ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਕੀਤੇ ਯਤਨਾਂ ਨੂੰ ਮਿਲ ਰਿਹਾ ਹੁੰਗਾਰਾ
ਸ੍ਰੀ ਹਰਗੋਬਿੰਦਪੁਰ ਸਾਹਿਬ,ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੇ ਪਿੰਡਾਂ ਵਿੱਚ ਬੇਲਰਾਂ ਰਾਹੀ ਕੀਤੀ ਜਾ ਰਹੀ ਪਰਾਲੀ ਇਕੱਠੀ
ਰੋਹਿਤ ਗੁਪਤਾ
ਬਟਾਲਾ, 26 ਅਕਤੂਬਰ ਜ਼ਿਲਾ ਪ੍ਰਸ਼ਾਸਨ ਵਲੋਂ ਝੋਨੇ ਦੇ ਨਾੜ ਦੇ ਯੋਗ ਪ੍ਰਬੰਧਨ ਲਈ ਕੀਤੇ ਯਤਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ,ਵਡੇਰਾ ਬਾਬਾ ਨਾਨਕ ਅਤੇ ਕਲਾਨੌਰ ਸਮੇਤ ਵੱਖ-ਵੱਖ ਵਿੱਚ ਪਿੰਡਾਂ ਬੇਲਰਾਂ ਰਾਹੀ ਪਰਾਲੀ ਇਕੱਠੀ ਜਾ ਰਹੀ ਹੈ।
ਇਸ ਸਬੰਧੀ ਗੱਲ ਕਰਦਿਆਂ, ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੇਲਰਾਂ ਰਾਹੀ ਪਰਾਲੀ ਇੱਕਠੀ ਕਰਨ ਦਾ ਰੁਝਾਨ ਵਧਿਆ ਹੈ ਅਤੇ ਉਨ੍ਹਾਂ ਵਲੋਂ ਲਗਾਤਾਰ ਬੇਲਰ ਮਾਲਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਗਈਆਂ ਹਨ ਅਤੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜੇਕਰ ਕਲਾਨੌਰ ਬਲਾਕ ਦੀ ਗੱਲ ਕਰੀਏ ਤਾਂ ਸਰਜੇਚੱਕ ਪਿੰਡ ਸਮੇਤ 500 ਏਕੜ ਅਤੇ ਕਲਾਨੌਰ ਦੇ ਉੱਤਰੀ ਹਿੱਸੇ ਵਿੱਚ 400 ਏਕੜ ਪਰਾਲੀ ਬੇਲਰ ਨਾਲ ਇਕੱਠੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੀ 25 ਅਕਤੂਬਰ ਨੂੰ ਕਲਾਨੌਰ ਦੇ ਬਲਾਕ ਦੇ ਪਿੰਡ ਬਰੇਲਾ ਵਿੱਚ 22 ਏਕੜ, ਪਿੰਡ ਸਰਜੇਚੱਕ ਵਿੱਚ 44 ਏਕੜ, ਕਲਾਨੌਰ (ਤੀਜਾ) ਵਿੱਚ 40 ਏਕੜ ਅਤੇ ਡੇਅਰੀਵਾਲ ਪਿੰਡ ਵਿੱਚ 33 ਏਕੜ, ਭਾਵ 139 ਏਕੜ ਵਿੱਚੋਂ ਬੇਲਰ ਰਾਹੀਂ ਪਰਾਲੀ ਇੱਕ ਦਿਨ ਵਿੱਚ ਇਕੱਠੀ ਕੀਤੀ ਗਈ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੋਰ ਕਿਸਾਨ ਵੀਰ ਵੀ ਪਰਾਲੀ ਪ੍ਬੰਧਨ ਲਈ ਅੱਗੇ ਆਉਣ। ਕਿਸਾਨ, ਆਪਣੀ ਤੇ ਸਮਾਜ ਦੀ ਸਿਹਤ ਨੂੰ ਮੁੱਖ ਰੱਖਦਿਆਂ ਅਤੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਪਰਾਲੀ ਨਾ ਸਾੜਨ। ਜਾਂ ਤਾਂ ਪਰਾਲੀ, ਪੈਲੀ ਵਿੱਚ ਹੀ ਗਾਲ ਲਈ ਜਾਵੇ ਜਾਂ ਪਰਾਲੀ ਸੰਭਾਲੀ ਜਾਵੇ।
ਇਸ ਮੌਕੇ ਫੀਡਬੈਕ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਦੇ ਅਧਿਕਾਰੀ ਸ੍ਰੀ ਬੀਜੇਂਦਰ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਨਾ ਸਾੜਨ ਲਈ ਅਭਿਆਨ ਚਲਾ ਰਹੇ ਹਨ। ਇਸ ਸਾਲ ਉਨ੍ਹਾਂ ਵਲੋਂ ਜਿਲ੍ਹਾ ਪ੍ਰਸ਼ਾਸਨ ਨਾਲ ਮਿਲਕੇ ਡੇਰਾ ਬਾਬਾ ਨਾਨਕ, ਕਲਾਨੌਰ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ 95 ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਾਂ, ਪਰਾਲੀ ਨਾ ਸਾੜਨ ਦੇ ਲਾਭ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਈ ਗਈ ਖੇਤੀ ਮਸ਼ੀਨਰੀ ਵਰਤਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।