ਕੇਂਦਰ ਸਰਕਾਰ ਨਾਲ ਸਬੰਧਤ ਕੰਮ ਕਰਵਾਉਣ ਲਈ ਮੈਂ ਹਰ ਵੇਲੇ ਹਾਜ਼ਰ ਹਾਂ – ਔਜਲਾ
ਸ਼ਹਿਰ ਵਾਸੀਆਂ ਦੀ ਲੋੜ ਲਈ ਬੀ.ਆਰ.ਟੀ.ਐਸ. ਬੱਸਾਂ ਛੇਤੀ ਸ਼ਰੂ ਕੀਤੀਆਂ ਜਾਣ
ਗੁਰੂ ਨਗਰੀ ਦੀ ਸਾਫ਼ ਸਫਾਈ ਵੱਲ ਵੱਡੇ ਧਿਆਨ ਦੀ ਲੋੜ – ਜੀਵਨ ਜੋਤ ਕੌਰ
ਅੰਮ੍ਰਿਤਸਰ, 22 ਨਵੰਬਰ 2024--
ਸ੍ਰ ਗੁਰਜੀਤ ਸਿੰਘ ਔਜਲਾ ਮੈਂਬਰ ਲੋਕ ਸਭਾ ਨੇ ਅੱਜ ਵਿਕਾਸ ਕੰਮਾਂ ਦਾ ਰੀਵਿਊ ਕਰਨ ਲਈ ਜਿਲ੍ਹਾ ਵਿਕਾਸ ਤੇ ਕੁਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਸਥਾਈ ਪ੍ਰਬੰਧ ਯਕੀਨੀ ਬਣਾਇਆ ਜਾਵੇ ਅਤੇ ਕੂੜੇ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਸ ਦਾ ਠੋਸ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਡੰਪ ਵਾਲੇ ਸਥਾਨ ’ਤੇ ਹੋਰ ਨਵੀਂ ਮਸ਼ੀਨਰੀ ਲਗਾਈ ਜਾ ਰਹੀ ਹੈ ਤਾਂ ਜੋ ਕੂੜੇ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਉਨਾਂ ਕਿਹਾ ਕਿ ਰਣਜੀਤ ਐਵੀਨਿਊ ਵਿਖੇ ਕੂੜੇ ਦੀਆਂ ਗੱਡੀਆਂ ਦੀ ਪਾਰਕਿੰਗ ਤੁਰੰਤ ਬੰਦ ਕੀਤੀ ਜਾਵੇ। ਸ: ਔਜਲਾ ਨੇ ਸ਼ਹਿਰ ਦੀਆਂ ਡਰੇਨਾਂ ਜਿਨਾਂ ਵਿੱਚ ਤੁੰਗ ਢਾਬ, ਮਾਨਾਂਵਾਲਾ, ਭਗਤਾਂਵਾਲਾ ਅਤੇ ਤਰਨ ਤਾਰਨ ਸੜ੍ਹਕ ’ਤੇ ਸਥਿਤ ਡਰੇਨ ਸ਼ਾਮਲ ਹੈ ਵਿੱਚ ਪੈਂਦੇ ਸਨਅਤਾਂ ਦੇ ਗੰਦੇ ਪਾਣੀ ਉਤੇ ਚਿੰਤਾ ਜਾਹਿਰ ਕਰਦੇ ਇਨਾਂ ਦਾ ਸਾਰਥਿਕ ਹੱਲ ਲੱਭਣ ਲਈ ਕਿਹਾ। ਉਨਾਂ ਇਨਾਂ ਗੰਦੇ ਨਾਲ੍ਹਿਆਂ ਵਿੱਚ ਪੈਂਦੇ ਸਨਅਤੀ ਪਾਣੀ ਰੋਕਣ ਅਤੇ ਇਨਾਂ ਨਾਲ੍ਹਿਆਂ ਦੇ ਪਾਣੀ ਨੂੰ ਸਾਫ਼ ਕਰਕੇ ਯੋਗ ਵਰਤੋਂ ਕਰਨ ਲਈ ਪ੍ਰੋਜੈਕਟ ਬਣਾਉਣ ਦੀ ਹਦਾਇਤ ਵੀ ਕੀਤੀ। ਸ: ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਸਬੰਧਤ ਕੰਮ ਮੇਰੇ ਹਵਾਲੇ ਕੀਤੇ ਜਾਣ ਤਾਂ ਜੋ ਮੈਂ ਸ਼ੁਰੂ ਹੋਣ ਵਾਲੇ ਇਸ ਸ਼ੈਸ਼ਨ ਵਿੱਚ ਮੌਕੇ ਤੇ ਜਾ ਕੇ ਕਰਵਾ ਸਕਾਂ।
ਸ੍ਰ ਔਜਲਾ ਨੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿੰਨੇ ਵੀ ਅੰਡਰਪਾਸ ਬਣਾਏ ਜਾ ਰਹੇ ਹਨ ਉਹ 5.5 ਮੀਟਰ ਦੇ ਹੋਣ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਨਾਂ ਨੇ ਬੀ:ਆਰ:ਟੀ:ਐਸ ਬੱਸ ਸੇਵਾ ਨੂੰ ਮੁੜ ਚਾਲੂ ਕਰਨ ’ਤੇ ਜੋਰ ਦਿੰਦਿਆਂ ਕਿਹਾ ਕਿ ਇਨਾਂ ਬੱਸਾਂ ਦੀ ਗਿਣਤੀ ਵਧਾਉਣ ਦੀ ਲੋੜ ਹੈ ਨਾ ਕਿ ਬੰਦ ਕਰਨ ਦੀ। ਉਨਾਂ ਲੋਕਾਂ ਦੀ ਸਹੂਲਤ ਲਈ ਇਹ ਬੱਸਾਂ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਸ: ਔਜਲਾ ਨੇ ਨੈਸ਼ਨਲ ਹਾਈਵੇ ਲਈ ਅਕਵਾਈਰ ਕੀਤੀਆਂ ਜਮੀਨਾਂ ਦਾ ਯੋਗ ਮੁਆਵਜ਼ਾ ਕਿਸਾਨਾਂ ਨੂੰ ਤੁਰੰਤ ਰਲੀਜ ਕਰਨ ਦੀ ਵੀ ਹਦਾਇਤ ਕੀਤੀ।
ਉਨਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਮਿਥੇ ਸਮੇਂ ਅੰਦਰ ਪੂਰੇ ਕੀਤੇ ਜਾਣ। ਮੀਟਿੰਗ ਦੌਰਾਨ ਨੈਸ਼ਨਲ ਹੈਲਥ ਮਿਸ਼ਨ, ਸਵੱਛ ਭਾਰਤ ਮਿਸ਼ਨ,ਆਜੀਵਕਾ ਮਿਸ਼ਨ, ਪ੍ਰਧਾਨ ਕੌਸ਼ਲ ਵਿਕਾਸ ਯੋਜਨਾ, ਸਾਇਲ ਹੈਲਥ ਕਾਰਡ, ਨੈਸ਼ਨਲ ਰੂਰਲ ਡਰਿੰਕਿੰਗ ਵਾਟਰ ਪ੍ਰੋਗਰਾਮ, ਬੇਟੀ ਬਚਾਓ-ਬੇਟੀ ਪੜਾਓ ਅਤੇ ਹੋਰ ਵੱਖ ਵੱਖ ਚੱਲ ਰਹੀਆਂ ਸਕੀਮਾਂ ਦਾ ਜਾਇਜਾ ਵੀ ਲਿਆ।
ਇਸ ਮੌਕੇ ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੀ ਲਿਫਟਿੰਗ ਨੂੰ ਵਧਾਉਣ ਲਈ ਹੋਰ ਨਵੀਂਆਂ ਗੱਡੀਆਂ ਸਬੰਧਤ ਕੰਪਨੀ ਵੱਲੋਂ ਲਗਾਈਆਂ ਜਾਣ। ਉਨਾਂ ਕੂੜਾ ਪ੍ਰਬੰਧਨ ਅਤੇ ਸ਼ਹਿਰ ਦੀ ਸਾਫ਼ ਸਫਾਈ ਲਈ ਕਾਰਪੋਰੇਸ਼ਨ ਵਿੱਚ ਖਾਲ੍ਹੀ ਪਈਆਂ ਆਸਾਮੀਆਂ ਨੂੰ ਤੁਰੰਤ ਭਰਨ ਦੀ ਮੰਗ ਵੀ ਕੀਤੀ।
ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਕਮੇਟੀ ਮੈਂਬਰਾਂ ਵਲੋਂ ਉਠਾਏ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਕੰਮਾਂ ਨੂੰ ਨਿਸਚਿਤ ਸਮੇਂ ਵਿੱਚ ਪੂਰੇ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜੋ ਵੀ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਕਰੇਗਾ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ: ਗੁਲਪ੍ਰੀਤ ਸਿੰਘ ਔਲਖ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਐਸ.ਡੀ.ਐਮ. ਸ੍ਰੀ ਗੁਰਸਿਮਰਨ ਸਿੰਘ ਢਿਲੋਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।