ਲੁਟੇਰਿਆਂ ਨੇ ਲੁੱਟੀ ਕਰੇਟਾ ਪੁਲਿਸ ਨੇ ਪਾਇਆ ਪੇਚਾ
ਅਸ਼ੋਕ ਵਰਮਾ
ਬਠਿੰਡਾ, 27 ਜੁਲਾਈ 2024:ਬਠਿੰਡਾ ਪੁਲਿਸ ਨੇ 26-27 ਦੀ ਰਾਤ ਨੂੰ ਇੱਕ ਹੁੰਡਈ ਕੰਪਨੀ ਦੀ ਕਰੇਟਾ ਕਾਰ ਖੋਹਣ ਵਾਲੇ ਤਿੰਨ ਵਿਅਕਤੀਆਂ ਨੂੰ ਮਿੰਟਾਂ ਸਕਿੰਟਾਂ ਵਿੱਚ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਕਰਵਾਈ ਦੌਰਾਨ ਖੋਹੀ ਗਈ ਕਾਰ, ਇੱਕ ਮੋਟਰਸਾਇਕਲ, ਇੱਕ ਲਾਇਸੰਸੀ ਰਿਵਾਲਵਰ 32 ਬੋਰ ਸਮੇਤ 8 ਜਿੰਦਾ ਰੌਂਦ ਬਰਾਮਦ ਕੀਤੇ ਹਨ। ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੋਜ਼ ਜੈਨ ਪੁੱਤਰ ਸ਼ਾਂਤੀ ਲਾਲ ਜੈਨ ਵਾਸੀ ਗਲੀ ਨੰਬਰ 2 ਟੈਗੋਰ ਨਗਰ ਬਠਿੰਡਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਤਿੰਨ ਅਣਪਛਾਤੇ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਅਸਲੇ ਦੀ ਨੋਕ ਤੇ ਨੇੜੇ ਗੁਰੂਦੁਆਰਾ ਸਾਹਿਬ ਫੇਸ-। ਮਾਡਲ ਟਾਊਨ ਬਠਿੰਡਾ ਤੋਂ ਇੱਕ ਕਾਰ ਕਰੇਟਾ ਖੋਹ ਲਈ ਅਤੇ ਫਰਾਰ ਹੋ ਗਏ ਹਨ। ਥਾਣਾ ਸਿਵਲ ਲਾਈਨ ਪੁਲਿਸ ਨੇ ਇਸ ਸਬੰਧ ’ਚ ਧਾਰਾ 307 (3),(5) ਬੀਐਨਐਸ ਅਸਲਾ ਐਕਟ ਤਹਿਤ ਦਰਜ ਕੀਤਾ ਸੀ।
ਐਸ.ਪੀ (ਸ਼ਹਿਰੀ) ਨੇ ਦੱਸਿਆ ਕਿ ਡੀਐਸਪੀ ਸਿਟੀ ਸਰਵਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸੀ.ਆਈ.ਏ. ਸਟਾਫ-2 ਬਠਿੰਡਾ, ਥਾਣਾ ਸਿਵਲ ਲਾਈਨ ਬਠਿੰਡਾ ਅਤੇ ਪੀ.ਸੀ.ਆਰ ਦੀਆਂ ਟੀਮਾਂ ਬਣਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਜਿਲ੍ਹੇ ਭਰ ’ਚ ਚੌਕਸੀ ਵਧਾਈ ਗਈ। ਉਨ੍ਹਾਂ ਦੱਸਿਆ ਕਿ ਅੱਜ ਚੈਕਿੰਗ ਦੌਰਾਨ ਬਰਨਾਲਾ-ਮਾਨਸਾ ਰਿੰਗ ਰੋਡ ਬਠਿੰਡਾ ਤੇ ਬਿਨਾਂ ਨੰਬਰ ਪਲੇਟਾਂ ਤੋਂ ਘੁੰਮ ਰਹੀ ਇੱਕ ਕਰੇਟਾ ਕਾਰ ਚੋਂ ਵਿਕਾਸ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਗਲੀ ਨੰਬਰ 28 ਲਾਲ ਸਿੰਘ ਬਸਤੀ ਬਠਿੰਡਾ, ਦੀਪਕ ਸ਼ਰਮਾ ਪੁੱਤਰ ਹਰਜੀਤ ਸ਼ਰਮਾ ਵਾਸੀ ਗਲੀ ਨੰਬਰ 04 ਲਾਲ ਸਿੰਘ ਬਸਤੀ ਬਠਿੰਡਾ ਅਤੇ ਅਮਨ ਚਾਵਲਾ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ 4 ਅਮਰਪੁਰਾ ਬਸਤੀ ਬਠਿੰਡਾ ਨੂੰ ਸ਼ੱਕੀ ਹਲਾਤਾਂ ਵਿੱਚ ਕਾਬੂ ਕਰ ਲਿਆ । ਐਸਪੀ ਨੇ ਦੱਸਿਆ ਕਿ ਪੁਲਿਸ ਨੇ ਮੁਲਜਮਾਂ ਦੇ ਕਬਜੇ ਚੋਂ ਬੀਤੀ ਰਾਤ ਵਾਰਦਾਤ ਦੌਰਾਨ ਖੋਹੀ ਗਈ ਕਾਰ ਹੁੰਡਈ ਕਰੇਟਾ ਨਬਰੀ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਾਰਦਾਤ ਲਈ ਵਰਤਿਆਂ ਵਿਕਾਸ ਕੁਮਾਰ ਦੇ ਨਾਮ ਤੇ ਦਰਜ ਲਾਇਸੰਸੀ ਰਿਵਾਲਵਰ 32 ਬੋਰ ਸਮੇਤ 8 ਜਿੰਦਾ ਰੌਂਦ ਅਤੇ ਮੋਟਰਸਾਇਕਲ ਸਪਲੈਂਡਰ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਮੁਲਜਮਾਂ ਨੇ ਮੰਨਿਆ ਹੈ ਕਿ ਕਰੇਟਾ ਕਾਰ ਉਨ੍ਹਾਂ ਨੇ ਬੀਤੀ ਰਾਤ ਮਾਡਲ ਟਾਊਨ ਫੇਸ-। ਨੇੜੇ ਗੁਰੂਦੁਆਰਾ ਸਾਹਿਬ ਬਠਿੰਡਾ ਤੋਂ ਅਸਲੇ ਦੀ ਨੋਕ ਤੇ ਖੋਹੀ ਸੀ। ਉਨ੍ਹਾਂ ਦੱਸਿਆ ਕਿ ਕਾਰ ਖੋਹਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਐਸਪੀ ਅਨੁਸਾਰ ਮੁਲਜਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ । ਪੁਲਿਸ ਅਨੁਸਾਰ ਵਿਕਾਸ ਕੁਮਾਰ ਪੁੱਤਰ ਵਿਜੈ ਕੁਮਾਰ ਉਮਰ ਕਰੀਬ 35 ਸਾਲ ਮਹਿਣਾ ਚੌਂਕ ਬਠਿੰਡਾ ਵਿੱਚ ਜਾਬ ਪਲੇਸਮੈਂਟ ਸੈਂਟਰ ਚਲਾਉਂਦਾ ਹੈ। ਦੀਪਕ ਸ਼ਰਮਾ ਪੁੱਤਰ ਹਰਜੀਤ ਸ਼ਰਮਾ ਉਮਰ ਕਰੀਬ 23 ਸਾਲ, ਵਿਹਲਾ ਹੈ। ਅਮਨ ਚਾਵਲਾ ਪੁੱਤਰ ਰਾਜ ਕੁਮਾਰ ਉਮਰ ਕਰੀਬ 20 ਸਾਲ ਵਿਹਲਾ ਹੈ। ਪੁਲਿਸ ਅਨੁਸਾਰ ਇਸ ਤੋਂ ਪਹਿਲਾਂ ਮੁਲਜਮਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ।