ਮੋਗਾ: ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ
- ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਕੇ ਚਲਾਉਣ ਅਤੇ ਗਰੀਨ ਪਟਾਕਿਆਂ ਤੋਂ ਇਲਾਵਾ ਹੋਰ ਪਟਾਕੇ ਚਲਾਉਣ ਤੇ ਪਾਬੰਦੀ
ਮੋਗਾ 30 ਅਕਤੂਬਰ 2024 - ਪੰਜਾਬ ਸਰਕਾਰ ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਹੁਕਮਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਦਿਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ਼੍ਰੀਮਤੀ ਚਾਰੂ ਮਿਤਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਉਕਤ ਦਰਸਾਏ ਤਿਉਹਾਰਾਂ ਮੌਕੇ ਨਿਯਤ ਮਿਤੀ ਤੇ ਸਮੇਂ ਦੌਰਾਨ ਕੇਵਲ ਗਰੀਨ ਪਟਾਕੇ ਚਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਕੇ ਚਲਾਉਣ ਅਤੇ ਗਰੀਨ ਪਟਾਕਿਆਂ ਤੋਂ ਇਲਾਵਾ ਹੋਰ ਪਟਾਕੇ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ।
ਉਹਨਾਂ ਪਟਾਕੇ ਚਲਾਉਣ ਦੇ ਸਮੇਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਵਾਲੀ ਦੇ ਤਿਉਹਾਰ ਵਾਲੇ ਦਿਨ ਵੀਰਵਾਰ ਮਿਤੀ 31 ਅਕਤੂਬਰ ਨੂੰ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਗੁਰਪੁਰਬ ਵਾਲੇ ਦਿਨ ਸ਼ੁਕਰਵਾਰ ਮਿਤੀ 15 ਨਵੰਬਰ ਨੂੰ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ, ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਕ੍ਰਿਸਮਸ ਦੇ ਤਿਉਹਾਰ ਵਾਲੇ ਦਿਨ ਬੁੱਧਵਾਰ 25 ਦਸੰਬਰ ਰਾਤ 11:55 ਤੋਂ 26 ਦਸੰਬਰ ਨੂੰ ਸਵੇਰ 12:30 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਨਵੇਂ ਸਾਲ ਵਾਲੇ ਦਿਨ 31 ਦਸੰਬਰ 2024 ਨੂੰ ਰਾਤ 11:55 ਵਜੇ ਤੋਂ 1 ਜਨਵਰੀ 2025 ਸਵੇਰ 12:30 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।