ਸੜਕਾਂ ਤੇ ਕੀਤਾ ਦੰਗਾ ਤਾਂ ਬਠਿੰਡਾ ਪੁਲਿਸ ਨਾਲ ਪਊਗਾ ਪੰਗਾ
ਅਸ਼ੋਕ ਵਰਮਾ
ਬਠਿੰਡਾ, 24 ਸਤੰਬਰ 2024: ਆਪਣੇ ਸੰਘਰਸ਼ ਦੀ ਲੜੀ ਵਜੋਂ ਸੜਕਾਂ ਜਾਮ ਕਰਨ ਵਾਲੇ ਸਾਵਧਾਨ ਰਹਿਣ ਇਹ ਸੌਦਾ ਹੁਣ ਉਨ੍ਹਾਂ ਨੂੰ ਮਹਿੰਗਾ ਪੈ ਸਕਦਾ ਹੈ। ਬਠਿੰਡਾ ਪੁਲੀਸ ਨੇ ਇਸ ‘ਨਾਜ਼ੁਕ ਜ਼ੋਨ’ ’ਚ ਦੰਗਾਕਾਰੀਆਂ ਨਾਲ ਸਿੱਝਣ ਲਈ ਲੰਗੋਟ ਕਸਣੇ ਸ਼ੁਰੂ ਕਰ ਦਿੱਤੇ ਹਨ।ਇਸ ਪ੍ਰੋਗਰਾਮ ਤਹਿਤ ਇੱਥੋਂ ਦੀ ਪੁਲੀਸ ਲਾਈਨ ‘ਚ ਮੁਲਾਜਮਾਂ ਵੱਲੋਂ ਕੁੱਝ ਦਿਨ ਪਹਿਲਾਂ ਬਕਾਇਦਾ ਅਭਿਆਸ ਕੀਤਾ ਗਿਆ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਹੁਣ ਜਦੋਂ ਪੰਜਾਬ ਦਾ ਮਹੌਲ ਤਕਰੀਬਨ ਸ਼ਾਂਤ ਵਰਗਾ ਹੈ ਤਾਂ ਅਜਿਹੀ ਟਰੇਨਿੰਗ ਹੈਰਾਨ ਕਰਨ ਵਾਲੀ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਨੂੰ ਰੁਟੀਨ ਦਾ ਹਿੱਸਾ ਦੱਸਿਆ ਹੈ ਪਰ ਜਿਸ ਤਰਾਂ ਮੁਲਾਜਮਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਉਸ ਤੋਂ ਜਾਪਦਾ ਹੈ ਇਸ ਦਾ ਮਕਸਦ ਸੰਘਰਸ਼ੀ ਲੋਕਾਂ ਨੂੰ ਨੱਪਣਾ ਹੈ।
ਇਸ ਵਿਸ਼ੇਸ਼ ਸਿਖਲਾਈ ਦਾ ਇੰਚਾਰਜ ਇੱਕ ਡੀਐਸਪੀ ਨੂੰ ਲਾਇਆ ਗਿਆ ਹੈ। ਸੂਤਰ ਦੱਸਦੇ ਹਨ ਕਿ ਸਿਖਲਾਈ ਪ੍ਰਾਪਤ ਮਾਹਿਰਾਂ ਨੂੰ ਵੀ ਟਰੇਨਿੰਗ ਦੇਣ ਵਾਸਤੇ ਸੱਦਿਆ ਗਿਆ ਹੈ। ਬਠਿੰਡਾ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਫੇਸਬੱਕ ਪੇਜ਼ ਤੇ ਇਸ ਸਿਖਲਾਈ ਦੀਆਂ ਫੋਟੋਆਂ ਪਾਈਆਂ ਹਨ ਅਤੇ ਇੱਕ ਰੀਲ ਵੀ ਅਪਲੋਡ ਕੀਤੀ ਹੈ ਜੋ ਸੰਘਰਸ਼ੀ ਧਿਰਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਠਿੰਡਾ ਪੁਲਿਸ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਦੀ ਰਿਹਰਸਲ ਵਾਲੀ ਰੀਲ੍ਹ ਦੇਖਣ ਤੇ ਸਾਹਮਣੇ ਆਉਂਦਾ ਹੈ ਕਿ ਆਪਣੀ ਕਿਸਮ ਦੀ ਇਹ ਨਿਵੇਕਲੀ ਕਿਸਮ ਦਾ ਪ੍ਰੋਗਰਾਮ ਹੈ ਜਿਸ ਅੰਦੋਲਨਾਂ ਦੌਰਾਨ ਭਿੜਣ ਲਈ ਪ੍ਰੈਕਟੀਕਲ ਨੁਕਤੇ ਸਿਖਾਏ ਜਾ ਰਹੇ ਹਨ। ਇਸ ਮੌਕੇ ਪੁਲੀਸ ਮੁਲਾਜ਼ਮ ਹੀ ਸਾਦੇ ਕੱਪੜੇ ਪਹਿਨ ਕੇ ਅੰਦੋਲਨਕਾਰੀ ਬਣਦੇ ਅਤੇ ਨਾਅਰੇਬਾਜੀ ਕਰਦੇ ਅੱਗੇ ਵਧਦੇ ਹਨ।
ਇਸ ਮੌਕੇ ਸੰਘਰਸ਼ੀ ਲੋਕਾਂ ਨਾਲ ਟਾਕਰਾ ਕਰਨ ਵਾਸਤੇ ਕੇਨ ਸ਼ੀਲਡਾਂ ਆਦਿ ਨਾਲ ਲੈਸ ਦਸਤਾ ਬਣਾਇਆ ਗਿਆ ਹੈ ਜੋ ਅੰਦੋਲਨਕਾਰੀਆਂ ਨੂੰ ਰੋਕਣ ਲਈ ਜੱਦੋਜਹਿਦ ਕਰਦਾ ਹੈ। ਇਸ ਮੌਕੇ ਪੁਲੀਸ ਦੀ ਇੱਕ ਟੋਲੀ ਕੇਨ ਸੀਲਡਾਂ ਨਾਲ ਬਚਾਓ ਕਰਦੀ ਨਜ਼ਰ ਆਉਂਦੀ ਹੈ। ਇਸ ਮੌਕੇ ਜਲ ਤੋਪ ਵਾਲੀ ਗੱਡੀ ਵੀ ਹਾਜ਼ਰ ਸੀ ਜਿਸ ਨੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਅਤੇ ਅੰਦੋਲਨ ਕਰਨ ਵਾਲਿਆਂ ਨੂੰ ਭਜਾਇਆ। ਇਸ ਮੌਕੇ ਪੁਲਿਸ ਮੁਲਾਜਮਾਂ ਨੂੰ ਹੰਝੂ ਗੈਸ ਦੇ ਗੋਲੇ ਸੁੱਟਣ ਦੀ ਪ੍ਰੈਕਟਿਸ ਵੀ ਕਰਵਾਈ ਜਾਂਦੀ ਹੈ। ਸਿਖਲਾਈ ਦੇਣ ਵਾਲਾ ਮਾਹਿਰ ਅਧਿਕਾਰੀ ਪੁਲਿਸ ਮੁਲਾਜਮਾਂ ਨੂੰ ਇੰਨ੍ਹਾਂ ਸੰਘਰਸ਼ੀ ਲੋਕਾਂ ਨਾਲ ਟਾਕਰਾ ਕਰਨ ਸਬੰਧੀ ਨੁਕਤੇ ਦੱਸਦਾ ਹੈ। ਵੇਰਵਿਆਂ ਅਨੁਸਾਰ ਕੁੱਝ ਦਿਨ ਪੂਰੀ ਰਿਹਰਸਲ ਵੀ ਕਰਾਈ ਗਈ ਤਾਂ ਮਾਹਿਰਾਂ ਵਲੋਂ ਹੋਰ ਵੀ ਕਈ ਤਰਾਂ ਦੇ ਗੁਰ ਵੀ ਦੱਸੇ ਜਾ ਰਹੇ ਹਨ।
ਇੰਨ੍ਹਾਂ ਨੁਕਤਿਆਂ ਵਿੱਚ ਪਥਰਾਅ ਆਦਿ ਹੋਣ ਦੀ ਸੂਰਤ ਵਿੱਚ ਖੁਦ ਦਾ ਬਚਾਅ ਅਤੇ ਘੱਟ ਤੋਂ ਘੱਟ ਜਾਂ ਬਿਨਾਂ ਨੁਕਸਾਨ ਵੱਡੀ ਪ੍ਰਾਪਤੀ ਕਰਨਾ ਵੀ ਸ਼ਾਮਲ ਹੈ। ਮੌਕੇ ਮੁਤਾਬਿਕ ਟਕਰਾਅ ਦੀ ਸਥਿਤੀ ਨਾਲ ਕਿਸ ਤਰਾਂ ਨਜਿੱਠਣਾ ਹੈ,ਉਸ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। Êਇਹ ਵੀ ਦੱਸਿਆ ਜਾ ਰਿਹਾ ਹੈ ਕਿ ਏਦਾਂ ਦੇ ਹਾਲਾਤਾਂ ਦੌਰਾਨ ਕਿਸ ਤਰਾਂ ਡਿਊਟੀ ਮੈਜਿਸਟਰੇਟ ਨਾਲ ਰਾਬਤਾ ਕਾਇਮ ਕਰਨਾ ਹੈ ਅਤੇ ਕਿੱਦਾਂ ਅੰਦੋਲਨਕਾਰੀਆਂ ਨੂੰ ਵਾਰਨਿੰਗ ਚਿਤਾਵਨੀ ਦੇਣੀ ਹੈ। ਸੂਤਰਾਂ ਮੁਤਾਬਕ ਇਹ ਸਭ ਕੱੁਝ ਵਿਸ਼ੇਸ਼ ਸਿਖਲਾਈ ਦਾ ਹਿੱਸਾ ਹੈ ਜਿਸ ਦੌਰਾਨ ਹਰ ਕਿਸਮ ਦਾ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਨੁਕਤਾ ਵਿਚਾਰਿਆ ਜਾ ਰਿਹਾ ਹੈ। ਪੁਲਿਸ ਦੀ ਇਹ ਸਿਖਲਾਈ ਕਿਸੇ ਨਾਟਕ ਖੇਡ੍ਹਣ ਵਰਗੀ ਜਾਪਦੀ ਹੈ।
ਜਾਣਕਾਰੀ ਅਨੁਸਾਰ ਪੁਲੀਸ ਅਫਸਰ ਖੁਦ ਵੀ ਮੌਕ ਡਰਿੱਲ ਦੇ ਨਾਮ ਹੇਠ ਕੀਤੀ ਇਹ ਰਿਹਰਸਲ ਵੇਖ ਚੁੱਕੇ ਹਨ। ਸੂਤਰਾਂ ਮੁਤਾਬਕ ਖੁਫੀਆ ਵਿਭਾਗ ਨੇ ਜਿਲ੍ਹਾ ਪੁਲਿਸ ਨੂੰ ਅੰਦੋਲਨਾਂ ਦੇ ਸਬੰਧ ’ਚ ਕੋਈ ਇਨਪੁੱਟ ਦਿੱਤਾ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਸੂਤਰ ਵੀ ਇਹੋ ਆਖਦੇ ਹਨ ਕਿ ਸੀਆਈਡੀ ਦੀ ਸੂਚਨਾ ਦੇ ਅਧਾਰ ਤੇ ਜਿਲ੍ਹਾ ਪੁਲੀਸ ਭਵਿੱਖ ਵਿਚ ਕਿਸਾਨਾਂ ਤੇ ਮਜ਼ਦੂਰਾਂ ਤੋਂ ਇਲਾਵਾ ਹਰ ਸੰਘਰਸ਼ ਨਾਲ ਸਖਤੀ ਨਾਲ ਨਜਿੱਠਣ ਲਈ ਤਿਆਰੀਆਂ ਕਰ ਰਹੀ ਹੈ।
ਮਕਸਦ ਸੰਘਰਸ਼ੀ ਲੋਕਾਂ ਦਾ ਟਾਕਰਾ:ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਇਹ ਸਿਖਲਾਈ ਨਿਰੋਲ ਰੂਪ ਵਿਚ ਸੰਘਰਸ਼ੀ ਲੋਕਾਂ ਦੇ ਟਾਕਰੇ ਵਾਸਤੇ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਪੁਲੀਸ ਇਨਸਾਫ ਮੰਗਣ ਵਾਲਿਆਂ ਨੂੰ ਹੁਣ ਡਾਂਗ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ ਜਿਸ ਦਾ ਇਹ ਨਮੂਨਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਏਦਾਂ ਦੇ ਹੱਥ ਕੰਡਿਆਂ ਦੀ ਥਾਂ ਲੋਕ ਮਸਲਿਆਂ ਦੇ ਹੱਲ ਕਰੇ ਤਾਂ ਜੋ ਲੋਕਾਂ ਨੂੰ ਸੜਕਾਂ ਤੇ ਉਤਰਨਾ ਹੀ ਨਾ ਪਵੇ।
ਲੋਕ ਰੋਹ ਨਹੀਂ ਠੱਲ੍ਹੀਦੇ:ਸੇਵੇਵਾਲਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਸਰਕਾਰ ਖੁਦ ਟਕਰਾਅ ਦਾ ਮਾਹੌਲ ਬਣਾ ਰਹੀ ਹੈ ਜਦੋਂ ਕਿ ਇਹ ਧਿਆਨ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਤੇ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਦੂਰ ਕਿਸੇ ਵੀ ਸਿਖਲਾਈ ਜਾਂ ਸਰਕਾਰ ਵੱਲੋਂ ਕਦੇ ਲੋਕ ਰੋਹ ਨੂੰ ਠੱਲਿ੍ਹਆ ਨਹੀਂ ਜਾ ਸਕਿਆ ਹੈ।
ਸਿਖਲਾਈ ਰੁਟੀਨ ਦਾ ਹਿੱਸਾ:ਐਸ.ਪੀ (ਸਥਾਨਕ)
ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਦੋ ਵਾਰ ਸੰਪਰਕ ਕਰਨ ਤੇ ਐਸ.ਐਸ.ਪੀ ਅਮਨੀਤ ਕੌਂਡਲ ਨੇ ਫੋਨ ਨਹੀਂ ਚੁੱਕਿਆ। ਐਸ ਪੀ (ਸਥਾਨਕ) ਗੁਰਮੀਤ ਸਿੰਘ ਸੰਧੂ ਦਾ ਕਹਿਣਾ ਸੀ ਕਿ ਪੁਲਿਸ ਮੁਲਾਜ਼ਮਾਂ ਨੂੰ ਕਰਵਾਈ ਜਾ ਰਹੀ ਵਿਸ਼ੇਸ਼ ਟਰੇਨਿੰਗ ਰੁਟੀਨ ਦਾ ਹਿੱਸਾ ਹੈ । ਉਨ੍ਹਾਂ ਕਿਹਾ ਕਿ ਇਸ ਮੌਕੇ ਅੰਦੋਲਨਕਾਰੀਆਂ ਨੂੰ ਸਮਝਾਉਣ ਬੁਝਾਉਣ ਅਤੇ ਮਹੌਲ ਸ਼ਾਂਤ ਕਰਨ ਸਬੰਧੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਜਨਤਕ ਜੱਥੇਬੰਦੀਆਂ ਦੇ ਖਦਸ਼ਿਆਂ ਨੂੰ ਨਿਰਮੂਲ ਦੱਸਿਆ।