ਗੱਦੇ ਤਿਆਰ ਕਰਨ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਝੁਲਸਣ ਨਾਲ ਮੌਤ
ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ 2024: ਸਬਠਿੰਡਾ ਡੱਬਵਾਲੀ ਰੋਡ 'ਤੇ ਪੈਂਦੇ ਪਿੰਡ ਗਹਿਰੀ ਬੁੱਟਰ ਅਤੇ ਸੈਣੇਵਾਲਾ ਦੇ ਵਿਚਕਾਰ ਸਥਿਤ ਇੱਕ ਫੋਮ ਫੈਕਟਰੀ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੇ ਜਿੰਦਾ ਸੜ ਜਾਣ ਦਾ ਦੁਖਦਾਇਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਦੀਆਂ ਲਪਟਾਂ ਇਨੀਆਂ ਤੇਜ਼ ਸਨ ਕਿ ਇਹਨਾਂ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ ਜਿਸ ਦੀ ਸਿੱਟੇ ਵਜੋਂ ਉਹ ਅੰਦਰ ਹੀ ਦਮ ਤੋੜ ਗਏ।
ਅੱਗ ਇਨੀਂ ਭਿਆਨਕ ਸੀ ਜਿਸ ਤੇ ਕਾਬੂ ਪਾਉਣ ਲਈ ਫਾਇਰਕ ਬ੍ਰਿਗੇਡ ਬਠਿੰਡਾ ਦੇ ਛੱਕੇ ਛੁੱਟ ਗਏ। ਸਥਿਤੀ ਹੱਥੋਂ ਤਿਲਕ ਦੀ ਦੇਖਦਿਆਂ ਬਠਿੰਡਾ ਪ੍ਰਸ਼ਾਸਨ ਨੂੰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਅਤੇ ਹਰਿਆਣਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ।
ਅੱਗ ਲੱਗਣ ਕਾਰਨ ਜਿੱਥੇ ਭਾਰੀ ਜਾਨੀ ਨੁਕਸਾਨ ਹੋਇਆ ਉਥੇ ਹੀ ਕਰੋੜਾਂ ਦਾ ਆਰਥਿਕ ਨੁਕਸਾਨ ਹੋਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਇੱਕ ਚਸ਼ਮਦੀਦ ਨੇ ਦੱਸਿਆ ਕਿ ਮੌਕੇ ਤੇ 25 ਤੋਂ 30 ਗੱਡੀਆਂ ਅੱਗ ਬੁਝਾਉਣ ਦੇ ਕਾਰਜ ਵਿੱਚ ਲੱਗੀਆਂ ਹੋਈਆਂ ਸਨ ਜਿਨ੍ਹਾਂ ਨੇ ਮਸਾ ਦਿਨ ਚੜ੍ਹਦੇ ਤੱਕ ਅੱਗ ਦੀਆਂ ਲਪਟਾਂ ਤੇ ਕਾਬੂ ਪਾਇਆ। ਘਟਨਾ ਦਾ ਪਤਾ ਲੱਗਦਿਆ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਅੱਗ ਬੁਝਾਊ ਕਾਰਜਾਂ ਦਾ ਜਾਇਜ਼ ਲਿਆ। ਜਦੋਂ ਫੈਕਟਰੀ ਵਿੱਚ ਅੱਗ ਲੱਗੀ ਤਾਂ ਉਸ ਸਮੇਂ ਪੰਜ ਮਜ਼ਦੂਰ ਕੰਮ ਕਰ ਰਹੇ ਸਨ ਜਿਨਾਂ ਦੇ ਵਿੱਚੋਂ ਤਿੰਨਾਂ ਦੀ ਮੌਤ ਹੋਈ ਹੈ । ਮਿਰਤਕਾਂ ਦੀ ਪਛਾਣ ਲਖਵੀਰ ਸਿੰਘ, ਨਿੰਦਰ ਸਿੰਘ ਅਤੇ ਵਿਜੇ ਦੇ ਤੌਰ 'ਤੇ ਹੋਈ ਹੈ।
ਐਡੀਸ਼ਨਲ ਡਿਪਟੀ ਕਮਿਸ਼ਨਰ ਬਠਿੰਡਾ ਨਰਿੰਦਰ ਸਿੰਘ ਧਾਲੀਵਾਲ ਨੇ ਤਿੰਨ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲਾਸ਼ਾਂ ਨੂੰ ਬਠਿੰਡਾ ਦੇ ਸਿਵਿਲ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਸੂਚਨਾ ਮੁਤਾਬਕ ਇਹ ਘਟਨਾ ਗੈਸ ਦਾ ਬਲਾਸਟ ਹੋਣ ਕਾਰਨ ਵਾਪਰੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਇੱਥੇ ਫੋਮ ਵਗੈਰਾ ਦੇ ਵਿੱਚ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਫੈਕਟਰੀ ਦਾ ਨਾਮ ਹੈਰੀਟੇਜ ਫੋਮ ਦੱਸਿਆ ਗਿਆ ਹੈ ਜਿਸਦੇ ਮਾਲਕ ਵੀ ਮੌਕੇ ਤੇ ਹੀ ਪੁੱਜ ਗਏ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਫੈਕਟਰੀ ਮਾਲਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਥਾਣਾ ਸੰਗਤ ਮੁੱਖ ਥਾਣਾ ਅਫਸਰ ਇੰਸਪੈਕਟਰ ਪਰਮਪਾਰਸ ਸਿੰਘ ਚਾਹਲ ਦਾ ਕਹਿਣਾ ਸੀ ਕਿ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।