ਪਰਾਲੀ ਸਾੜਨ ਦੇ ਜ਼ੀਰੋ ਮਾਮਲਿਆਂ ਦੇ ਟੀਚੇ ਨੂੰ ਹਾਸਲ ਕਰਨ ਲਈ DC ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ
ਹਰ ਪਿੰਡ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਸਮੱਸਿਆਵਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ
ਮੋਰਿੰਡਾ, 11 ਸਤੰਬਰ: ਪਰਾਲੀ ਸਾੜਨ ਦੇ ਜੀਰੋ ਟੀਚੇ ਨੂੰ ਹਾਸਿਲ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸ ਐਸ ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਪਿੰਡ ਸਮਰੌਲੀ, ਕਾਈਨੋਰ, ਬੜਾ ਸਮਾਣਾ, ਅਮਰਾਲੀ, ਚਲਾਕੀ ਅਤੇ ਡੂੰਮਛੇੜੀ ਬਲਾਕ ਮੋਰਿੰਡਾ ਵਿਖੇ ਕਿਸਾਨਾਂ ਨਾਲ ਖਾਦਾਂ, ਬੀਜ, ਸਬਸਿਡੀ ਵਾਲੀ ਖੇਤੀਬਾੜੀ ਮਸ਼ੀਨਾਂ ਤੇ ਪਰਾਲੀ ਨੂੰ ਨਾ ਸਾੜਨ ਸਮੇਤ ਹੋਰ ਮੁਸ਼ਕਿਲਾਂ ਬਾਰੇ ਚਰਚਾ ਕੀਤੀ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਪੰਕਜ ਸਿੰਘ ਵੀ ਹਾਜ਼ਰ ਰਹੇ।
ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਵਿਸਥਾਰਪੂਵਕ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਇਹ ਸਰਫ਼ੇਸ ਸੀਡਿੰਗ ਤਕਨੀਕ ਹੀ ਅਜਿਹੀ ਤਕਨੀਕ ਹੈ, ਜਿਸ ਨਾਲ ਕਣਕ ਦੀ ਬਿਜਾਈ, ਝੋਨੇ ਦੀ ਕਟਾਈ ਉਪਰੰਤ ਬਿਨਾਂ ਪਰਾਲੀ ਨੂੰ ਅੱਗ ਲਗਾਇਆਂ, ਬਿਨਾਂ ਦੇਰੀ ਕੀਤਿਆਂ, ਘੱਟ ਖਰਚ ਕਰਕੇ ਅਤੇ ਬਗੈਰ ਵੱਡੀ ਮਸ਼ੀਨਰੀ ਦੀ ਵਰਤੋਂ ਕੀਤਿਆਂ ਕੀਤੀ ਜਾ ਸਕਦੀ ਹੈ ਤਾਂ ਜੋ ਕਿਸਾਨ ਝੋਨੇ ਦੀ ਕਟਾਈ ਉਪਰੰਤ ਕਾਹਲੀ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਤਕਨੀਕ ਦੀ ਵਰਤੋਂ ਕਰਦਿਆ ਕਣਕ ਦੀ ਬਿਜਾਈ ਪਰਾਲੀ ਨੂੰ ਅੱਗ ਲਗਾਏ ਬਗੈਰ ਸਮੇਂ ਸਿਰ ਕਰ ਸਕਣ।
ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਕਈ ਸਾਲਾਂ ਦੀ ਜਾਂਚ ਤੋਂ ਬਾਅਦ ਅਨੇਕਾਂ ਸੁਧਾਰ ਕਰਕੇ ਜ਼ੀਰੋ ਟਿੱਲ ਡਰਿਲ, ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਸਰਫ਼ੇਸ ਸੀਡਰ ਨਾਂ ਦੀਆਂ ਮਸ਼ੀਨਾਂ ਵਿਕਸਿਤ ਕੀਤੀਆਂ ਗਈਆਂ ਹਨ ਜਿਸ ਨਾਲ ਝੋਨੇ ਦੀ ਕਟਾਈ (ਸੁਪਰ ਐਸ.ਐਮ.ਐਸ ਲੱਗੀ ਕੰਬਾਈਨ) ਤੋਂ ਬਾਅਦ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੂਪਨਗਰ ਜਿਲ੍ਹੇ ਲਈ 10 ਬੇਲਰ ਹੋਰ ਖ੍ਰੀਦਣ ਦੀ ਕਾਰਵਾਈ ਆਰੰਭੀ ਗਈ ਹੈ ਤਾਂ ਜੋ ਮਸ਼ੀਨ ਦੀ ਘਾਟ ਕਾਰਨ ਕਈ ਥਾਵਾਂ ਉਤੇ ਮੁਸ਼ਕਿਲ ਆਉਂਦੀ ਹੈ ਉਥੇ ਪਰਾਲੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਂਦੀਆਂ ਹਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਰੀ ਦੀ ਤਕਨੀਕ ਅਤੇ ਇਸ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਵੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਹੋਰ ਵੀ ਸਹੂਲਤਾਂ ਦਿਤੀਆਂ ਜਾਣਗੀਆਂ ਅਤੇ ਪਰਾਲੀ ਨੂੰ ਲੈ ਕੇ ਆਈਆਂ ਦਿੱਕਤਾਂ ਨੂੰ ਦੂਰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਵਲੋਂ ਪਿੰਡਾਂ ਦੇ ਪਾਣੀ ਦੇ ਨਿਕਾਸ, ਟੋਭਿਆਂ, ਸੜਕਾਂ, ਸ਼ਾਮਲਾਟਾਂ ਅਤੇ ਹੋਰ ਵੱਖ-ਵੱਖ ਸਮਸਿਆਵਾਂ ਨੂੰ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਇਸ ਤੇ ਜਲਦ ਹੱਲ ਕਰਨ ਦੇ ਆਦੇਸ਼ ਦਿੱਤੇ।