ਭਾਰਤਮਾਲਾ ਸੜਕ: ਬਠਿੰਡਾ ਪੁਲਿਸ ਨੇ ਅੱਥਰੂ ਗੈਸ ਦੇ ਗੋਲਿਆਂ ਨਾਲ ਝੰਬੇ ਕਿਸਾਨ
ਅਸ਼ੋਕ ਵਰਮਾ
ਬਠਿੰਡਾ, 22 ਨਵੰਬਰ2024: ਬਠਿੰਡਾ ਜਿਲ੍ਹੇ ਵਿੱਚ ਦੀ ਗੁਜ਼ਰਨ ਵਾਲੇ ਭਾਰਤਾਮਾਲਾ ਸੜਕ ਮਾਰਗ ਲਈ ਵੀਰਵਾਰ ਨੂੰ ਕਬਜੇ ’ਚ ਕੀਤੀ ਤਿੰਨ ਪਿੰਡਾਂ ਦੀ ਜਮੀਨ ਤੇ ਮੁੜ ਕਬਜਾ ਕਰਨ ਲਈ ਅੱਗੇ ਵਧ ਰਹੇ ਕਿਸਾਨਾਂ ਨੂੰ ਰੋਕਣ ਲਈ ਬਠਿੰਡਾ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ। ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਜਮੀਨ ਤੇ ਮੁੜ ਤੋਂ ਕਬਜਾ ਲੈਣ ਲਈ ਪਿੰਡ ਦੁੱਨੇਵਾਲਾ ਅਤੇ ਸ਼ੇਰਗੜ੍ਹ ਆਦਿ ਵੱਲ ਵਧਣ ਦਾ ਸੱਦਾ ਦਿੱਤਾ ਸੀ। ਕਿਸਾਨ ਜੱਥੇਬੰਦੀ ਦੇ ਇਸ ਐਲਾਨ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਹੋਈ ਸੀ। ਜਦੋਂਕਿ ਕਿਸਾਨਾਂ ਨੇ ਅੱਗੇ ਵਧਣਾ ਚਾਹਿਆ ਤਾਂ ਪੁਲਿਸ ਨੇ ਵੱਖ ਵੱਖ ਥਾਵਾਂ ਤੇ ਰੋਕਣ ਦਾ ਯਤਨ ਕੀਤਾ।
ਇਸੇ ਦੌਰਾਨ ਪੁਲਿਸ ਦੀਆਂ ਰੋਕਾਂ ਨੂੰ ਤੋੜਦਿਆਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਜਮੀਨ ਦੇ ਨਜ਼ਦੀਕ ਜਾਣ ਵੱਲ ਅੱਗੇ ਵਧੇ ਤਾਂ ਪੁਲਿਸ ਦੀ ਵੱਡੀ ਗਿਣਤੀ ’ਚ ਤਾਇਨਾਤ ਨਫਰੀ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਧੱਕਾ ਮੁੱਕੀ ਸ਼ੁਰੂ ਹੋ ਗਈ। ਪੁਲਿਸ ਨੇ ਕਿਸਾਨਾਂ ਨੂੰ ਕਬਜਾ ਕਰਨ ਤੋਂ ਰੋਕਣ ਲਈ ਪਹਿਲਾਂ ਜਲ ਤੋਪਾਂ ਚਲਾ ਦਿੱਤੀਆਂ ਅਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਜਦੋਂ ਸਥਿਤੀ ਕਾਬੂ ਵਿੱਚ ਨਾਂ ਆਈ ਤਾਂ ਅਧਿਕਾਰੀਆਂ ਨੇ ਅੱਥਰੂ ਗੈਸ ਦੇ ਗੋਲੇ ਦਾਗਣ ਦੇ ਹੁਕਮ ਦੇ ਦਿੱਤੇ। ਕਿਸਾਨ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ ਅਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਹਰ ਹੀਲਾ ਵਰਤਿਆ। ਕਿਸਾਨ ਆਪਣੇ ਹੱਥਾਂ ’ਚ ਝੰਡੇ ਲੈਕੇ ਅੱਗੇ ਵਧਦੇ ਰਹੇ ਅਤੇ ਪੁਲਿਸ ਅੱਥਰੂ ਗੈਸ ਦੇ ਗੋਲੇ ਦਾਗਦੀ ਰਹੀ।
ਜਾਣਕਾਰੀ ਅਨੁਸਾਰ ਇਸ ਮੌਕੇ ਭਗਦੜ ਦੌਰਾਨ ਕਿਸਾਨਾਂ ਅਤੇ ਕੁੱਝ ਪੁਲਿਸ ਮੁਲਾਜਮਾਂ ਦੇ ਸੱਟਾਂ ਵੀ ਵੱਜੀਆਂ ਪਰ ਗਿਣਤੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਅਤੇ ਕਿਸਾਨ ਆਗੂਆਂ ਵਿਚਕਾਰ ਲੰਮਾਂ ਸਮਾਂ ਗੱਲਬਾਤ ਚੱਲੀ ਤਾਂ ਦੋਵਾਂ ਧਿਰਾਂ ਵਿਚਕਾਰ ਇੱਕ ਵਾਰ ਪਿੱਛੇ ਹਟਣ ਲਈ ਸਹਿਮਤੀ ਬਣ ਗਈ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਅਤੇ ਹਰਜਿੰਦਰ ਸਿੰਘ ਬੱਗੀ ਨੇ ਸਮੂਹ ਕਿਸਾਨਾਂ ਨੂੰ ਅਗਲੀ ਰਣਨੀਤੀ ਘੜਨ ਲਈ ਪਿੰਡ ਦੁੱਨੇਵਾਲਾ ਦੇ ਗੁਰਦਾਆਰਾ ਸਾਹਿਬ ’ਚ ਪੁੱਜਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਗੱਲਬਾਤ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਇਸ ਲਈ ਹੁਣ ਇਸ ਵੱਲ ਵੀ ਧਿਆਨ ਰੱਖਣਾ ਪਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚਾ ਖਤਮ ਨਹੀਂ ਬਲਕਿ ਹੁਣ ਤਾਂ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੇ ਘਰ ਵਾਪਿਸ ਨਹੀਂ ਜਾਣਾ ਤੇ ਹੁਣ ਆਰ ਪਾਰ ਦੀ ਲੜਾਈ ਲੜੀ ਜਾਏਗੀ।
ਗੌਰਤਲਬ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਰਕਾਰ ਦੀ ਕੀਤੀ ਜਾ ਰਹੀ ਖਿਚਾਈ ਤੋਂ ਬਾਅਦ ਬਠਿੰਡਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਆਰਪੀ ਸਿੰਘ ਅਤੇ ਐਸਡੀਐਮ ਬਠਿੰਡਾ ਬਲਕਰਨ ਸਿੰਘ ਮਾਹਲ ਦੀ ਅਗਵਾਈ ਹੇਠ ਪ੍ਰਸ਼ਾਸ਼ਨ ਨੇ ਪਿੰਡ ਸ਼ੇਰਗੜ੍ਹ ਤੇ ਦੁਨੇਵਾਲਾ ਦੀ ਤਕਰੀਬਨ 4 ਕਿੱਲੋਮੀਟਰ ਟੋਟੇ ਦਾ ਕਬਜਾ ਲੈ ਲਿਆ ਸੀ। ਇਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਅੱਜ ਕਿਸਾਨਾਂ ਨੂੰ ਇਸ ਜਮੀਨ ਤੇ ਪੁੱਜਣ ਦਾ ਸੱਦਾ ਦਿੱਤਾ ਸੀ। ਖਬਰਾਂ ਲਿਖੇ ਜਾਣ ਤੱਕ ਕਿਸਾਨ ਪਿੰਡ ਦੁੱਨੇਵਾਲਾ ਦੇ ਗੁਰਦੁਆਰੇ ਵਿੱਚ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਵੀ ਵਿਵਾਦ ਵਾਲੀ ਥਾਂ ਤੋਂ ਖੁਦ ਨੂੰ ਲਾਂਭੇ ਕਰਨਾ ਸ਼ੁਰੂ ਕਰ ਦਿੱਤਾ ਸੀ।