ਭਾਜਪਾ 'ਚ ਸ਼ਾਮਲ ਹੋਣ ਵਾਲੇ AAP ਵਿਧਾਇਕ ਨੇ ਗੁਆਈ ਵਿਧਾਨ ਸਭਾ ਦੀ ਮੈਂਬਰਸ਼ਿਪ
ਕਰਤਾਰ ਸਿੰਘ ਤੰਵਰ ਨੇ ਗੁਆਈ ਵਿਧਾਨ ਸਭਾ ਦੀ ਮੈਂਬਰਸ਼ਿਪ, 'ਆਪ' ਤੋਂ ਭਾਜਪਾ 'ਚ ਸ਼ਾਮਲ ਹੋ ਗਏ ਸੀ
ਦੀਪਕ ਗਰਗ
ਦਿੱਲੀ 25 ਸਤੰਬਰ 2024- ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਛੱਤਰਪੁਰ ਦੇ ਵਿਧਾਇਕ ਕਰਤਾਰ ਸਿੰਘ ਤੰਵਰ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
2020 ਵਿਧਾਨ ਸਭਾ ਚੋਣਾਂ 'ਚ ਛਤਰਪੁਰ ਹਲਕੇ ਤੋਂ 'ਆਪ' ਦੀ ਟਿਕਟ 'ਤੇ ਚੁਣੇ ਗਏ ਤੰਵਰ ਨੇ ਪਾਰਟੀ ਛੱਡ ਦਿੱਤੀ ਸੀ। ਇਸ ਸਾਲ ਜੁਲਾਈ ਵਿੱਚ ਇੱਕ ਹੋਰ ਵਿਧਾਇਕ ਰਾਜ ਕੁਮਾਰ ਆਨੰਦ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਪਟੇਲ ਨਗਰ ਰਾਖਵੇਂ ਹਲਕੇ ਤੋਂ ਵਿਧਾਇਕ ਆਨੰਦ ਨੇ ਅਪ੍ਰੈਲ 'ਚ ਕੇਜਰੀਵਾਲ ਸਰਕਾਰ 'ਚ ਸਮਾਜ ਭਲਾਈ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਪਾਰਟੀ ਵੀ ਛੱਡ ਦਿੱਤੀ ਸੀ। ਇਸ ਤੋਂ ਪਹਿਲਾਂ ਸਪੀਕਰ ਨੇ ਉਨ੍ਹਾਂ ਨੂੰ ਵਿਧਾਇਕ ਵਜੋਂ ਅਯੋਗ ਕਰਾਰ ਦਿੱਤਾ ਸੀ।
ਦਿੱਲੀ ਵਿਧਾਨ ਸਭਾ ਸਕੱਤਰੇਤ ਵੱਲੋਂ ਮੰਗਲਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਤੰਵਰ ਨੂੰ ਸਪੀਕਰ ਨੇ ਦਲ-ਬਦਲੀ ਵਿਰੋਧੀ ਕਾਨੂੰਨ ਤਹਿਤ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ 10 ਜੁਲਾਈ 2024 ਤੋਂ ਖ਼ਤਮ ਕਰ ਦਿੱਤੀ ਗਈ ਹੈ।
10 ਜੁਲਾਈ ਨੂੰ ਭਾਜਪਾ ਵਿੱਚ ਸ਼ਾਮਲ ਹੋਏ
10 ਜੁਲਾਈ ਨੂੰ ਤੰਵਰ ਦਿੱਲੀ ਦੇ ਸਾਬਕਾ ਮੰਤਰੀ ਰਾਜਕੁਮਾਰ ਆਨੰਦ ਨਾਲ ਭਾਜਪਾ 'ਚ ਸ਼ਾਮਲ ਹੋਏ ਸਨ। ਰਾਜਕੁਮਾਰ ਆਨੰਦ ਨੂੰ ਪਹਿਲਾਂ ਹੀ ਅਯੋਗ ਕਰਾਰ ਦਿੱਤਾ ਜਾ ਚੁੱਕਾ ਹੈ। ਜਦੋਂ ਉਹ ਭਾਜਪਾ 'ਚ ਸ਼ਾਮਲ ਹੋਏ ਸਨ, ਉਦੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ 'ਚ ਸਨ।