ਦੀਵਾਲੀ ਦੀ ਪੂਰਵ ਸੰਧਿਆ ਮੌਕੇ ਸਪੀਕਰ ਸੰਧਵਾਂ ਨੇ ਪਤਨੀ ਸਮੇਤ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 30 ਅਕਤੂਬਰ 2024 - ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਉਨ੍ਹਾਂ ਦੀ ਧਰਮਪਤਨੀ ਗੁਰਪ੍ਰੀਤ ਕੌਰ ਸੰਧਵਾਂ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਿਸ਼ਟਾਚਾਰ ਨਾਤੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ।ਗਵਰਨਰ ਹਾਊਸ ਵਿੱਚ ਸ੍ਰੀ ਕਟਾਰੀਆ ਅਤੇ ਸ੍ਰੀਮਤੀ ਅਨੀਤਾ ਕਟਾਰੀਆ ਵਲੋਂ ਸਪੀਕਰ ਸੰਧਵਾਂ ਅਤੇ ਮੈਡਮ ਗੁਰਪ੍ਰੀਤ ਕੌਰ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ।
ਰਸਮੀ ਗੱਲਬਾਤ ਦੌਰਾਨ ਸਪੀਕਰ ਸੰਧਵਾਂ ਨੇ ਦੱਸਿਆ ਕਿ ਭਾਵੇਂ ਦੀਵਾਲੀ ਦਾ ਸ਼ੁੱਭ ਦਿਹਾੜਾ ਸਾਰੇ ਧਰਮਾਂ ਦੇ ਲੋਕ ਸਾਂਝਾ ਤਿਉਹਾਰ ਹੋਣ ਕਰਕੇ ਗਰਮਜੋਸ਼ੀ ਨਾਲ ਮਨਾਉਂਦੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਵਿੱਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸਬੰਧੀ ਜਾਗਰੂਕਤਾ ਆਈ ਹੈ, ਜਿਸ ਕਰਕੇ ਲੋਕਾਂ ਵਿੱਚ ਆਤਿਸ਼ਬਾਜੀ ਅਤੇ ਪਟਾਕਿਆਂ ਤੋਂ ਜਿਆਦਾ ਬੂਟੇ ਲਾਉਣ, ਉਹਨਾਂ ਦੀ ਸੰਭਾਲ ਕਰਨ ਅਤੇ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਰੁਝਾਨ ਵਧਿਆ ਹੈ।
ਸਪੀਕਰ ਸੰਧਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਸਕੂਲਾਂ, ਕਾਲਜਾਂ ਅਤੇ ਹੋਰ ਵੱਖ ਵੱਖ ਸਰਕਾਰੀ ਅਦਾਰਿਆਂ ਦੇ ਮੁਖੀਆਂ ਰਾਹੀਂ ਵਿਦਿਆਰਥੀਆਂ ਅਤੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਗਈ ਹੈ।
ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਪੀਕਰ ਸੰਧਵਾਂ ਦੀ ਉਪਰੋਕਤ ਸੋਚ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਪ੍ਰਦੂਸ਼ਣ ਰੋਕਣ ਲਈ ਐਨਜੀਟੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੀ ਸਖਤੀ ਕੀਤੀ ਜਾ ਰਹੀ ਹੈ। ਦੋਨੋਂ ਪਰਿਵਾਰਾਂ ਵੱਲੋਂ ਇਸ ਮੌਕੇ ਰਸਮੀ ਗੱਲਬਾਤ ਵੀ ਕੀਤੀ ਗਈ ਅਤੇ ਹੋਰ ਵੀ ਕਈ ਗੈਰ ਰਸਮੀ ਤੌਰ ਤੇ ਚਰਚਾਵਾਂ ਵੀ ਹੋਈਆਂ।