ਪੁਲਸ ਅਧਿਕਾਰੀਆ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਗਰ ਕੀਰਤਨ ਦੌਰਾਨ ਸਰੁੱਖਿਆ ਪ੍ਰਬੰਧਾਂ ਲਈ ਕੀਤੀ ਗਈ ਮੀਟਿੰਗ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 8 ਸਤੰਬਰ 2024 ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਸ਼ੁਭ ਵਿਆਹ ਪੁਰਬ ਦੀ ਯਾਦ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਸਾਹਿਬ ਤੱਕ 9 ਸਤੰਬਰ ਦੀ ਸਵੇਰ 6 ਵਜੇ ਸਜਾਏ ਜਾ ਰਹੇ ਸਲਾਨਾ ਨਗਰ ਕੀਰਤਨ ਦੌਰਾਨ ਸਰੁੱਖਿਆ ਦੇ ਪ੍ਰਬੰਧਾਂ ਲਈ ਅਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਜਿਲਾ ਕਪੂਰਥਲਾ ਦੇ ਐਸ.ਪੀ. ਹੈੱਡਕੁਆਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਬਖਸ਼ ਸਿੰਘ ਬੱਚੀਵਿੰਡ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ । ਜਿਸ ਵਿਚ ਸੀ.ਆਈ.ਏ. ਸਟਾਫ ਕਪੂਰਥਲਾ ਦੇ ਡੀ.ਐਸ.ਪੀ. ਡੀ ਗੁਰਮੀਤ ਸਿੰਘ ਸਿੱਧੂ , ਡੀ.ਐਸ.ਪੀ. ਸੁਲਤਾਨਪੁਰ ਲੋਧੀ ਵਿਪਨ ਕੁਮਾਰ , ਡੀ.ਐਸ.ਪੀ. ਸ਼ਪੈਸ਼ਲ ਬ੍ਰਾਂਚ ਕਪੂਰਥਲਾ ਜਸਵੀਰ ਸਿੰਘ ,ਇੰਸਪੈਕਟਰ ਹਰਗੁਰਦੇਵ ਸਿੰਘ ਐਸ.ਐਚ.ਓ. ਸੁਲਤਾਨਪੁਰ ਲੋਧੀ ਨੇ ਸ਼ਿਰਕਤ ਕੀਤੀ ।
ਇਸ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ ਬਲਦੇਵ ਸਿੰਘ ਕਲਿਆਣ ਤੇ ਮੈਨੇਜਰ ਬੇਰ ਸਾਹਿਬ ਭਾਈ ਗੁਰਬਖਸ਼ ਸਿੰਘ ਬੱਚੀਵਿੰਡ , ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 8 ਸਤੰਬਰ ਦੀ ਸ਼ਾਮ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ ਤੇ ਇਸ ਸਮੇ ਬਟਾਲਾ ਸਾਹਿਬ ਤੋਂ ਆਈਆਂ ਸੰਗਤਾਂ ਦਾ ਸਵਾਗਤ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ 9 ਸਤੰਬਰ ਦੀ ਸਵੇਰੇ 5 ਵਜੇ ਨਗਰ ਕੀਰਤਨ ਰਵਾਨਾ ਕਰਨ ਲਈ ਦਰਬਾਰ ਸਾਹਿਬ ਗੁਰਦੁਆਰਾ ਬੇਰ ਸਾਹਿਬ ਅੰਦਰ ਅਰਦਾਸ ਹੋਵੇਗੀ ਤੇ ਪੰਜ ਪਿਆਰੇ,ਪੰਜ ਦੁਲਾਰੇ ਸਾਹਿਬਾਨ ਦਾ ਸਨਮਾਨ ਕੀਤਾ ਜਾਵੇਗਾ ਤੇ ਉਪਰੰਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਵਿਚ ਸ਼ਸ਼ੋਬਿਤ ਕਰਕੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿਚ ਨਗਰ ਕੀਰਤਨ ਸਵੇਰੇ 6 ਵਜੇ ਜੈਕਾਰੇ ਗੂੰਜਾ ਕੇ ਬਟਾਲਾ ਸਾਹਿਬ ਲਈ ਰਵਾਨਾ ਹੋਵੇਗਾ ।ਇਸ ਸਮੇ ਵੱਡੀ ਗਿਣਤੀ ਵਿਚ ਸੰਗਤਾਂ ਪੁੱਜ ਰਹੀਆਂ ਹਨ ਤੇ ਨਗਰ ਕੀਰਤਨ ਦੇ ਰਸਤੇ ਵਿਚ ਵੀ ਥਾਂ ਥਾਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ । ਇਸ ਸਮੇ ਮੈਨੇਜਰ ਗੁਰਬਖਸ਼ ਸਿੰਘ ਤੇ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਪੁਲਸ ਅਧਿਕਾਰੀਆਂ ਨੂੰ ਸੰਗਤਾਂ ਦੀ ਸਰੁੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨ ਲਈ ਅਪੀਲ ਕੀਤੀ ਤੇ ਇਹ ਵੀ ਕਿਹਾ ਕਿ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਕਰਨ ਵਾਲਿਆਂ ਖਿਲਾਫ਼ ਸਖਤੀ ਕੀਤੀ ਜਾਵੇ ।ਮੀਟਿੰਗ ਵਿਚ ਸੰਗਤਾਂ ਨੂੰ ਵੀ ਇਹ ਖਾਸ ਅਪੀਲ ਕੀਤੀ ਗਈ ਕਿ ਕੋਈ ਵੀ ਵਿਅਕਤੀ ਟਰੈਕਟਰਾਂ ਤੇ ਡੀ.ਜੇ. ਵਗੈਰਾ ਲਗਾ ਕੇ ਜਾਂ ਉੱਚੀ ਸਾਊਡ ਵਾਲਾ ਸਿਸਟਮ ਲਗਾ ਕੇ ਨਾ ਆਵੇ ਤੇ ਇਹ ਵੀ ਅਪੀਲ ਕੀਤੀ ਕਿ ਮੋਟਰ ਸਾਈਕਲ ਨਗਰ ਕੀਰਤਨ ਦੇ ਅੱਗੇ ਲਿਜਾਣ ਦੀ ਸਖਤ ਮਨਾਹੀ ਹੋਵੇਗੀ । ਮੈਂਬਰ ਜਥੇ ਕਲਿਆਣ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਰੁੱਖਿਆ ਲਈ ਜਿੱਥੇ ਟਾਸਕ ਫੋਰਸ ਦਾ ਪ੍ਰਬੰਧ ਹੋਵੇਗਾ , ਉੱਥੇ ਪਾਲਕੀ ਸਾਹਿਬ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ 8 ਕਰਮਚਾਰੀ ਤਾਇਨਾਤ ਕੀਤੇ ਜਾਣਗੇ ।ਇਸਤੋਂ ਇਲਾਵਾ ਵੱਖ ਵੱਖ ਧਾਰਮਿਕ ਜਥੇਬੰਦੀਆਂ ਵੱਲੋ ਵੀ ਵੱਖ ਵੱਖ ਸੇਵਾਵਾਂ ਨਿਭਾਈਆਂ ਜਾਣਗੀਆਂ ।
ਇਸ ਸਮੇ ਮੀਟਿੰਗ ਦੌਰਾਨ ਐਸ.ਪੀ. ਹੈੱਡਕੁਆਟਰ ਜਿਲਾ ਕਪੂਰਥਲਾ ਗੁਰਪ੍ਰੀਤ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਡੀ.ਐਸ.ਪੀ ਤੇ ਐਸ.ਐਚ.ਓ. ਨੂੰ ਆਦੇਸ਼ ਦਿੱਤੇ ਕਿ ਨਗਰ ਕੀਰਤਨ ਦੌਰਾਨ ਪੂਰੇ ਪ੍ਰਬੰਧਾਂ ਦੀ ਖੁਦ ਦੇਖ ਰੇਖ ਕਰਨ । ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਸਮਾਗਮ ਤੇ ਨਗਰ ਕੀਰਤਨ ਦੌਰਾਨ ਪੁਲਸ ਵੱਲੋਂ ਸਰੁੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਤੇ ਵੱਖ ਵੱਖ ਥਾਣਿਆਂ ਦੀ ਪੁਲਸ ਫੋਰਸ ਬੁਲਾ ਕੇ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ । ਉਨ੍ਹਾਂ ਹੁੱਲੜਬਾਜਾਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਨਗਰ ਕੀਰਤਨ ਦੌਰਾਨ ਮੋਟਰ ਸਾਈਕਲਾਂ ਤੇ ਪਟਾਕੇ ਮਾਰਨ ਵਾਲੇ ਤੇ ਸਾਇਲੈਸਰ ਬਦਲ ਕੇ ਭਿਆਨਕ ਆਵਾਜ਼ਾਂ ਕੱਢਣ ਵਾਲੇ ਸ਼ਰਾਰਤੀ ਅਨਸਰਾਂ ਤੇ ਟਰੈਕਟਰਾਂ ਤੇ ਡੀ.ਜੇ. ਲਗਾ ਕੇ ਉੱਚੀ ਆਵਾਜ ਵਿਚ ਸੰਗਤਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਹੁੱਲੜਬਾਜਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸਮੂਹ ਪੁਲਸ ਕਰਮਚਾਰੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਸਮਝ ਕੇ ਆਪਣੀ ਡਿਊਟੀ ਕਰਨਗੇ ।
ਇਸ ਸਮੇ ਡੀ.ਐਸ.ਪੀ. ਕਪੂਰਥਲਾ ਸਰਦਾਰ ਗੁਰਮੀਤ ਸਿੰਘ ਸਿੱਧੂ ਨੇ ਨਗਰ ਕੀਰਤਨ ਦੌਰਾਨ ਸੁਚੱਜੇ ਪ੍ਰਬੰਧ ਕਰਨ ਲਈ ਆਪਣੇ ਕੀਮਤੀ ਸੁਝਾਅ ਦਿੱਤੇ ਤੇ ਦੱਸਿਆ ਕਿ ਸਾਰੇ ਹੀ ਪੁਲਸ ਅਧਿਕਾਰੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਗਰ ਕੀਰਤਨ ਵਿਚ ਆਪੋ ਆਪਣੀ ਜਿੰਮੇਵਾਰੀ ਨਿਭਾ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ।
ਸੁਲਤਾਨਪੁਰ ਲੋਧੀ ਦੇ ਡੀ.ਐਸ.ਪੀ. ਵਿਪਨ ਕੁਮਾਰ ਤੇ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਦੇ ਜਵਾਨਾਂ ਵੱਲੋਂ ਰੋਟਰੀ ਚੌਕ ਸੁਲਤਾਨਪੁਰ ਲੋਧੀ ਵਿਖੇ ਨਗਰ ਕੀਰਤਨ ਪੁੱਜਣ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾ ਨਾਲ ਸਲਾਮੀ ਦਿੱਤੀ ਜਾਵੇਗੀ ।
ਇਸ ਉਪਰੰਤ ਐਸ.ਪੀ. ਹੈੱਡਕੁਆਟਰ ਗੁਰਪ੍ਰੀਤ ਸਿੰਘ ਤੇ ਸਮੂਹ ਪੁਲਸ ਅਧਿਕਾਰੀਆਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ ਤੇ ਸਤਿਗੁਰੂ ਜੀ ਦੀ ਸਦੀਆਂ ਪਾਵਨ ਬੇਰੀ ਸਾਹਿਬ ਦੇ ਦਰਸ਼ਨ ਕੀਤੇ ।ਇਹ ਮੌਕੇ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਵੀ ਮੌਜੂਦ ਸਨ।
ਜਿਸ ਉਪਰੰਤ ਮੈਨੇਜਰ ਭਾਈ ਗੁਰਬਖਸ਼ ਸਿੰਘ ਤੇ ਜਥੇ ਕਲਿਆਣ ਨੇ ਸਮੂਹ ਅਧਿਕਾਰੀਆਂ ਦਾ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ।ਇਸ ਸਮੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ , ਐਡੀਸਨਲ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ, ਭਾਈ ਦਿਆਲ ਸਿੰਘ ਰਾਗੀ ਤੇ ਸਤਪਾਲ ਸਿੰਘ ਆਦਿ ਨੇ ਸ਼ਿਰਕਤ ਕੀਤੀ ।