ਡੀ.ਸੀ ਤੇ ਐਸ.ਐਸ.ਪੀ. ਵਲੋਂ ਖਰੀਦ ਕੇਂਦਰ ਜੈਤੋਂ ਸਮੇਤ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ
- ਝੋਨੇ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
- ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼
- ਕਿਸਾਨਾਂ ਨੂੰ ਖ਼ਰੀਦੇ ਝੋਨੇ ਦੀ 257 ਕਰੋੜ ਦੀ ਕੀਤੀ ਅਦਾਇਗੀ
ਜੈਤੋ, 26 ਅਕਤੂਬਰ 2024 - ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ,ਲਿਫਟਿੰਗ ਅਤੇ ਅਦਾਇਗੀ ਆਦਿ ਪ੍ਰਬੰਧਾਂ ਸਬੰਧੀ ਜ਼ਮੀਨੀ ਪੱਧਰ ਤੇ ਜਾਣਕਾਰੀ ਲੈਣ, ਕਿਸਾਨਾਂ , ਆੜ੍ਹਤੀਆਂ , ਮਜ਼ਦੂਰਾਂ ਆਦਿ ਨਾਲ ਗੱਲਬਾਤ ਕਰਨ ਤੇ ਮੁਸ਼ਕਿਲਾਂ ਸੁਨਣ ਲਈ ਵਿਧਾਇਕ ਸ. ਅਮੋਲਕ ਸਿੰਘ,ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ ਡਾ. ਪ੍ਰੱਗਿਆ ਜੈਨ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਖਰੀਦ ਕੇਂਦਰ ਜੈਤੋਂ ਸਮੇਤ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ ਕੀਤਾ।ਉਨ੍ਹਾਂ ਕਿਸਾਨਾਂ , ਆੜ੍ਹਤੀਆਂ ਨੂੰ ਯਕੀਨ ਦਿਵਾਇਆ ਕੀ ਲਿਫਟਿੰਗ ਤੇ ਖਰੀਦ ਦੇ ਕੰਮ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਵਿਧਾਇਕ ਸ. ਅਮੋਲਕ ਸਿੰਘ ਨੇ ਇਸ ਮੌਕੇ ਕਿਹਾ ਕਿ ਉੱਚ ਅਧਿਕਾਰੀਆਂ ਨੇ ਤਾਲਮੇਲ ਰਾਹੀਂ ਝੋਨੇ ਦੀ ਖ਼ਰੀਦ, ਲਿਫਟਿੰਗ ਆਦਿ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਲਿਆ ਗਿਆ ਹੈ ਤੇ ਇੱਕ ਦੋ ਦਿਨ ਵਿੱਚ ਲਿਫਟਿਗ ਦਾ ਕੰਮ ਹੋਰ ਤੇਜ਼ ਹੋ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਤੇ ਲਿਫਟਿੰਗ ਦਾ ਕੰਮ ਵਿੱਚ ਹੋ ਰਹੀ ਦਿੱਕਤ ਨੂੰ ਵੀ ਦੂਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 115 ਤੋਂ ਵੱਧ ਸੈ਼ਲਰਾਂ ਵੱਲੋਂ ਮੰਡੀਆਂ ਵਿੱਚ ਖਰੀਦੇ ਗਏ ਝੋਨੇ ਦੀ ਲਿਫਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਖਰੀਦ ਗਏ ਝੋਨੇ ਨੂੰ ਪੂਰੀ ਤਰ੍ਹਾਂ ਚੁੱਕ ਲਿਆ ਜਾਵੇਗਾ ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀ ਵਿੱਚ ਲਿਆਉਣ ਕਿਉਂਕਿ ਮੰਡੀਆ ਵਿੱਚ ਦਾਖਲ ਹੋਣ ਵੇਲੇ ਝੋਨੇ ਦੀ ਨਮੀ ਚੈੱਕ ਕੀਤੀ ਜਾਂਦੀ ਹੈ।ਇਸ ਲਈ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕੱਲ੍ਹ ਸ਼ਾਮ ਤੱਕ ਜ਼ਿਲ੍ਹੇ ਵਿੱਚ 2 ਲੱਖ 1 ਹਜ਼ਾਰ 56 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਸੀ ਜਿਸ ਵਿੱਚੋਂ 1 ਲੱਖ 61 ਹਜ਼ਾਰ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਇਸ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ । ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ 257 ਕਰੋੜ ਦੇ ਕਰੀਬ ਅਦਾਇਗੀ ਕੀਤੀ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਅਤੇ ਸਫਾਈ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਐਸ.ਐਸ.ਪੀ ਡਾ. ਪ੍ਰੱਗਿਆ ਜੈਨ ਨੇ ਇਸ ਮੌਕੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾ ਕਿਹਾ ਕਿ ਮੰਡੀਆਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ, ਅਮਨ ਕਾਨੂੰਨ ਬਣਾਈ ਰੱਖਣ ਲਈ ਸਬੰਧਿਤ ਐਸ ਐਚ ਓਜਾਂ ਤੇ ਹੋਰ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਗਸ਼ਤ ਨੂੰ ਤੇਜ ਕੀਤਾ ਗਿਆ ਹੈ।
ਇਸ ਮੌਕੇ ਐਸ਼. ਡੀ. ਐਮ ਸ਼੍ਰੀ ਸੂਰਜ, ਐਸ.ਐਲ ਗੋਂਦਾਰਾ ਡੀ.ਐਮ ਵੇਅਰ ਹਾਊਸ, ਸੁਖਵਿੰਦਰ ਕੌਰ ਡੀ.ਐਮ. ਮਾਰਕਫੈਡ, ਹਰਪ੍ਰੀਤ ਸਿੰਘ ਏ.ਐਫ.ਐਸ.ਓ (ਪਨਗਰੇਨ) ਅਤੇ ਇੰਸਪੈਕਟਰ ਚਿਰਾਗ,ਰਾਜ,ਅਮਨ, ਰਾਜਨੀਸ਼ ਤੋ ਇਲਾਵਾ ਵੱਖ ਵੱਖ ਖਰੀਦ ਏਜੰਸੀਆਂ , ਮੰਡੀ ਬੋਰਡ ਦੇ ਅਧਿਕਾਰੀ ਵੀ ਹਾਜ਼ਰ ਸਨ।