ਸਾਬਕਾ ਆਈ ਏ ਐਸ ਦੇ ਘਰ ਈ ਡੀ ਛਾਪੇਮਾਰੀ, 12 ਕਰੋੜ ਰੁਪਏ ਦੇ ਹੀਰੇ, 7 ਕਰੋੜ ਦਾ ਸੋਨਾ ਤੇ 1 ਕਰੋੜ ਨਗਦੀ ਬਰਾਮਦ
ਹਰਸ਼ਬਾਬ ਸਿੱਧੂ
ਚੰਡੀਗੜ੍ਹ, 19 ਸਤੰਬਰ, 2024: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਲੋਟਸ 300 ਪ੍ਰਾਜੈਕਟਸ ’ਤੇ ਵੱਡੀ ਕਾਰਵਾਈ ਕੀਤੀ ਹੈ। ਅੱਜ ਦੇਸ਼ ਭਰ ਵਿਚ ਅਨੇਕਾਂ ਠਿਕਾਣਿਆਂ ’ਤੇ ਈ ਡੀ ਦੀ ਛਾਪੇਮਾਰੀ ਹੋਈ ਜਿਹਨਾਂ ਵਿਚ ਦਿੱਲੀ, ਮੇਰਠ, ਨੋਇਡਾ ਤੇ ਚੰਡੀਗੜ੍ਹ ਸ਼ਾਮਲ ਹਨ।
ਚੰਡੀਗੜ੍ਹ ਵਿਚ ਸਾਬਕਾ ਆਈ ਏ ਐਸ ਤੇ ਨੋਇਡਾ ਅਥਾਰਟੀ ਦੇ ਸਾਬਕਾ ਸੀ ਈ ਓ ਰਹੇ ਮਹਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਇਥੋਂ 12 ਕਰੋੜ ਰੁਪਏ ਦੇ ਹੀਰੇ, 7 ਕਰੋੜ ਰੁਪਏ ਦਾ ਸੋਨਾ ਤੇ 1 ਕਰੋੜ ਰੁਪਏ ਕੈਸ਼ ਬਰਾਮਦ ਕੀਤਾ ਗਿਆ।
ਈ ਡੀ ਦੇ ਸੂਤਰਾਂ ਮੁਤਾਬਕ 300 ਕਰੋੜ ਰੁਪਏ ਦਾ ਇਹ ਘੁਟਾਲਾ ਸੀ ਜਿਸ ਵਿਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਵਿਚ ਜਲਦੀ ਹੀ ਸਾਬਕਾ ਆਈ ਏ ਐਸ ਨੂੰ ਤਲਬ ਕੀਤਾ ਜਾ ਸਕਦਾ ਹੈ।
ਅੱਜ ਦੀ ਛਾਪੇਮਾਰੀ ਦੌਰਾਨ ਸਾਬਕਾ ਆਈ ਏ ਐਸ ਦੇ ਘਰੋਂ 5 ਕਰੋੜ ਰੁਪਏ ਦਾ ਇਕ ਹੀਰਾ ਵੀ ਬਰਾਮਦ ਹੋਇਆ ਹੈ।
ਇਸ ਮਾਮਲੇ ਵਿਚ ਮੇਰਠ ਦੇ ਵੱਡੇ ਐਕਸਪੋਰਟਰ ਅਤੇ ਬਿਲਡਰ ਆਦਿਤਯ ਗੁਪਤਾ ਦੇ ਠਿਕਾਣਿਆਂ ’ਤੇ ਛਾਪੇਮਾਰੀ ਦੌਰਾਨ 5 ਕਰੋੜ ਰੁਪਏ ਤੋਂ ਵੱਧ ਦੇ ਹੀਰੇ ਤੇ ਗਹਿਣੇ ਬਰਾਮਦ ਕੀਤੇ ਗਏ ਹਨ।