕੱਟ ਦਿੱਤੇ ਗਏ। ਜ਼ਖਮੀ ਹਾਲਤ ਵਿਚ ਹਸਪਤਾਲ ਦੇ ਅੰਦਰ ਦਾਖਲ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਾਜ਼ਾਰ ਤੋਂ ਆਪਣੇ ਲਈ ਟੀ-ਸ਼ਰਟ ਲੈਣ ਗਿਆ ਸੀ। ਜਦੋਂ ਉਹ ਟੀ-ਸ਼ਰਟ ਲੈ ਕੇ ਘਰ ਪਰਤ ਰਿਹਾ ਸੀ ਤਾਂ ਰੇਲਵੇ ਦੇ ਸੇਖਾ ਫਾਟਕ ਨੇੜੇ ਚਾਰ-ਪੰਜ ਨਸ਼ੇੜੀਆਂ ਨੇ ਉਸਨੂੰ ਘੇਰ ਲਿਆ। ਪਰਿਵਾਰ ਦਾ ਦੋਸ਼ ਹੈ ਕਿ, ਬੱਚੇ ਕੋਲ ਕੋਈ 4-500 ਰੁਪਏ ਸਨ, ਜੋ ਉਕਤ ਨਸ਼ੇੜੀਆਂ ਨੇ ਖੋਹ ਲਏ ਅਤੇ ਕੁੱਟ ਮਾਰ ਕਰਦਿਆਂ ਬੱਚੇ ਦੇ ਵਾਲ ਵੀ ਕੱਟ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਬੱਚੇ ਦੀ ਕੁੱਟਮਾਰ ਕਰਨ ਵਾਲੇ ਨਸ਼ੇੜੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਤਫਤੀਸ਼ੀ ਪੁਲਸ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਬੱਚੇ ਦੀ ਕੁੱਟਮਾਰ ਦੀ ਰਿਪੋਰਟ ਮਿਲੀ ਹੈ। ਇਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।