ਯੂਰੀਆ, ਡੀ.ਏ.ਪੀ. ਜਾਂ ਹੋਰ ਜ਼ਿਆਦਾ ਵਰਤੋਂ ਵਾਲੀਆਂ ਖਾਦਾਂ ਨਾਲ ਕਿਸੇ ਵੀ ਕਿਸਮ ਦੀ ਕੋਈ ਹੋਰ ਖੇਤੀ ਸਮੱਗਰੀ ਜਬਰੀ ਨਾ ਵੇਚੀ ਜਾਵੇ: DC ਮੋਹਾਲੀ
ਹਰਜਿੰਦਰ ਸਿੰਘ ਭੱਟੀ
- ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਖਾਦ ਡੀਲਰਾਂ ਦੀ ਚੈਕਿੰਗ
- ਡੀ.ਏ.ਪੀ. ਦੇ ਬਦਲ ਵੱਜੋਂ ਟ੍ਰਿਪਲ/ਸਿੰਗਲ ਸੁਪਰ ਫਾਸਫੇਟ ਤੇ ਹੋਰ ਐਨ.ਪੀ.ਕੇ. ਖਾਦਾਂ ਦੀ ਵਰਤੋਂ ਵਧਾਉਣ ਦੀ ਸਲਾਹ
- ਖਾਦ ਸਬੰਧੀ ਕਿਸੇ ਵੀ ਜਿਮੀਂਦਾਰ ਦੀ ਸ਼ਿਕਾਇਤ ਲਈ ਬਲਾਕ ਵਾਰ ਹੈਲਪ ਲਾਈਨ ਨੰਬਰ ਜਾਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਕਤੂਬਰ, 2024: ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਆਸ਼ਿਕਾ ਜੈਨ, ਵੱਲੋਂ ਹਾੜ੍ਹੀ ਸੀਜਨ ਦੀਆਂ ਫਸਲਾਂ ਦੀ ਬਿਜਾਈ ਸਮੇਂ ਖਾਦਾਂ ਦੀ ਕਾਲਾ ਬਾਜਾਰੀ, ਵੱਧ ਕੀਮਤ ਵਸੂਲੀ ਕਰਨ ਅਤੇ ਖਾਦਾਂ ਨਾਲ ਬੇਲੋੜੀਆਂ (ਹੋਰ ਸਮੱਗਰੀ) ਟੈਗਿੰਗ ਨੂੰ ਰੋਕਣ ਲਈ ਹਦਾਇਤ ਕੀਤੀ ਗਈ ਹੈ ਕਿ ਖੇਤੀਬਾੜੀ ਅਧਿਕਾਰੀ ਨਿਰੰਤਰ ਖਾਦਾਂ ਦੇ ਸੇਲ ਪੁਆਇੰਟ ਦਾ ਨਿਰਖਣ ਕਰਨ ਤਾਂ ਜੋ ਕਿਸਾਨਾਂ ਨੂੰ ਬਿਜਾਈ ਸਮੇਂ ਕਿਸੇ ਵੀ ਤਰ੍ਹਾਂ ਮੁਸ਼ਕਿਲ ਨਾ ਆਵੇ।
ਡਿਪਟੀ ਕਮਿਸ਼ਨਰ ਦੇ ਉਕਤ ਆਦੇਸ਼ਾਂ ਦੀ ਪਾਲਣਾ ਵਿੱਚ ਮੁੱਖ ਖੇਤੀਬਾੜੀ ਅਫਸਰ, ਡਾ. ਗੁਰਮੇਲ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਖਰੜ ਵਿੱਚ ਸਥਿਤ ਖਾਦ ਡੀਲਰਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਸਮੂਹ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਖਾਦ ਸਟਾਕ ਰਜਿਸਟਰ, ਬਿੱਲ ਬੁੱਕ ਅਤੇ ਪੁਆਇੰਟ ਆਫ਼ ਸੇਲ ਮਸ਼ੀਨ ਦਾ ਮਿਲਾਨ ਗੋਦਾਮ ਵਿੱਚ ਪਏ ਡੀ.ਏ.ਪੀ. ਸਟਾਕ ਨਾਲ ਮੇਲ ਖਾਂਦਾ ਹੋਵੇ ਅਤੇ ਖਾਦਾਂ ਦਾ ਰੇਟ ਅਤੇ ਸਟਾਕ ਦੁਕਾਨ ਦੇ ਡਿਸਪਲੇ ਬੋਰਡ ‘ਤੇ ਲਿਖਿਆ ਹੋਵੇ, ਨਾਲ ਹੀ ਬਿਲ ਬੁੱਕ ‘ਤੇ ਕਿਸਾਨ ਦਾ ਮੋਬਾਇਲ ਨੰਬਰ ਵੀ ਦਰਜ ਕੀਤਾ ਜਾਵੇ। ਕੋਈ ਵੀ ਖਾਦ ਵਿਕ੍ਰੇਤਾ ਡੀ.ਏ.ਪੀ., ਯੂਰੀਆ ਖਾਦ ਨਾਲ ਕਿਸੇ ਵੀ ਬੇਲੋੜੀ ਸਮੱਗਰੀ ਦੀ ਟੈਗਿੰਗ ਨਹੀਂ ਕਰੇਗਾ। ਜੇਕਰ ਕੋਈ ਵਿਕਰੇਤਾ ਅਜਿਹਾ ਕਰਦਾ ਪਾਇਆ ਗਿਆ ਤਾ ਉਸ ਖਿਲਾਫ ਜਰੂਰੀ ਵਸਤਾਂ ਐਕਟ 1955 ਅਤੇ ਖਾਦ (ਕੰਟਰੋਲ) ਆਰਡਰ 1985 ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੀ ਸ਼ਿਫਾਰਸਾਂ ਅਨੁਸਾਰ ਹੀ ਡੀ.ਏ.ਪੀ. ਖਾਦ ਪਾਉਣ ਦੀ ਅਪੀਲ ਕੀਤੀ ਗਈ ਅਤੇ ਡੀ.ਏ.ਪੀ. ਦੇ ਬਦਲ ਵੱਜੋਂ ਟ੍ਰਿਪਲ/ਸਿੰਗਲ ਸੁਪਰ ਫਾਸਫੇਟ ਤੇ ਹੋਰ ਐਨ.ਪੀ.ਕੇ. ਖਾਦਾਂ ਦੀ ਵਰਤੋਂ ਵਧਾਉਣ ਦੀ ਸਲਾਹ ਦਿੱਤੀ ਹੈ। ਖਾਦ ਸਬੰਧੀ ਕਿਸੇ ਵੀ ਜਿਮੀਂਦਾਰ ਦੀ ਜੇਕਰ ਕੋਈ ਸ਼ਿਕਾਇਤ ਹੋਵੇ ਤਾਂ ਉਹ ਬਲਾਕ ਖੇਤੀਬਾੜੀ ਅਫਸਰ ਡੇਰਾਬਸੀ (87280-00087), ਬਲਾਕ ਖੇਤੀਬਾੜੀ ਅਫਸਰ ਖਰੜ (84279-77101) ਅਤੇ ਬਲਾਕ ਖੇਤੀਬਾੜੀ ਅਫਸਰ ਮਾਜਰੀ (98156-77245) ਨਾਲ ਸੰਪਰਕ/ਸੂਚਨਾ ਦੇ ਸਕਦਾ ਹੈ।