ਜ਼ਮੀਨੀ ਵਿਵਾਦ ਦਾ ਮਾਮਲਾ: 350 ਫੁੱਟ ਉੱਚੇ ਟਾਵਰ 'ਤੇ ਚੜ੍ਹਿਆ ਕਿਸਾਨ
ਕਮਲਜੀਤ ਸੰਧੂ
ਬਰਨਾਲਾ, 27 ਜੁਲਾਈ 2024 - ਜ਼ਮੀਨੀ ਵਿਵਾਦ ਕਾਰਨ ਬਰਨਾਲਾ ਦੇ ਪਿੰਡ ਰਾਏਸਰ ਦਾ ਕਿਸਾਨ ਵਜ਼ੀਰ ਸਿੰਘ ਉਰਫ਼ ਅੰਗਰੇਜ਼ ਸਿੰਘ ਪਿੰਡ ਦੇ ਹੀ 350 ਫੁੱਟ ਉੱਚੇ ਟਾਵਰ 'ਤੇ ਚੜ੍ਹ ਗਿਆ। ਪਿੰਡ ਵਾਸੀਆਂ ਦੇ ਕਾਫੀ ਸਮਝਾਉਣ ਤੋਂ ਬਾਅਦ ਕਿਸਾਨ ਨੂੰ ਬੜੀ ਮੁਸ਼ਕਲ ਨਾਲ ਟਾਵਰ ਤੋਂ ਹੇਠਾਂ ਉਤਾਰਿਆ ਗਿਆ। ਪੀੜਤ ਕਿਸਾਨ ਅੰਗਰੇਜ਼ ਸਿੰਘ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਦੱਸਿਆ ਕਿ ਉਸ ਨੇ ਆਪਣੀ ਪਤਨੀ ਦੇ ਨਾਂ ’ਤੇ ਜ਼ਮੀਨ ਦਾ ਕੁਝ ਹਿੱਸਾ ਆਪਣੇ ਸਹੁਰਿਆਂ ਤੋਂ ਕਰਵਾ ਲਿਆ ਸੀ, ਜਿਸ ਦੀ ਰਜਿਸਟਰੀ ਵੀ ਉਸ ਦੇ ਨਾਂ ’ਤੇ ਹੈ ਪਰ ਲੋਕ ਦੂਸਰੀ ਧਿਰ ਵੱਲੋਂ ਉਸ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ 'ਤੇ ਦੂਜੇ ਪੱਖ ਨੇ ਕਈ ਕੇਸ ਵੀ ਦਰਜ ਕਰਵਾਏ ਹਨ, ਜਿਸ ਕਾਰਨ ਅੱਜ ਉਸ ਨੂੰ ਟਾਵਰ 'ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ।
ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਕਿਸਾਨ ਅੰਗਰੇਜ਼ ਸਿੰਘ ਦਾ ਆਪਣੇ ਸਹੁਰੇ ਦੀ ਕੁਝ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ, ਪੁਲਿਸ ਜਾਂਚ ਕਰ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।