ਕਮਲ ਤੇ ਝਾੜੂ ਖਿਲਾਰਨ ਅਤੇ ਅਫਸਰਾਂ ਨੂੰ ਘੇਰਨ ਦੇ ਐਲਾਨ ਨਾਲ ਮੋਰਚਾ ਚੁੱਕਿਆ
ਅਸ਼ੋਕ ਵਰਮਾ
ਬਠਿੰਡਾ, 8ਨਵੰਬਰ2024: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਿਲ੍ਹਾ ਬਠਿੰਡਾ ਇਕਾਈ ਨੇ ਗਿੱਦੜਬਾਹਾ ’ਚ ਭਾਰਤੀ ਜੰਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਨਿਸ਼ਾਨੇ ਤੇ ਲੈਣ ਤੋਂ ਇਲਾਵਾ ਮੰਡੀਆਂ ਜਾਂ ਖੇਤਾਂ ’ਚ ਕਿਸਾਨਾਂ ਨਾਲ ਟਕਰਾਅ ਖੜ੍ਹਾ ਕਰਨ ਵਾਲੇ ਅਧਿਕਾਰੀਆਂ ਨੂੰ ਘੇਰਨ ਦੇ ਐਲਾਨ ਨਾਲ ਡੀਸੀ ਦਫਤਰ ਅੱਗੇ ਲੱਗਿਆ ਮੋਰਚਾ ਖਤਮ ਕਰ ਦਿੱਤਾ ਹੈ। ਜਥੇਬੰਦੀ ਨੇ ਇਹ ਵੀ ਫੈਸਲੇ ਕੀਤਾ ਹੈ ਕਿ ਟੋਲ ਪਲਾਜਿਆਂ ਨੂੰ ਪਰਚੀ ਮੁਕਤ ਕਰਵਾਉਣ ਲਈ ਚੱਲ ਰਹੇ ਧਰਨਿਆਂ ਨੂੰ ਜਾਰੀ ਰੱਖਿਆ ਜਾਏਗਾ। ਜੱਥੇਬੰਦੀ ਦੇ ਇਸ ਐਲਾਨ ਨਾਲ ਗਿੱਦੜਬਾਹਾ ’ਚ ਆਪ ਤੇ ਭਾਜਪਾ ਉਮੀਦਵਾਰਾਂ ਲਈ ਨਵੀਂ ਮੁਸੀਬਤ ਬਣਦੀ ਨਜ਼ਰ ਆਉਣ ਲੱਗੀ ਹੈ ਜੋਕਿ ਪਹਿਲਾਂ ਹੀ ਸ੍ਰੀ ਮੁਕਤਸਰ ਸਾਹਿਬ ਇਕਾਈ ਕਾਰਨ ਸਿਆਸੀ ਔਕੜਾਂ ਦਾ ਸਾਹਮਣਾ ਕਰ ਰਹੇ ਸਨ।
ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਲਗਾਤਾਰ ਬਿਆਨ ਜਾਰੀ ਕਰਕੇ ਅਤੇ ਕਿਸਾਨ ਆਗੂਆਂ ਨਾਲ ਮੀਟਿੰਗਾਂ ਦੌਰਾਨ ਕਿਹਾ ਜਾ ਰਿਹਾ ਹੈ ਕਿ ਝੋਨੇ ਦੀ ਤਾਂ ਕੋਈ ਸਮੱਸਿਆ ਨਹੀਂ ਪਰ ਕੱਲ ਜਦੋਂ ਉਹ ਦਾਣਾ ਮੰਡੀਆਂ ਦੇ ਕਿਸਾਨਾਂ ਤੋਂ ਸਮੱਸਿਆ ਸੁਣਨ ਲਈ ਪਹੁੰਚੇ ਤਾਂ ਉਹਨਾਂ ਖੁਦ ਮੰਨਿਆ ਕਿ ਝੋਨੇ ਦੀ ਲਿਫਟਿੰਗ ਜਾਂ ਖਰੀਦ ਦੀ ਸਮੱਸਿਆ ਹੈ। ਉਹਨਾਂ ਇਹ ਵੀ ਮੰਨਿਆ ਕਿ ਝੋਨੇ ਦੀ ਖਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਪਰ ਬਹੁਤ ਸਾਰੇ ਸ਼ੈਲਰ ਮਾਲਕਾਂ ਵੱਲੋਂ ਨਵੰਬਰ ਮਹੀਨੇ ਦੇ ਸੁਰੂ ਵਿੱਚ ਹੋਏ ਸਮਝੌਤੇ ਕਾਰਨ ਲਿਫਟਿੰਗ ਦਾ ਕੰਮ ਸਿਰਫ ਤਿੰਨ ਦਿਨਾਂ ਤੋਂ ਹੀ ਸ਼ੁਰੂ ਹੋਇਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀਆਂ ਚੋਂ ਰਿਪੋਰਟ ਤੋਂ ਬਾਅਦ ਵੱਡੀ ਗਿਣਤੀ ਖਰੀਦ ਕੇਂਦਰਾਂ ਵਿੱਚ ਖਰੀਦ ਅਤੇ ਲਿਫਟਿੰਗ ਦਾ ਮਾਮਲਾ ਅੜਿਆ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਤੋਟ ਕਾਰਨ ਕਿਸਾਨਾਂ ਨੂੰ ਡੀਏਪੀ ਨਹੀਂ ਮਿਲ ਰਹੀ ਪਰ ਦੂਜੇ ਪਾਸੇ ਜੋ ਡੀਏਪੀ ਖਾਦ ਸੋਸਾਇਟੀਆਂ ਚ ਪਈ ਹੈ ਉਸ ਨੂੰ ਵੀ ਕਿਸਾਨ ਹਾਸਲ ਨਹੀਂ ਕਰ ਪਾ ਰਹੇ ਹਨ ਕਿਉਂਕਿ ਝੋਨੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨ ਸੁਸਾਇਟੀ ਦੇ ਪੈਸੇ ਨਹੀਂ ਭਰ ਸਕੇ ਹਨ। ਆਗੂਆਂ ਨੇ ਇਫਕੋ ਵੱਲੋਂ ਨੈਨੋ ਤੋਂ ਬਾਅਦ ਹੁਣ ਮਾਰਕਫੈਡ ਵੱਲੋਂ ਆਪਣੀ ਫੀਡ ਧੱਕੇ ਨਾਲ ਦੇਣ ਦਾ ਵਿਰੋਧ ਕਰਨ ਦਾ ਐਲਾਨ ਵੀ ਕੀਤਾ। । ਆਗੂਆਂ ਨੇ ਆਰਥਿਕ ਤੰਗੀ ਅਤੇ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਪਰਾਲੀ ਦੇ ਜੁਰਮਾਨੇ ਦੁੱਗਣੇ ਕਰਨ ਦੀ ਨਿਖੇਧੀ ਕੀਤੀ।