ਇਮੀਗ੍ਰੇਸ਼ਨ ਨਿਊਜ਼ੀਲੈਂਡ: ਸੱਦਾ ਪਾੜ੍ਹਿਆਂ ਨੂੰ
ਸਮੇਂ ਸਿਰ ‘ਸਟੂਡੈਂਟ ਵੀਜ਼ਾ’ ਅਪਲਾਈ ਕਰੋ ਤਾਂ ਕਿ ਚੜ੍ਹਦੇ ਸਾਲ ਪੜ੍ਹਾਈ ਸ਼ੁਰੂ ਹੋ ਸਕੇ-ਇਮੀਗ੍ਰੇਸ਼ਨ
-ਇੰਡੀਆ ਅਤੇ ਚੀਨ ਆਲੇ ਆਉਣ ਨੂੰ ਮੂਹਰੇ ਪਰ ਅਪਲਾਈ ਕਰਨ ’ਚ ਫਾਡੀ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 18 ਸਤੰਬਰ, 2024:-ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਨਿਊਜ਼ੀਲੈਂਡ ਪੜ੍ਹਨ ਆਉਣ ਵਾਲੇ ਵਿਦੇਸ਼ੀ ਪਾੜ੍ਹਿਆਂ (ਵੱਖ-ਵੱਖ ਅੰਤਰਰਾਸ਼ਟਰੀ ਵਿਦਿਆਰਥੀਆਂ) ਨੂੰ ਸਲਾਹ ਦਿੱਤੀ ਹੈ ਕਿ:-
‘‘ਸਮੇਂ ਸਿਰ ਆਪਣੇ ਵੀਜ਼ੇ ਅਪਲਾਈ ਕਰੋ ਤਾਂ ਕਿ ਅਗਲੇ ਸਾਲ ਸ਼ੁਰੂ ਹੋਣ ਵਾਲੀਆਂ ਸਕੂਲਾਂ ਕਾਲਜਾਂ ਦੀਆਂ ਕਲਾਸਾਂ ਦੇ ਵਿਚ ਤੁਹਾਡੀ ਪੜ੍ਹਾਈ ਸ਼ੁਰੂ ਹੋ ਸਕੇ। ਵਿਦਿਆਰਥੀਆਂ ਨੂੰ ਜਲਦੀ ਵੀਜ਼ਾ ਦੇਣਾ ਸਾਡੀ ਮੁਖ ਪਹਿਲ ਰਹਿੰਦੀ ਹੈ ਪਰ ਅਰਜ਼ੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਸਮਾਂ ਚਾਹੀਦਾ ਹੈ। ਗਰਮੀਆਂ ਦੇ ਮੌਸਮ ਵਿਚ ਇਮੀਗ੍ਰੇਸ਼ਨ ਕੋਲ ਜ਼ਿਆਦਾ ਅਰਜ਼ੀਆਂ ਪਹੁੰਚਦੀਆਂ ਹਨ, ਜਿਸ ਕਰਕੇ ਵੱਧ ਸਮਾਂ ਵੀ ਲਗਦਾ ਹੈ। 2025 ਸਾਲ ਦੌਰਾਨ ਇਥੇ ਪੜ੍ਹਨ ਆਉਣ ਵਾਲਿਆਂ ਦੇ ਲਈ ਇਹ ਵਧੀਆ ਸਮਾਂ ਹੈ, ਵੀਜ਼ਾ ਅਪਲਾਈ ਕਰਨ ਵਾਸਤੇ। 2023 ਦੇ ਵਿਚ ਵਿਦਿਆਰਥੀਆਂ ਨੂੰ ਕਲਾਸਾਂ ਸ਼ੁਰੂ ਹੋਣ ਤੋਂ ਲਗਪਗ 4 ਮਹੀਨੇ ਪਹਿਲਾਂ ਵੀਜ਼ਾ ਅਪਲਾਈ ਕਰਨ ਵਾਸਤੇ ਸਲਾਹ ਦਿੱਤੀ ਗਈ ਸੀ। ਪਰ ਇਸਦੇ ਬਾਵਜੂਦ ਇੰਡੀਆ ਅਤੇ ਚੀਨ ਤੋਂ ਆਉਣ ਵਾਲੀਆਂ ਅਰਜ਼ੀਆਂ ਦੇ ਵਿਚ 40% ਉਹ ਸਨ ਜੋ ਡੇਢ ਕੁ ਮਹੀਨਾ (6 ਹਫਤੇ) ਪਹਿਲਾਂ ਦਾਖਲ ਕੀਤੀਆਂ ਗਈਆਂ। ਇੱਥੋਂ ਤੱਕ 6% ਉਹ ਅਰਜ਼ੀਆਂ ਵੀ ਸਨ ਜੋ ਕਿ ਇਕ ਹਫਤਾ ਪਹਿਲਾਂ ਹੀ ਭਰੀਆਂ ਗਈਆਂ। ਸੋ ਲੇਟ ਅਰਜ਼ੀਆਂ ਦਾ ਮਤਲਬ ਵੀਜ਼ੇ ਨਾ ਮਿਲਣਾ ਵੀ ਹੋ ਸਕਦਾ ਹੈ। ਘੱਟੋ-ਘੱਟ ਇਥੇ ਪਹੁੰਚਣ ਦੀ ਤਰੀਕ ਤੋਂ ਤਿੰਨ ਮਹੀਨੇ ਪਹਿਲਾਂ ਅਰਜ਼ੀਆਂ ਭਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਾਰੇ ਕਾਗਜ਼ ਅਤੇ ਪੈਸਿਆਂ ਵਾਲੇ ਖਾਤੇ (ਫੰਡ) ਦਰੁਸਤ ਹੋਣੇ ਚਾਹੀਦੇ ਹਨ।’’
ਵਰਨਣਯੋਗ ਹੈ ਕਿ ਤਕਨੀਕੀ ਕੋਰਸਾਂ ਲਈ ਵੀਜ਼ਾ ਉਡੀਕ ਸਮਾਂ 7 ਹਫਤੇ, ਪੀ.ਟੀ.ਈ. ਲਈ 6 ਹਫਤੇ, ਯੂਨੀਵਰਸਿਟੀਜ਼ ਲਈ 5 ਹਫਤੇ ਅਤੇ ਸਕੂਲਾਂ ਲਈ 4 ਹਫਤੇ ਦਾ ਸਮਾਂ ਚੱਲ ਰਿਹਾ ਹੈ। ਭਾਰਤੀ ਅਤੇ ਚੀਨ ਵਾਲੇ ਭਾਵੇਂ ਇਥੇ ਆਉਣ ਨੂੰ ਸਭ ਤੋਂ ਮੋਹਰੀ ਹਨ, ਪਰ ਅਰਜ਼ੀਆਂ ਭਰਨ ਵੇਲੇ ਫਾਡੀ ਰਹਿ ਜਾਂਦੇ ਹਨ।