28 ਜੂਨ 1839 ਦੇ ਦਿਨ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਬਾਹਰਵਾਰ ਚੰਦਨ ਦੀ ਲੱਕੜੀ ਦੀ ਇੱਕ ਵੱਡੀ ਸਾਰੀ ਚਿਤਾ ਸਜਾਈ ਗਈ। ਇਸ ਚਿਤਾ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੇਹ ਨੂੰ ਲਿਟਾਇਆ ਗਿਆ।
ਕਾਂਗੜੇ ਦੇ ਰਾਜਾ ਸੰਸਾਰ ਚੰਦ ਦੀ ਪੁੱਤਰੀ ਤੇ ਮਹਾਰਜਾ ਰਣਜੀਤ ਸਿੰਘ ਦੀ ਰਾਣੀ ‘ਗੱਦਾਨ’ ਚਿਤਾ ਵਿੱਚ ਬੈਠ ਗਈ ਅਤੇ ਉਸਨੇ ਮ੍ਰਿਤਕ ਰਣਜੀਤ ਸਿੰਘ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਲਿਆ। ਚਿਤਾ ਉੱਤੇ 3 ਹੋਰ ਰਾਣੀਆਂ ਅਤੇ 7 ਦਾਸੀਆਂ ਵੀ ਮ੍ਰਿਤਕ ਦੇਹ ਦੇ ਉਦਾਲੇ ਬੈਠ ਗਈਆਂ। ਕਰੀਬ 40 ਸਾਲ ਪਹਿਲਾਂ ਲਾਹੌਰ ਵਿੱਚ ਇੱਕ ਜੇਤੂ ਵਜੋਂ ਪ੍ਰਵੇਸ਼ ਕਰਨ ਵਾਲੇ ਮਹਾਂਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ। ਇਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਹੀਂ ਸੀ ਬਲਕਿ ਇੱਕ ਸੂਰਜ ਦਾ ਅੰਤ ਸੀ।
ਇਤਿਹਾਸ ਵਿੱਚ ਜਿਕਰ ਮਿਲਦਾ ਹੈ ਕਿ ਉਸ ਦਿਨ ਬ੍ਰਾਹਮਣਾਂ ਨੇ ਸ਼ਾਸਤਰਾਂ ਅਨੁਸਾਰ ਪੂਜਾ-ਪਾਠ ਕੀਤਾ। ਸਿੱਖ ਉਪਦੇਸ਼ਕਾਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਅਤੇ ਅਰਦਾਸ ਕੀਤੀ। ਮੁਸਲਮਾਨਾਂ ਨੇ ਵੀ “ਯਾ ਅੱਲਾਹ” “ਯਾ ਅੱਲਾਹ” ਕਹਿ ਕੇ ਉਨ੍ਹਾਂ ਦਾ ਸਾਥ ਦਿੱਤਾ। ਪੂਜਾ-ਪਾਠ ਤੇ ਅਰਦਾਸਾਂ ਦਾ ਸਿਲਸਿਲਾ ਇੱਕ ਘੰਟੇ ਲਈ ਚੱਲਦਾ ਰਿਹਾ।
ਭਾਈ ਗੁਰਮੁੱਖ ਸਿੰਘ ਨੇ ਕੰਵਰ ਖੜਕ ਸਿੰਘ ਨੂੰ ਬੇਨਤੀ ਕੀਤੀ ਕਿ ਰਾਣੀਆਂ ਨੂੰ ਸਤੀ ਹੋਣ ਤੋਂ ਰੋਕਿਆ ਜਾਵੇ। ਕੰਵਰ ਖੜਕ ਸਿੰਘ ਨੇ ਰਾਣੀਆਂ ਦੇ ਪੈਰੀਂ ਪੈ ਕੇ ਸਤੀ ਹੋਣ ਤੋਂ ਰੋਕਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਸਿਰ ’ਤੇ ਸਿਵਾਏ ਹੱਥ ਰੱਖ ਕੇ ਅਸੀਸ ਦੇਣ ਤੋਂ ਹੋਰ ਕੁਝ ਨਾ ਕਿਹਾ।
ਡਾ. ਹੋਨੀਬਰਗਰ ਅੱਗੋਂ ਦੱਸਦਾ ਹੈ ਕਿ 10:00 ਵਜੇ ਸਵੇਰੇ ਬ੍ਰਾਹਮਣਾਂ ਵਲੋਂ ਨਿਸ਼ਚਿਤ ਸਮੇਂ ਅਨੁਸਾਰ ਕੰਵਰ ਖੜਕ ਸਿੰਘ ਨੇ ਚਿਤਾ ਨੂੰ ਅਗਨੀ ਵਿਖਾਈ ਅਤੇ ਪੰਜਾਬ ਦਾ ਹਾਕਮ 4 ਰਾਣੀਆਂ ਅਤੇ 7 ਗੋਲੀਆਂ ਨਾਲ ਖਾਕ ਦੀ ਢੇਰੀ ਬਣ ਗਿਆ। ਬਲਦੀ ਚਿਤਾ ਉੱਪਰ ਅਕਾਸ਼ ਵਿੱਚ ਇੱਕ ਬੱਦਲੀ ਆਈ, ਕੁਝ ਕਣੀਆਂ ਵਰ੍ਹੀਆਂ ਤੇ ਮੌਸਮ ਸਾਫ਼ ਹੋ ਗਿਆ। ਹੁਣ ਬਿਨਾਂ ਭਾਣਾ ਮੰਨਣ ਦੇ ਹੋਰ ਕੋਈ ਚਾਰਾ ਨਹੀਂ ਸੀ। ਰੋਣ, ਪਿੱਟਣ ਤੇ ਵਿਰਲਾਪ ਮਹਿਲਾਂ ਵਿੱਚ ਸਾਰੇ ਪਾਸੇ ਪੱਸਰ ਗਿਆ। ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਵੀ ਵਿਰਲਾਪ ਤੇ ਕੁਰਲਾਹਟ ਮੱਚੀ ਹੋਈ ਸੀ। ਚੌਥੇ ’ਤੇ 30 ਜੂਨ ਨੂੰ ਫੁੱਲ ਚੁਗੇ ਗਏ। ਕੁਝ ਫੁੱਲ ਕੀਰਤਪੁਰ ਸਾਹਿਬ ਵਿਖੇ ਪਾਏ ਗਏ ਸਨ ਅਤੇ ਕੁਝ ਫੁੱਲ ਹਰਦੁਆਰ ਵਿਖੇ ਗੰਗਾ ਵਿੱਚ ਪਾਏ ਗਏ।
ਪੰਜਾਬ ਦੇ ਇਤਿਹਾਸ ਵਿੱਚ ਇੱਕ ਮਹਾਨ ਪੁਰਸ਼ ਦਾ ਅੰਤ ਹੋ ਚੁੱਕਾ ਸੀ। ਪੰਜਾਬ ਦੇ ਇਤਿਹਾਸ ਵਿਚ ਰਣਜੀਤ ਸਿੰਘ ਵਾਂਗ ਕਿਸੇ ਵਿਅਕਤੀ ਨੇ ਲੋਕਾਂ ਦੀ ਭਾਵਨਾਵਾਂ ਨੂੰ ਨਹੀਂ ਉਭਾਰਿਆ। ਉਸਦੀ ਦਿੱਖ ਵਿੱਚ ਉਸ ਨੂੰ ਲੋਕ-ਪ੍ਰੀਆ ਬਣਾਉਣ ਵਾਲੀ ਕੋਈ ਗੱਲ ਨਹੀਂ ਸੀ। ਉਸਦਾ ਕੱਦ ਦਰਮਿਆਨਾ ਸੀ ਤੇ ਰੰਗ ਸਾਂਵਲਾ ਸੀ, ਉਸਦੀ ਲੰਬੀ ਸਫ਼ੈਦ ਦਾਹੜੀ ਸੀ ਅਤੇ ਚਿਹਰੇ ਉੱਪਰ ਮਾਤਾ ਦੇ ਦਾਗ ਸਨ। ਉਸਦੀ ਅੰਨੀ ਅੱਖ ਖੁੱਲ੍ਹੇ ਜ਼ਖਮ ਵਾਂਗ ਸੀ। ਐਮਿਲੀ ਈਡਨ ਜਿਸਨੇ ਰਣਜੀਤ ਸਿੰਘ ਨਾਲ ਮੁਲਾਕਾਤ ਕੀਤੀ ਹੋਈ ਸੀ ਉਹ ਲਿਖਦੀ ਹੈ ਕਿ ਬਾਵਜੂਦ ਉਸਦੀ ਪ੍ਰਭਾਵ ਰਹਿਤ ਸ਼ਕਲ ਸੂਰਤ ਦੇ ਉਸਦਾ ਚਿਹਰਾ ਸਜੀਵ ਤੇ ਪ੍ਰੇਰਨਾਦਾਇਕ ਤੇ ਹਸੂੰ-ਹਸੂੰ ਕਰਦਾ ਸੀ। ਜਿਹੜੇ ਵੀ ਲੋਕ ਉਸ ਨੂੰ ਮਿਲਦੇ, ਉਸਦੇ ਹੀ ਹੋ ਕੇ ਰਹਿ ਜਾਂਦੇ ਸਨ।
ਫ਼ਕੀਰ ਅਜੀਜ਼-ਉਦ-ਦੀਨ ਜੋ 1831 ਵਿੱਚ ਸ਼ਿਮਲੇ ਇੱਕ ਪ੍ਰਤੀਨਿਧ ਮੰਡਲ ਦਾ ਨੇਤਾ ਬਣ ਕੇ ਲਾਰਡ ਵਿਲੀਅਮ ਬੈਂਟਿਕ ਕੋਲ ਮੁਲਾਕਤ ਲਈ ਗਿਆ ਤਾਂ ਗਵਰਨਰ ਜਨਰਲ ਦੇ ਇੱਕ ਅਧਿਕਾਰੀ ਨੇ ਉਸ ਨੂੰ ਪੁੱਛਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਕਾਣੀ ਹੈ ਤਾਂ ਫ਼ਕੀਰ ਨੇ ਉੱਤਰ ਦਿੱਤਾ ਕਿ ਮਹਾਰਾਜੇ ਦੇ ਚਿਹਰੇ ਦਾ ਪਰਤਾਪ ਹੀ ਏਨਾ ਹੈ ਕਿ ਮੈਂ ਕਦੇ ਇਹ ਵੇਖਣ ਲਈ ਨਜ਼ਦੀਕ ਹੀ ਨਹੀਂ ਜਾ ਸਕਿਆ।
ਬਾਵਜੂਦ ਛੋਟੇ ਕੱਦ ਤੇ ਪਤਲੇ ਸਰੀਰ ਦੇ ਰਣਜੀਤ ਸਿੰਘ ਇਤਨਾ ਮਜ਼ਬੂਤ ਤੇ ਲਚਕੀਲਾ ਸੀ ਜਿਵੇਂ ਉਹ ਛਾਂਟੇ ਵਾਲੀ ਰੱਸੀ ਦਾ ਬਣਿਆ ਹੋਵੇ। ਉਹ ਇੱਕ ਸਰਵੋਤਮ ਘੋੜ ਸਵਾਰ ਸੀ। ਘੋੜ ਸਵਾਰੀ ਉਹਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਆਵੇਗ ਸੀ, ਇਸ ਲਈ ਘੋੜੇ ਦੀ ਸਵਾਰੀ ਕਰਦਾ-ਕਰਦਾ ਦਸ-ਦਸ ਘੰਟੇ ਕਾਠੀ ’ਤੇ ਹੀ ਰਹਿੰਦਾ। ਰਣਜੀਤ ਸਿੰਘ ਭਾਂਵੇ ਆਪ ਬਦਸੂਰਤ ਸੀ ਪਰ ਉਹ ਸੁੰਦਰ ਚੀਜ਼ਾਂ ਦਾ ਪ੍ਰੇਮੀ ਸੀ। ਉਸਦੇ ਦੁਆਲੇ ਸੁੰਦਰ ਆਦਮੀਆਂ ਤੇ ਇਸਤਰੀਆਂ ਦਾ ਝੁਰਮਟ ਰਹਿੰਦਾ ਸੀ। ਉਹਦੇ ਕੱਪੜੇ ਅਤਿਅੰਤ ਸਾਦੇ ਹੁੰਦੇ ਸਨ। ਸਿਆਲ ਵਿੱਚ ਉਹ ਕੇਸ਼ਰੀ ਕਸ਼ਮੀਰੀ ਉੱਨ ਦੇ ਕੱਪੜੇ ਪਾਉਂਦਾ ਤੇ ਗਰਮੀ ਦੀ ਰੁੱਤ ਵਿੱਚ ਮਲਮਲ ਦੇ ਕੱਪੜੇ ਪਹਿਨਦਾ, ਪਰ ਉਹ ਆਪਣੇ ਦਰਬਾਰੀਆਂ ਤੇ ਮੁਲਾਕਾਤੀਆਂ ਤੋਂ ਆਸ ਕਰਦਾ ਸੀ ਕਿ ਉਹ ਸ਼ਾਨੋ-ਸ਼ੌਕਤ ਨਾਲ ਸ਼ਾਹੀ ਲਿਲਬਾਸ ਤੇ ਗਹਿਣਿਆਂ ਨਾਲ ਸਜ਼ੇ ਹੋਣ। ਉਸ ਦੇ ਕੋਲ ਕਸ਼ਮੀਰੀ ਲੜਕੀਆਂ ਦੀ ਟੋਲੀ ਹੁੰਦੀ ਸੀ ਜੋ ਸੈਨਿਕਾਂ ਦੇ ਵਸਤਰਾਂ ਵਿੱਚ ਉਹਦੇ ਨਾਲ ਹੀ ਰਸਮੀ ਮੌਕਿਆਂ ’ਤੇ ਉਹਦੇ ਨਾਲ ਘੋੜਿਆਂ ’ਤੇ ਸਵਾਰ ਹੋ ਕੇ ਜਾਂਦੀ।
ਮਹਾਰਾਜਾ ਰਣਜੀਤ ਸਿੰਘ ਦੀ ਸੁੰਦਰਤਾ ਪ੍ਰਤੀ ਪ੍ਰਸ਼ੰਸਾ ਮਨੁੱਖਾਂ ਤੱਕ ਹੀ ਸੀਮਤ ਨਹੀਂ ਸੀ, ਉਹ ਖੁੱਲ੍ਹੇ ਖੇਤਾਂ ਨੂੰ ਪਿਆਰ ਕਰਦਾ ਸੀ ਤੇ ਸਵੇਰ ਵੇਲੇ ਉਹ ਘੋੜੇ ਦੀ ਅਸਵਾਰੀ ਕਰਕੇ ਦਰਿਆ ਜਾਂ ਕਿਸੇ ਬਾਗ ਵੱਲ ਨਿਕਲ ਜਾਂਦਾ। ਜਦੋਂ ਕਦੇ ਕਾਲੇ ਬੱਦਲ ਆਕਾਸ਼ ’ਤੇ ਛਾ ਜਾਣੇ ਜਾਂ ਵਰਖਾ ਸ਼ੁਰੂ ਹੋ ਜਾਣੀ ਤਾਂ ਉਸਨੇ ਸਭ ਕੰਮ ਬੰਦ ਕਰ ਦੇਣੇ ਅਤੇ ਜਸ਼ਨ ਮਨਾਉਣ ਲੱਗ ਜਾਂਦਾ। ਏਕਮ ਦਾ ਚੰਦ ਦੇਖ ਕੇ ਉਹ ਖੁਸ਼ੀ ਵਿੱਚ ਨੱਚਣ ਲੱਗਦਾ ਤੇ ਉਸਦੇ ਚੜ੍ਹਨ ’ਤੇ ਉਹ ਤੋਪ ਦੀ ਸਲਾਮੀ ਦੇਣ ਦਾ ਹੁਕਮ ਦੇ ਦਿੰਦਾ। ਮੁਗਲਾਂ ਦਾ ਬਾਗ ਸ਼ਾਲਾਮਾਰ (ਜਿਸ ਦਾ ਨਾਮ ਉਸ ਨੇ ਨਵੇਂ ਸਿਰਿਓਂ ਸਾਲਾਬਾਗ (ਪ੍ਰੇਮੀਆਂ ਦਾ ਬਾਗ) ਰੱਖਿਆ ਸੀ) ਉਸਦਾ ਮਨਪਸੰਦ ਟਿਕਾਣਾ ਸੀ, ਜਿਥੇ ਉਹ ਚੱਲਦੇ ਫੁਹਾਰਿਆਂ ਵਿੱਚ ਆਰਾਮ ਕਰਦਾ ਅਤੇ ਆਪਣੇ ਮਨਪਸੰਦ ਬੰਸਰੀਵਾਦਕ ਅਤਰ ਖਾਂ ਨੂੰ ਸੁਣਦਾ ਜਾਂ ਨਾਚ ਦੇਖਦਾ।
ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵਿਦਵਾਨਾਂ ਦਾ ਕਦਰਦਾਨ ਸੀ।ਭਾਂਵੇ ਉਹ ਬਾਦਸ਼ਾਹ ਬਣ ਗਿਆ ਸੀ ਪਰ ਫਿਰ ਵੀ ਉਸਦਾ ਆਮ ਲੋਕਾਂ ਨਾਲੋਂ ਸੰਪਰਕ ਨਹੀਂ ਟੁੱਟਿਆ ਸੀ ਤੇ ਨਾ ਹੀ ਉਸਦੀ ਕਿਸਾਨਾਂ ਨਾਲ ਹਮਦਰਦੀ ਘਟੀ ਸੀ, ਜਿਨ੍ਹਾਂ ਵਿਚੋਂ ਉਹ ਪੈਦਾ ਹੋਇਆ ਸੀ। ਉਹ ਸਜ਼ਾ ਦੇਣ ਤੋਂ ਨਫ਼ਰਤ ਕਰਦਾ ਸੀ ਅਤੇ ਉਸਨੇ ਸਾਰੀ ਉਮਰ ਵਿੱਚ ਇੱਕ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨ ਵਾਲਾ ਸੀ। ਉਹ ਕਹਿੰਦਾ ਹੁੰਦਾ ਸੀ ਕਿ “ਪ੍ਰਮਾਤਮਾ ਦੀ ਰਜ਼ਾ ਸੀ ਕਿ ਮੈਂ ਸਭ ਨੂੰ ਇੱਕ ਅੱਖ ਨਾਲ ਵੇਖਾਂ, ਇਹੋ ਕਾਰਨ ਹੈ ਕਿ ਉਸਨੇ ਮੇਰੀ ਦੂਸਰੀ ਅੱਖ ਦੀ ਰੌਸ਼ਨੀ ਖੋਹ ਲਈ”। ਉਸਦਾ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ ਹਿੰਦੂ ਸੀ ਅਤੇ ਵਿਦੇਸ਼ ਮੰਤਰੀ ਫ਼ਕੀਰ-ਉੱਦ-ਦੀਨ ਇੱਕ ਮੁਸਲਮਾਨ ਸੀ। ਉਸਦਾ ਵਿੱਤ ਮੰਤਰੀ ਦੀਨਾ ਨਾਥ ਇੱਕ ਬ੍ਰਾਹਮਣ ਸੀ। ਉਸਨੇ ਗੁਰਦੁਆਰਿਆਂ ਦੇ ਨਾਲ ਮੰਦਰਾਂ ਤੇ ਮਸੀਤਾਂ ਉੱਪ ਕਾਫੀ ਧਨ ਖਰਚਿਆ।
ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰ ਮੇਜਰ ਲਾਰੰਸ ਨੂੰ ਇੱਕ ਖ਼ਤ ਲਿਖਿਆ ਸੀ ਜਿਸ ਵਿੱਚ ਉਸਨੇ ਆਪਣੇ ਬਾਰੇ ਅਤੇ ਆਪਣੀ ਬਾਦਸ਼ਾਹੀ ਬਾਰੇ ਬਹੁਤ ਖ਼ੂਬਸੂਰਤ ਵਰਨਣ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਲਿਖਦੇ ਹਨ ਕਿ “ਮੇਰੀ ਬਾਦਸ਼ਾਹੀ ਇੱਕ ਮਹਾਨ ਬਾਦਸ਼ਾਹੀ ਹੈ, ਪਹਿਲਾਂ ਇਹ ਨਿੱਕੀ ਜਿਹੀ ਸੀ, ਹੁਣ ਇਹ ਵੱਡੀ ਤੇ ਵਿਸ਼ਾਲ ਹੈ, ਪਹਿਲਾਂ ਇਹ ਛਿੰਨ-ਭਿੰਨ, ਟੁੱਟੀ-ਭੱਜੀ ਤੇ ਵੰਡੀ ਵਿਹਾਜੀ ਹੋਈ ਸੀ, ਹੁਣ ਇਹ ਬਿਲਕੁਲ ਸੰਗਠਿਤ ਹੈ। ਇਸ ਨੂੰ ਹੋਰ ਉੱਨਤ ਤੇ ਪ੍ਰਫੂੱਲਤ ਹੋਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਵਿੱਚ ਇਸੇ ਤਰ੍ਹਾਂ ਸੰਪੂਰਨ ਤੇ ਸੰਗਠਿਤ ਰੂਪ ਵਿੱਚ ਮਿਲਣੀ ਚਾਹੀਦੀ ਹੈ। ਤੈਮੂਰ ਦੇ ਸਿਧਾਂਤਾਂ ਤੇ ਨੇਮਾਂ ਨੇ ਮੇਰੀ ਅਗਵਾਈ ਕੀਤੀ ਹੈ, ਜਿਵੇਂ ਉਹ ਐਲਾਨ ਕਰਦਾ ਸੀ ਤੇ ਹੁਕਮ ਦਿੰਦਾ ਸੀ, ਮੈਂ ਵੀ ਉਵੇਂ ਹੀ ਕੀਤਾ ਹੈ। ਮੈਂ ਇਹ ਰਾਜ-ਭਾਗ ਵਾਹਿਗੁਰੂ ਦੀ ਮਿਹਰ ਤੇ ਉਸਦੇ ਬਖਸ਼ੇ ਹੋਏ ਬਲ ਤੇ ਬੁੱਧੀ ਰਾਹੀਂ ਫਤਿਹ ਕੀਤਾ ਹੈ। ਮੈਂ ਆਪਣੀ ਹਕੂਮਤ ਨੂੰ ਉਦਾਰਤਾ, ਜ਼ਬਤ ਤੇ ਨੀਤੀ ਨਾਲ ਬਕਾਇਦਾ ਤੇ ਸੰਗਠਿਤ ਬਣਾਇਆ ਹੈ। ਮੈਂ ਦਲੇਰ ਲੋਕਾਂ ਨੂੰ ਇਨਾਮ ਦਿੱਤੇ ਹਨ, ਯੋਗਤਾ ਨੂੰ ਜਿਥੇ ਤੇ ਜਦੋਂ ਵੀ ਉਹ ਨਜ਼ਰ ਆਈ ਹੈ, ਉਤਸ਼ਾਹਤ ਕੀਤਾ ਹੈ ਅਤੇ ਰਣਭੂਮੀ ਵਿੱਚ ਸੂਰਬੀਰਾਂ ਨੂੰ ਵਡਿਆਇਆ ਹੈ। ਮੈਂ ਸਭ ਖਤਰਿਆਂ ਤੇ ਥਕੇਵਿਆਂ ਵਿੱਚ ਆਪਣੀ ਫੌਜ ਦੇ ਅੰਗ-ਸੰਗ ਰਿਹਾ ਹਾਂ। ਮੈਂ ਪੱਖਪਾਤੀ ਰੁਚੀ ਨੂੰ ਨਾ ਮੰਤਰੀ ਮੰਡਲ ਵਿੱਚ ਤੇ ਨਾ ਹੀ ਕਦੇ ਰਣਭੂਮੀ ਵਿੱਚ ਆਪਣੇ ਹਿਰਦੇ ਅੰਦਰ ਦਾਖਲ ਹੋਣ ਦਿੱਤਾ ਹੈ। ਮੈਂ ਆਪਣੀ ਸੁੱਖ-ਸੁਵਿਧਾ ਵਲੋਂ ਸਦਾ ਬੇਧਿਆਨਾ ਰਿਹਾ ਹਾਂ ਤੇ ਸ਼ਹਿਨਸ਼ਾਹੀ ਖਿੱਲਅਤ ਪਹਿਨਣ ਦੇ ਨਾਲ-ਨਾਲ ਮੈਂ ਲੋਕਾਂ ਲਈ ਚਿੰਤਾ ਤੇ ਖਬਰਦਾਰੀ ਦਾ ਵੇਸ ਹੁਸ਼ਿਆਰੀ ਨਾਲ ਪਹਿਨਿਆ ਹੈ। ਮੈਂ ਫਕੀਰਾਂ ਤੇ ਧਰਮੀ ਪੁਰਸ਼ਾਂ ਦੀ ਸੇਵਾ ਕਰਦਾ ਰਿਹਾ ਹਾਂ ਅਤੇ ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰਦਾ ਰਿਹਾ ਹਾਂ। ਮੈਂ ਦੋਸ਼ੀਆਂ ਨੂੰ ਵੀ ਨਿਰਦੋਸ਼ਾਂ ਵਾਂਗ ਹੀ ਬਖਸ਼ ਦਿੰਦਾ ਰਿਹਾ ਹਾਂ ਅਤੇ ਜਿਹੜੇ ਬੰਦਿਆਂ ਨੇ ਮੇਰੀ ਜ਼ਾਤ ਵਿਰੁੱਧ ਵੀ ਹੱਥ ਉਠਾਇਆ ਹੈ, ਉਨ੍ਹਾਂ ਉੱਪਰ ਵੀ ਮੈਂ ਦਇਆ ਕੀਤੀ ਹੈ। ਸ੍ਰੀ ਅਕਾਲ ਪੁਰਖ ਜੀ ਆਪਣੇ ਸੇਵਕ ਉਤੇ ਇਸੇ ਲਈ ਦਿਆਲੂ ਰਹੇ ਹਨ ਤੇ ਉਸਦੀ ਰਾਜ ਸ਼ਕਤੀ ਵਿੱਚ ਵਾਧਾ ਕਰਦੇ ਰਹੇ ਹਨ। ਇਥੋਂ ਤੱਕ ਕਿ ਉਸ ਦੇ ਰਾਜ ਦਾ ਵਿਸਤਾਰ ਹੁਣ ਚੀਨ ਤੇ ਅਫ਼ਗਾਨਿਸਤਾਨ ਦੀਆਂ ਸਰਹੱਦਾਂ ਤੱਕ ਹੋ ਗਿਆ ਹੈ ਤੇ ਇਸ ਵਿੱਚ ਸਤਲੁਜੋਂ ਪਾਰ ਦੀਆਂ ਉਪਜਾਊ ਬਸਤੀਆਂ ਵੀ ਸ਼ਾਮਿਲ ਹਨ”।
27 ਜੂਨ 1839 ਦੀ ਸ਼ਾਮ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਾਲ ਸਿੱਖ ਰਾਜ ਦਾ ਸੂਰਜ ਵੀ ਡੁੱਬ ਗਿਆ। ਭਾਂਵੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਫਾਨੀ ਜਹਾਨ ਤੋਂ ਰੁਖਸਤ ਹੋਇਆਂ ਪੌਣੇ ਦੋ ਸਦੀਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪੰਜਾਬੀਆਂ ਦੇ ਦਿਲਾਂ `ਤੇ ਅਜੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੈ।
-
ਇੰਦਰਜੀਤ ਸਿੰਘ ਹਰਪੁਰਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ
isbajwapro@gmail.com
98155-77574
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.