ਪੀਏਯੂ ਵਿੱਚ ਖੋਜ ਅਤੇ ਪਸਾਰ ਕੌਂਸਲ ਦੀ ਮੀਟਿੰਗ ਦੌਰਾਨ ਚਲੰਤ ਖੇਤੀ ਮਸਲਿਆਂ ਬਾਰੇ ਵਿਚਾਰਾਂ ਹੋਈਆਂ
ਲੁਧਿਆਣਾ 24 ਨਵੰਬਰ
ਬੀਤੇ ਦਿਨੀ ਪੀਏਯੂ ਦੇ ਡਾ ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿਖੇ ਖੋਜ ਅਤੇ ਪਸਾਰ ਕੌਂਸਲ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ। ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਅਤੇ ਹੋਰ ਖੋਜ ਅਤੇ ਪਸਾਰ ਦੇ ਉੱਚ ਅਧਿਕਾਰੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਤੋਂ ਇਲਾਵਾ ਪੀਏਯੂ ਦੇ ਖੋਜ ਕਰਮੀ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਰ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀ ਵੀ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਪੰਜਾਬ ਦੇ ਮੌਜੂਦਾ ਖੇਤੀ ਮਸਲਿਆਂ ਬਾਰੇ ਵਿਚਾਰ ਚਰਚਾ ਹੋਈ।
ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਇਸ ਵਰੇ ਝੋਨੇ ਦੀ ਪਰਾਲੀ ਸਾੜਨ ਦੇ ਰੁਝਾਨ ਵਿੱਚ ਕਾਫੀ ਕਮੀ ਆਈ ਹੈ ਅਤੇ ਇਸ ਦਾ ਸਿਹਰਾ ਪਸਾਰ ਕਰਮੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਦਿਸ਼ਾ ਵਿੱਚ ਹਾਲੇ ਹੋਰ ਵੀ ਕਾਰਜ ਕਰਨ ਦੀ ਲੋੜ ਹੈ ਅਤੇ ਇਹ ਕਾਰਜ ਉਦੋਂ ਤੱਕ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤੱਕ ਪੰਜਾਬ ਨੂੰ ਪਰਾਲੀ ਸਾੜਨ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਕਰ ਲਿਆ ਜਾਂਦਾ। ਖੇਤੀ ਵਿੱਚ ਏ ਆਈ ਦੀ ਵੱਧ ਰਹੀ ਭੂਮਿਕਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ਤੇ ਛਿੜਕਾਅ ਲਈ ਡਰੋਨ ਤਕਨੋਲੋਜੀ ਨੂੰ ਹੋਰ ਚੰਗੇ ਤਰੀਕੇ ਨਾਲ ਲਾਗੂ ਕਰਨ ਲਈ ਖੋਜੀਆਂ ਨੂੰ ਨਿਠ ਕੇ ਕੰਮ ਕਰਨ ਦੀ ਲੋੜ ਹੈ। ਵਾਈਸ ਚਾਂਸਲਰ ਨੇ ਇਸ ਤੋਂ ਇਲਾਵਾ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ। ਉਨਾਂ ਕਿਹਾ ਕਿ ਜੇਕਰ ਕਣਕ ਵਿੱਚ ਡੀ ਏ ਪੀ ਦੀ ਵਰਤੋਂ ਕੀਤੀ ਜਾਵੇ ਤਾਂ ਝੋਨੇ ਵਿੱਚ ਇਸ ਦੀ ਵਰਤੋਂ ਦੀ ਲੋੜ ਨਹੀਂ ਰਹਿ ਜਾਂਦੀ। ਇਸ ਤੋਂ ਇਲਾਵਾ ਡੀ ਏ ਪੀ ਦੀ ਵਰਤੋਂ ਕਰਨ ਲਈ ਮਿੱਟੀ ਪਰਖ ਨੂੰ ਆਧਾਰ ਬਣਾਇਆ ਜਾਣਾ ਚਾਹੀਦਾ ਹੈ। ਵਾਈਸ ਚਾਂਸਲਰ ਨੇ ਇਸ ਦੇ ਨਾਲ ਹੀ ਪੀਏਯੂ ਵੱਲੋਂ ਵਿਕਸਿਤ ਕਿਸਮਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਹੋਰ ਯਤਨ ਜਾਰੀ ਰੱਖਣ ਵਾਸਤੇ ਪਸਾਰ ਕਰਮੀਆਂ ਨੂੰ ਪ੍ਰੇਰਿਤ ਕੀਤਾ।
ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੌਜੂਦਾ ਕਾਸ਼ਤ ਦਾ ਦੌਰ ਉਤਪਾਦਨ ਦੇ ਨਾਲ ਨਾਲ ਪੌਸ਼ਟਿਕਤਾ ਦੀ ਮੰਗ ਕਰਨ ਵਾਲਾ ਹੈ। ਇਸ ਲਈ ਪੀਏਯੂ ਵੱਲੋਂ ਪੋਸ਼ਟਿਕਤਾ ਦੇ ਗੁਣਾਂ ਨਾਲ ਭਰਪੂਰ ਕਿਸਮਾਂ ਦੀ ਖੋਜ ਲਈ ਨਿਰੰਤਰ ਕੋਸ਼ਿਸ਼ਾਂ ਜਾਰੀ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪੀਏਯੂ ਦੇ ਬੀਜਾਂ ਵੱਲ ਇਸ ਕਰਕੇ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹਨਾਂ ਬੀਜਾਂ ਨੂੰ ਸੰਭਾਲ ਕੇ ਮੁੜ ਬਿਜਾਈ ਲਈ ਰੱਖਿਆ ਜਾ ਸਕਦਾ ਹੈ ਤੇ ਇਸ ਤਰ੍ਹਾਂ ਹਰ ਵਰੇ ਖਰਚਾ ਨਹੀਂ ਕਰਨਾ ਪੈਂਦਾ।
ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਇਸ ਮੌਕੇ ਸਵਾਗਤ ਦੇ ਸ਼ਬਦ ਕਹੇ। ਉਹਨਾਂ ਨੇ ਕਿਹਾ ਕਿ ਪੀਏਯੂ ਦੇ ਵੱਖ-ਵੱਖ ਖੇਤਰਾਂ ਦੇ ਪਸਾਰ ਕਰਮੀ ਕਿਸਾਨਾਂ ਤੱਕ ਨਵੀਨ ਖੇਤੀ ਜਾਣਕਾਰੀ ਪਹੁੰਚਾਉਣ ਲਈ ਲਗਾਤਾਰ ਸਰਗਰਮ ਹਨ।
ਮੀਟਿੰਗ ਦੌਰਾਨ ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਪਸਾਰ ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ ਤਰਸੇਮ ਸਿੰਘ ਢਿੱਲੋ ਅਤੇ ਖੋਜ ਦੇ ਵਧੀਕ ਨਿਰਦੇਸ਼ਕ ਖੋਜ ਡਾਕਟਰ ਗੁਰਜੀਤ ਸਿੰਘ ਮਾਂਗਟ ਨੇ ਪੜੀ।
ਅੰਤ ਵਿੱਚ ਸਵਾਗਤ ਦੇ ਸ਼ਬਦ ਬੋਲਦਿਆਂ ਡਾ ਜੀਪੀਐਸ ਸੋਢੀ ਨੇ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਸਮੂਹ ਪਸਾਰ ਅਤੇ ਖੋਜ ਕਰਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।