Special Story ਗਿੱਦੜਬਾਹਾ: ਨਤੀਜੇ ਤੋਂ ਪਹਿਲਾਂ ਉਮੀਦਵਾਰਾਂ ਨੂੰ ਲੱਗਿਆ ਧੁੜਕੂ
ਅਸ਼ੋਕ ਵਰਮਾ
ਬਠਿੰਡਾ,22 ਨਵੰਬਰ 2024: ਪੰਜਾਬ ਦੇ ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਵੋਟਰਾਂ ਵੱਲੋਂ ਹੁੰਮ ਹੁਮਾਕੇ ਪਾਈਆਂ ਵੋਟਾਂ ਦੇ ਬਾਵਜੂਦ ਗਿਣਤੀ ਤੋਂ ਇੱਕ ਦਿਨ ਪਹਿਲਾਂ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੂੰ ਚੋਣ ਨਤੀਜਿਆਂ ਦੀ ਚੱਕ ਥੱਲ ਪ੍ਰਤੀ ਧੁਰ ਅੰਦਰ ਤੱਕ ਧੁੜਕੂ ਲੱਗਿਆ ਹੋਇਆ ਹੈ। ਗਿੱਦੜਬਾਹਾ ਹਲਕੇ ਵਿੱਚ ਸਭ ਤੋਂ ਵੱਧ ਰਿਕਾਰਡ ਤੋੜ 81 ਫੀਸਦੀ ਫੀਸਦੀ ਪੋÇਲੰਗ ਹੋਈ ਹੈ। ਗਿੱਦੜਬਾਹਾ ਪੰਜਾਬ ਦੇ ਅਜਿਹੇ ਹਲਕਿਆਂ ’ਚ ਸ਼ੁਮਾਰ ਹੁੰਦਾ ਹੈ, ਜਿੱਥੋਂ ਪ੍ਰਕਾਸ਼ ਸਿੰਘ ਬਾਦਲ ਤੇ ਹਰਚਰਨ ਬਰਾੜ ਵਰਗੇ ਧੁਰੰਤਰ ਸਿਆਸਤਦਾਨ ਚੋਣਾਂ ਜਿੱਤੇ ਹਨ। ਇਸ ਹਲਕੇ ਵਿੱਚ ਮੁੱਖ ਤੌਰ ਤੇ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ , ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ, ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਵਿਚਕਾਰ ਫਸਵਾਂ ਮੁਕਾਬਲਾ ਹੈ। ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਚੋਣ ਮੈਦਾਨ ਵਿੱਚ ਹਨ।
'ਆਮ ਆਦਮੀ ਪਾਰਟੀ’ ਨੇ ਗਿੱਦੜਬਾਹਾ ਜਿੱਤਣ ਲਈ ਪੂਰਾ ਤਾਣ ਲਾਇਆ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿੱਤ ਮੰਤਰੀ ਨਾਲ ਸਬੰਧਤ ਇਸ ਹਾਈਪ੍ਰੋਫਾਈਲ ਹਲਕੇ ’ਚ ਜਿੱਤਣ ਦੀ ਸੂਰਤ ’ਚ ਪਾਰਟੀ ਨੂੰ ਇਸ ਦਾ ਲਾਹਾ ਦਿੱਲੀ ਚੋਣਾਂ ਵਿੱਚ ਮਿਲਣ ਦੀ ਆਸ ਹੈ। ਭਾਜਪਾ ਦੀ ਟੇਕ ਇਨ੍ਹਾਂ ਚੋਣਾਂ ਵਿੱਚ ਦਲਿਤ ਵੋਟ ਬੈਂਕ ਅਤੇ ਡੇਰਾ ਸਿਰਸਾ ਦੇ ਪੈਰੋਕਾਰਾਂ ’ਤੇ ਰਹੀ ਹੈ। ਲੋਕ ਸਭਾ ਹਲਕਾ ਫਰੀਦਕੋਟ ਦਾ ਹਿੱਸਾ ਹੋਣ ਕਾਰਨ ਇਸ ਹਲਕੇ ਤੋਂ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਇਸ ਚੋਣ ਦੌਰਾਨ ਲੰਘੀਆਂ ਸੰਸਦੀ ਚੋਣਾਂ ਦੌਰਾਨ ਸਰਬਜੀਤ ਸਿੰਘ ਖਾਲਸਾ ਦੀ ਹੋਈ ਜਿੱਤ ਦੀ ਤਰਜ਼ ਤੇ ਪੰਥਕ ਵੋਟਾਂ ਦੇ ਨਾਲ ਨਾਲ ਆਮ ਲੋਕਾਂ ਅਤੇ ਨੌਜਵਾਨਾਂ ਦਾ ਭਰਪੂਰ ਸਾਥ ਮਿਲਣ ਦੀ ਉਮੀਦ ਹੈ। ਅਕਾਲੀ ਦਲ ਦੇ ਵੋਟ ਬੈਂਕ ਦੀ ਇਨ੍ਹਾਂ ਚੋਣਾਂ ’ਚ ਅਹਿਮ ਭੂਮਿਕਾ ਰਹਿਣ ਦੇ ਵੀ ਅਨੁਮਾਨ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਚੋਣ ਤੋਂ ਕਿਨਾਰਾ ਕਰ ਲਿਆ ਹੈ ਪਰ ਉਸ ਦਾ ਕਾਡਰ ਦੂਜੇ ਉਮੀਦਵਾਰਾਂ ਚੋ ਕਿਸ ਦੇ ਪੱਖ ਵਿਚ ਭੁਗਤਿਆ ਹੈ ਇਹ ਗੱਲ ਮਹੱਤਵਪੂਰਨ ਮੰਨੀ ਜਾਂਦੀ ਹੈ। ਹਾਲਾਂਕਿ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਤਨਖਾਹੀਆ ਕਰਾਰ ਦਿੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚਚੇਰਾ ਭਰਾ ਹੋਣ ਕਾਰਨ ਅਕਾਲੀਆਂ ਦੇ ਭਾਜਪਾ ਦੇ ਹੱਕ ’ਚ ਭੁਗਤਣ ਦੀ ਚੁੰਝ ਚਰਚਾ ਜੋਰਾਂ ਤੇ ਰਹੀ ਸੀ ਪਰ ਅੰਤ ’ਚ ਗਿੱਦੜਬਾਹਾ ਤੋਂ ਅਕਾਲੀ ਨੇਤਾ ਰਘਬੀਰ ਪ੍ਰਧਾਨ ਨੇ ‘ਆਪ’ ਦੇ ਪੱਖ ਵਿਚ ਉੱਤਰਨ ਦਾ ਫ਼ੈਸਲਾ ਲਿਆ ਤਾਂ ਇਸ ਨਾਲ ਸਮੀਕਰਨ ਬਦਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੂਜੇ ਪਾਸੇ ਲਗਾਤਾਰ ਤਿੰਨ ਵਾਰੀ ਜਿੱਤਣ ਕਾਰਨ ਗਿੱਦੜਬਾਹਾ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹਲਕਿਆ ਕਿਹਾ ਜਾਣਾ ਅੰਮ੍ਰਿਤਾ ਵੜਿੰਗ ਦੇ ਪੱਖ ’ਚ ਭੁਗਤਦਾ ਹੈ। ਗਿੱਦੜਬਾਹਾ ਵਿੱਚ ਐਤਕੀਂ ਪੋਸਟਰ ਲਾਉਣ ਦਾ ਵੀ ਇੱਕ ਤਰਾਂ ਨਾਲ ਮੁਕਾਬਲਾ ਹੀ ਰਿਹਾ ਹੈ।
ਗਿੱਦੜਬਾਹਾ ਦੀ ਜ਼ਿਮਨੀ ਚੋਣ ਜਿੱਥੇ ਸਾਲ 2022 ’ਚ ਇਸ ਹਲਕੇ ਤੋਂ ਹਾਰ ਚੁੱਕੀ ਸੱਤਾਧਾਰੀ ਧਿਰ ਦੀ ਕਾਰਗੁਜ਼ਾਰੀ ਦੀ ਤਸਵੀਰ ਪੇਸ਼ ਕਰੇਗੀ, ਉੱਥੇ ਹੀ ਲੋਕ ਸਭਾ ਚੋਣਾਂ ’ਚ ਪੰਜਾਬ ਵਿੱਚ ਵੱਡੀ ਜਿੱਤ ਹਾਸਲ ਕਰਨ ਵਾਲੇ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਇਸ ਹਲਕੇ ਤੋਂ ਸਾਬਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਰਮਨਪਿਆਰਤਾ ’ਤੇ ਵੀ ਮੋਹਰ ਲਾਏਗੀ ਪਹਿਲੀ ਵਾਰ ਸਿਆਸਤ ਦੀ ਪੌੜੀ ਚੜ੍ਹਨ ਲਈ ਮੈਦਾਨ ਵਿਚ ਕੁੱਦੀ ਬੀਬੀ ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦਾ ਸਿਆਸੀ ਭਵਿੱਖ ਵੀ ਭਲਕੇ ਤੈਅ ਹੋਵੇਗਾ। ਪਿਛਲੇ ਕਾਫੀ ਸਮੇਂ ਤੋਂ ਡਿੱਕਡੋਲੇ ਖਾ ਰਹੇ ਆਪਣੇ ਸਿਆਸੀ ਭਵਿੱਖ ਕਾਰਨ ਭਾਜਪਾ ਦੇ ਮਨਪ੍ਰੀਤ ਬਾਦਲ ਲਈ ਵੀ ਗਿੱਦੜਬਾਹਾ ਦਾ ਚੋਣ ਮੈਦਾਨ ਇਮਤਿਹਾਨ ਹੈ ਅਤੇ ਜਿਮਨੀ ਚੋਣ ਭਾਜਪਾ ਲਈ ਸਿਆਸੀ ਹਿੱਸੇਦਾਰੀ ਦਾ ਚਾਨਣ ਕਰੇਗੀ। ਬੇਅਦਬੀ ਮਾਮਲਿਆਂ ਨੂੰ ਲੈਕੇ ਲੜਾਈ ਲੜਨ ਵਾਲੇ ਸੁਖਰਾਜ ਸਿੰਘ ਨਿਆਮੀ ਵਾਲਾ ਲਈ ਵੀ ਜਿਮਨੀ ਚੋਣ ਇੱਕ ਪ੍ਰੀਖਿਆ ਹੀ ਹੈ ।
ਪੋਲਿੰਗ ਦਰ ਕਿਸ ਲਈ ਫੈਸਲਾਕੁੰਨ
ਗਿੱਦੜਬਾਹਾ ’ਚ ਉਤਸ਼ਾਹਜਨਕ ਰਹੀ ਪੋਲਿੰਗ ਦਰ ਕਿਸ ਦੇ ਪੱਖ ’ਚ ਭੁਗਤਦੀ ਹੈ ਇਹ ਦੇਖਣਾ ਹੋਵੇਗਾ। ਸਿਆਸੀ ਮਾਹਿਰ ਆਖਦੇ ਹਨ ਕਿ ਇਹ ਦਰ ਘੱਟ-ਵੱਧ ਹੋਣ ਦੇ ਸਿਆਸੀ ਮਾਅਨੇ ਹੁੰਦੇ ਹਨ, ਪਰ ਇਹ ਵੀ ਕੋਈ ਪੱਕਾ ਫਾਰਮੂਲਾ ਨਹੀਂ ਹੈ ਕਿ ਵੋਟਾਂ ਜਿਆਦਾ ਪੈਣ ’ਤੇ ਸੱਤਾਧਾਰੀ ਧਿਰ ਨੂੰ ਨੁਕਸਾਨ ਹੁੰਦਾ ਹੈ। ਵੋਟ ਪ੍ਰਤੀਸ਼ਤਤਾ ’ਤੇ ਕਣਕ ਦੀ ਬਿਜਾਈ ਦਾ ਅਸਰ ਤਾਂ ਕਿਧਰੇ ਵੀ ਦਿਖਾਈ ਨਹੀਂ ਦਿੱਤਾ। ਕਿਸਾਨ ਕਣਕ ਦੀ ਬਿਜਾਈ ’ਚ ਰੁੱਝੇ ਹੋਏ ਹਨ ਅਤੇ ਝੋਨੇ ਦਾ ਕੰਮ ਵੀ ਹਾਲੇ ਨਿਬੜਿਆ ਨਹੀਂ ਹੈ ਫਿਰ ਵੀ ਲੋਕ ਘਰਾਂ ਚੋਂ ਨਿਕਲੇ ਵੱਡੀ ਗੱਲ ਹੈ। ਇਸ ਚੋਣ ਜ਼ਰੀਏ ਭਾਜਪਾ ਪਿੰਡਾਂ ਵਿੱਚ ਦਾਖ਼ਲ ਹੁੰਦੀ ਦਿਖਾਈ ਦਿੱਤੀ ਜਿੱਥੇ ਉਸ ਦੇ ਬੂਥਾਂ ’ਤੇ ਵੀ ਚੰਗੀ ਹਾਜ਼ਰੀ ਰਹੀ। ਭਾਵੇਂ ਇਸ ਪਿੱਛੇ ਮਨਪ੍ਰੀਤ ਦਾ ਨਿੱਜੀ ਰਸੂਖ਼ ਦੱਸਿਆ ਜਾਂਦਾ ਹੈ ਪਰ ਕਿਸਾਨੀ ਵਿਰੋਧ ਦਰਮਿਆਨ ਇਹ ਰੁਝਾਨ ਹੈਰਾਨ ਕਰਨ ਵਾਲਾ ਹੈ।
ਸਾਡੇ ਵੱਲ ਵੀ ਨਿਗਾ ਮਾਰੋ
ਗਿੱਦੜਬਾਹਾ ਹਲਕੇ ਦੀ ਜ਼ਿਮਨੀ ਦੌਰਾਨ ਟੱਕਰ ਸਖਤ ਹੋਣ ਕਾਰਨ ਵੋਟਰਾਂ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਚੋਣ ਮੈਦਾਨ ਵਿੱਚ ਇੱਕੋ ਜਿਹੇ ਨਾਮ ਵਾਲੇ ਉਮੀਦਵਾਰ ਹੋਣ ਦਾ ਅਸਰ ਵੀ ਗਿਣਤੀ ਮੌਕੇ ਸਾਹਮਣੇ ਆਏਗਾ। ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਦੇ ਬਰਾਬਰ ਮਨਪ੍ਰੀਤ ਸਿੰਘ ਅਤੇ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਮੁਕਾਬਲੇ ਹਰਦੀਪ ਸਿੰਘ ਚੋਣ ਮੈਦਾਨ ’ਚ ਸੀ। ਹੁਣ ਇਸ ਤਰਾਂ ਦੇ ਹਾਲਾਤਾਂ ਦਰਮਿਆਨ ਦੇਖਣਾ ਹੋਵੇਗਾ ਕਿ ਗਿਣਤੀ ਉਪਰੰਤ ਗਿੱਦੜਬਾਹਾ ਕਿਸ ਲਈ ਤਖਤ ਤੇ ਕਿਸ ਵਾਸਤੇ ਤਖਤਾ ਬਣਦਾ ਹੈ।