ਫਗਵਾੜਾ ਧਰਨੇ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਦਾ ਵੱਡਾ ਕਾਫਲਾ ਬਿਆਸ ਤੋਂ ਰਵਾਨਾ
- ਝੋਨੇ ਦੀ ਲਿਫਟਿੰਗ, ਸਹੀ ਕੀਮਤ ਅਤੇ ਡੀ.ਏ.ਪੀ ਸਮੇਤ ਹੋਰ ਮੰਗਾਂ ਸਬੰਧੀ ਧਰਨਾ
ਬਲਰਾਜ ਸਿੰਘ ਰਾਜਾ
ਬਿਆਸ, 26 ਅਕਤੂਬਰ 2024 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨਾਂ ਦਾ ਇੱਕ ਵੱਡਾ ਕਾਫਲਾ, ਜਿਸ ਵਿੱਚ ਸੈਂਕੜੇ ਬੱਸਾਂ, ਟਰੱਕਾਂ ਅਤੇ ਕਾਰਾਂ ਸ਼ਾਮਲ ਸਨ।
ਅੱਜ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ ’ਤੇ ਸਥਿਤ ਬਿਆਸ ਦਰਿਆ ਦੇ ਪੁਲ ਤੋਂ ਫਗਵਾੜਾ ਮੋਰਚੇ ਵਿੱਚ ਸ਼ਾਮਲ ਹੋਣ ਦੇ ਲਈ ਰਵਾਨਾ ਹੋਇਆ।
ਇਸ ਦੌਰਾਨ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਦੁਪਹਿਰ 1 ਵਜੇ ਤੋਂ ਪੰਜਾਬ ਦੀਆਂ 4 ਥਾਵਾਂ ਬਡਰੁੱਖਾਂ (ਸੰਗਰੂਰ), ਡਗਰੂ (ਮੋਗਾ), ਫਗਵਾੜਾ (ਕਪੂਰਥਲਾ) ਅਤੇ ਸਠਿਆਲੀ ਪੁਲ (ਗੁਰਦਾਸਪੁਰ) ਵਿੱਚ ਵੱਖ ਵੱਖ ਕਿਸਾਨੀ ਮੰਗਾਂ ਨੂੰ ਲੈਅ ਕੇ ਸੜਕਾਂ ਤੇ ਪ੍ਰਦਰਸ਼ਨ ਸ਼ੁਰੂ ਹੋਵੇਗਾ।
ਇਸ ਦੌਰਾਨ ਮਰੀਜ਼ਾਂ, ਹਵਾਈ ਅੱਡੇ ਦੇ ਯਾਤਰੀਆਂ ਅਤੇ ਵਿਆਹ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਸਮੇਤ ਐਮਰਜੈਂਸੀ ਸੇਵਾਵਾਂ ਨੂੰ ਰਾਹਤ ਰਹੇਗੀ।
ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਅਨੁਸਾਰ 126 ਦੇ ਨਾਂ 'ਤੇ ਬੀਜੀ ਗਈ ਉੱਚ ਕਿਸਮ ਦੇ ਝੋਨੇ ਦੀ ਫਸਲ ਵਿੱਚੋਂ ਚੌਲਾਂ ਦਾ ਝਾੜ ਕਰੀਬ 67 ਕਿਲੋ ਤੋਂ ਘੱਟ ਹੈ, ਜਿਸ ਲਈ ਕੇਂਦਰ ਸਰਕਾਰ ਨੂੰ ਉਨ੍ਹਾਂ ਨੂੰ ਛੋਟ ਦੇਣੀ ਚਾਹੀਦੀ ਹੈ, ਕੇਂਦਰ ਸਰਕਾਰ ਵਲੋਂ ਬੀਤੇ 2 ਸਾਲਾਂ ਤੋਂ ਸ਼ੈਲਰਾਂ ਤੋਂ ਲਿਫਟਿੰਗ ਨਹੀਂ ਕੀਤੀ ਗਈ, ਜਿਸ ਕਾਰਨ ਜਗ੍ਹਾ ਦੀ ਸਮੱਸਿਆ ਹੈ, ਕੇਂਦਰ ਸਰਕਾਰ ਨਾਲ ਮੀਟਿੰਗ ਦੌਰਾਨ 2 ਦਿਨਾਂ ਦੇ ਅੰਦਰ-ਅੰਦਰ ਟੀਮਾਂ ਭੇਜਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅੱਜ ਤੱਕ ਕੋਈ ਟੀਮ ਨਹੀਂ ਆਈ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕੇਂਦਰ ਸਰਕਾਰ ਨੂੰ ਹੁਣ ਪੰਜਾਬ ਨਜ਼ਰ ਨਹੀਂ ਆ ਰਿਹਾ ਜਾਂ ਕਿ ਲਓ ਪੰਜਾਬ ਦੀ ਲੋੜ ਨਹੀਂ ਲਗਦੀ ਹੈ ਅਤੇ ਬਦਲੇ ਦੀ ਭਾਵਨਾ ਨਾਲ ਕੇਂਦਰ ਸਰਕਾਰ ਸੰਕਟ ਦੀ ਗੱਲ ਕਰ ਰਿਹਾ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਅੱਜ ਤੱਕ ਅਰਵਿੰਦ ਕੇਜਰੀਵਾਲ ਦਾ ਕੋਈ ਵੀ ਟਵੀਟ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਲਈ ਪੰਜਾਬ ਦੇ ਕਿਸਾਨਾਂ ਦੇ ਸਮਰਥਨ ਵਿੱਚ ਨਹੀਂ ਆਇਆ ਹੈ।
ਉਨ੍ਹਾਂ ਕਿਹਾ ਕਿ ਕੱਲ੍ਹ 2 ਸਾਲਾਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਾਹਮਣੇ ਆਏ ਹਨ ਅਤੇ ਕੇਂਦਰ ਸਰਕਾਰ ਨਾਲ ਉਨ੍ਹਾਂ ਦੇ ਚੰਗੇ ਸੰਪਰਕ ਹਨ ਪਰ ਫਿਰ ਵੀ ਉਹ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਨਜ਼ਰ ਨਹੀਂ ਆਉਂਦੇ।
ਇਸੇ ਤਰ੍ਹਾਂ ਸਿਆਸੀ ਪਾਰਟੀਆਂ ਸਿਰਫ਼ ਉਪ ਚੋਣਾਂ 'ਤੇ ਹੀ ਕੇਂਦਰਿਤ ਹਨ ਅਤੇ ਪੰਜਾਬ ਦੇ ਲੋਕਾਂ ਬਾਰੇ ਨਹੀਂ ਸੋਚ ਰਹੀਆਂ।
ਉਨ੍ਹਾਂ ਇਸ ਧਰਨੇ ਸਬੰਧੀ ਦੇਸ਼ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਸੀਂ ਪੰਜਾਬ ਦੀ ਆਰਥਿਕਤਾ ਨੂੰ ਬਚਾਉਣਾ ਹੈ ਜਾਂ ਕਾਰਪੋਰੇਟ ਕਬਜ਼ੇ ਤੋਂ ਬਚਾਉਣਾ ਹੈ ਤਾਂ ਸਾਨੂੰ ਏਕਤਾ ਦਿਖਾਉਣੀ ਪਵੇਗੀ, ਬੇਸ਼ੱਕ ਦਿੱਕਤ ਆਵੇਗੀ ਲੇਕਿਨ ਇਸ ਨਾਲ ਆਉਣ ਵਾਲਾ ਸਮਾਂ ਚੰਗਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਤੋਂ ਵੱਖ-ਵੱਖ ਥਾਵਾਂ 'ਤੇ ਸ਼ੁਰੂ ਹੋ ਰਹੇ ਧਰਨਿਆਂ 'ਚ ਮਾਝਾ ਅਤੇ ਮਾਲਵਾ ਦੁਆਬੇ ਦੇ ਹਜ਼ਾਰਾਂ ਕਿਸਾਨ ਸ਼ਮੂਲੀਅਤ ਕਰਨਗੇ ਅਤੇ ਇਹ ਧਰਨਾ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ।