ਬਠਿੰਡਾ ਜ਼ਿਲ੍ਹੇ ’ਚ ਕਰੋਨਾ ਨਾਲ 21 ਮੌਤਾਂ,ਪ੍ਰਸ਼ਾਸਨ ਵੱਲੋਂ 15 ਦੀ ਪੁਸ਼ਟੀ, 653 ਨਵੇਂ ਕੇਸ
ਅਸ਼ੋਕ ਵਰਮਾ
ਬਠਿੰਡਾ, 1 ਮਈ 2021:ਬਠਿੰਡਾ ਜ਼ਿਲ੍ਹੇ ’ਚ ਕਰੋਨਾ ਵਾਇਰਸ ਦੇ ਗੰਭੀਰ ਹੋਏ ਸੰਕਟ ਨੇ ਲੋਕਾਂ ਨੂੰ ਵੱਡੀ ਪੱਧਰ ਤੇ ਨਿਗਲਣਾ ਸ਼ੁਰੂ ਕਰ ਦਿੱਤਾ ਹੈ। ਅੱਜ ਬਠਿੰਡਾ ਜਿਲ੍ਹੇ ’ਚ ਇੱਕ ਸ਼ੱਕੀ ਮਰੀਜ ਸਮੇਤ 21 ਪੀੜਤਾਂ ਦੀ ਮੌਤ ਹੋ ਗਈ ਹੈ। ਜਿਲ੍ਹਾ ਪ੍ਰਸ਼ਾਸ਼ਨ ਨੇ 15 ਮਰੀਜਾਂ ਦੇ ਕੋਵਿਡ ਕਾਰਨ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ 653 ਨਵੇਂ ਮਰੀਜ ਆਏ ਹਨ। ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਸਹਾਰਾ ਜਨ ਸੇਵਾ ਨੇ ਰਾਮ ਬਾਗ ’ਚ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੰਤਮ ਸਸਕਾਰ ਕੀਤੇ ਹਨ। ਸਮਾਜਿਕ ਸੰਸਥਾਵਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਪ੍ਰਤਾਪ ਨਗਰ ਦੇ ਕੋਰੋਨਾ ਪਾਜ਼ੇਟਿਵ ਨੌਜਵਾਨ ਪੁਨੀਤ ਕੁਮਾਰ ਪੁੱਤਰ ਗੁਲਸ਼ਨ ਲਾਲ ਨੂੰ ਸ਼ਨੀਵਾਰ ਰਾਤ ਨੂੰ ਸਾਹ ਲੈਣ ਵਿਚ ਤਕਲੀਫ ਹੋਣ ‘ਤੇ ਉਸ ਦਾ ਭਰਾ ਉਸ ਨੂੰ ਐਕਟਿਵਾ ‘ਤੇ ਬਿਠਾ ਕੇ ਸਿਵਲ ਹਸਪਤਾਲ ਲਿਜਾ ਰਿਹਾ ਸੀ।
ਸਿਵਲ ਹਸਪਤਾਲ ਦੇ ਬਾਹਰ ਹੀ ਨੌਜਵਾਨ ਬੇਸੁੱਧ ਹੋ ਕੇ ਸੜਕ ‘ਤੇ ਡਿੱਗ ਪਿਆ ਜਿੱਥੇ ਹਸਪਤਾਲ ’ਚ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਤਰ੍ਹਾਂ ਖ਼ਾਲਸਾ ਮਿਸ਼ਨ ਹਸਪਤਾਲ ਬਠਿੰਡਾ ਵਿਚ ਦਾਖ਼ਲ 48 ਸਾਲਾ ਕੋਰੋਨਾ ਮਰੀਜ਼ ਵਿਪਨ ਕੁਮਾਰ ਪੁੱਤਰ ਵੇਦ ਪ੍ਰਕਾਸ਼ ਦੀ ਅੱਜ ਸਵੇਰੇ ਮੌਤ ਹੋਈ ਹੈ ਜਿਸ ਨੂੰ 28 ਅਪ੍ਰਰੈਲ ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਤੀਜੀ ਮੌਤ ਪਾਵਰ ਹਾਊਸ ਰੋਡ ‘ਤੇ ਸਥਿਤ ਸਿੱਧੂ ਹਸਪਤਾਲ ਵਿਚ ਦਾਖ਼ਲ ਨੌਜਵਾਨ ਵਿਕਾਸ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਭੁੱਚੋ ਮੰਡੀ ਦੀ ਹੋਈ ਹੈ। ਉਹ ਵੀ 28 ਅਪਰੈਲ ਦੀ ਰਿਪੋਰਟ ’ਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਪਤਾ ਲੱਗਿਆ ਹੈ ਕਿ ਇਹ ਨੌਜਵਾਨ ਕਿਡਨੀ ਰੋਗ ਤੋਂ ਪੀੜਤ ਸੀ।
ਚੌਥੀ ਮੌਤ ਸ਼ਹਿਰ ਦੀ ਗਣੇਸ਼ਾ ਬਸਤੀ ਦੇ ਰਹਿਣ ਵਾਲੇ 60 ਸਾਲਾ ਮਹਿਲਾ ਰਾਜ ਗਰਗ ਦੀ ਹੋਈ ਹੈ ਜਿਸ ਨੂੰ ਪਾਜ਼ਿਟਿਵ ਆਉਣ ਤੇ 22 ਅਪ੍ਰਰੈਲ ਨੂੰ ਨਿਊ ਸਿਟੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਸਵੇਰੇ ਉਹ ਚੱਲ ਵਸਿਆ। ਇਸੇ ਤਰਾਂ ਛੇਵੀਂ ਮੌਤ ਸੁਖਪ੍ਰੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਡੱਬਵਾਲੀ ਇਲਾਜ ਲਈ ਮੈਡਵਿਨ ਹਸਪਤਾਲ ਵਿਚ ਦਾਖ਼ਲ ਸੀ। ਸੱਤਵੀਂ ਮੌਤ ਬਿਪਨ ਕੁਮਾਰ ਪੁੱਤਰ ਦਰਸ਼ਨ ਪਾਲ ਵਾਸੀ ਬਰੀਵਾਲਾ ਜ਼ਿਲ੍ਹਾ ਮੁਕਤਸਰ ਦੀ ਹੋਈ ਹੈ। ਜੋਕਿ ਬਠਿੰਡਾ ਦੇ ਪਰੈਗਮਾ ਹਸਪਤਾਲ ਵਿਚ ਦਾਖ਼ਲ ਸੀ। ਅੱਠਵੀਂ ਮੌਤ ਸੱਤਪਾਲ ਪੁੱਤਰ ਰਾਮਜੀ ਦਾਸ ਦੀ ਦਿੱਲੀ ਹਾਰਟ ਹਸਪਤਾਲ ਵਿਚ ਹੋਈ ਹੈ। ਨੌਵੀਂ ਮੌਤ ਮਹਿੰਦਰ ਸਿੰਘ ਪੁੱਤਰ ਬਚਨ ਸਿੰਘ ਦੀ ਹੋਈ ਹੈ, ਜਿਸ ਨੂੰ ਮੈਕਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਦਸਵੀਂ ਮੌਤ ਸੁਮਿੱਤਰਾ ਦੇਵੀ ਪਤਨੀ ਸੀਤਾ ਰਾਮ ਵਾਸੀ ਬਠਿੰਡਾ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਹੋਈ ਹੈ। ਗਿਆਰ੍ਹਵੀਂ ਮੌਤ ਦਰਸ਼ਨ ਸਿੰਘ ਵਾਸੀ ਬਠਿੰਡਾ ਦੀ ਇਲਾਜ ਦੌਰਾਨ ਫਰੀਦਕੋਟ ਮੈਡੀਕਲ ਕਾਲਜ ਵਿੱਚ ਹੋਈ ਹੈ। ਬਾਰ੍ਹਵੀਂ ਮੌਤ 17 ਸਾਲਾ ਕੁੜੀ ਸਲਮਾ ਲੜਕੀ ਸੋਨਾ ਖਾਨ ਵਾਸੀ ਦਿਆਲਪੁਰਾ ਮਿਰਜ਼ਾ ਦੀ ਹੋਈ ਹੈ ਜੋਕਿ ਫਰੀਦਕੋਟ ਮੈਡੀਕਲ ਕਾਲਜ ਵਿਚ ਦਾਖਲ ਸੀ। ਸ਼ਹਿਰ ਦੇ ਅਮਰੀਕ ਸਿੰਘ ਰੋਡ ਦੀ ਸਕੁਸ਼ਿਆ ਰਾਣੀ ਪਤਨੀ ਵਿਨੋਦ ਕੁਮਾਰ ਦੀ ਸਿਵਲ ਹਸਪਤਾਲ ’ਚ ਹੋਈ ਮੌਤ 13ਵੀਂ ਹੈ ਜਦੋਂਕਿ 14ਵੀਂ ਨਰਿੰਦਰ ਕੁਮਾਰ ਸ਼ਰਮਾ ਪੁੱਤਰ ਰਾਮ ਨਾਥ ਵਾਸੀ ਸੁਰਖਪੀਰ ਰੋਡ ਦੀ ਬਠਿੰਡਾ ਦੇ ਸਿਵਲ ਹਸਪਤਾਲ ਦੌਰਾਨ ਇਲਾਜ ਦੌਰਾਨ ਹੋਈ ਹੈ।
ਇਸੇ ਤਰਾਂ 15ਵੀਂ ਮੌਤ ਰਾਮਪੁਰਾ ਫੂਲ ਦੇ ਨੌਜਵਾਨ ਅਭਿਨਵ ਗਰਗ ਪੁੱਤਰ ਅਜੇ ਕੁਮਾਰ ਦੀ ਅਪੋਲੋ ਹਸਪਤਾਲ ਲੁਧਿਆਣਾ ’ਚ ਹੋਈ ਹੈ ਜਦੋਂਕਿ 16 ਵੀਂ ਦਿੱਲੀ ਹਾਰਟ ਹਸਪਤਾਲ ਬਠਿੰਡਾ ਵਿਚ ਦਾਖ਼ਲ ਕੋਰੋਨਾ ਪੀੜਤ ਕਿ੍ਰਸ਼ਨਾ ਦੁਲਾਰੀ ਹੈ। ਇਸ ਤਰਾਂ 17ਵੀਂ ਮੌਤ ਗੁਰਜੰਟ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਬਾਲਿਆਂਵਾਲੀ ਦੀ ਹੋਈ ਹੈ, ਜਿਸ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਜਦੋਂਕਿ 18ਵੀਂ ਮੌਤ ਕੇਵਲ ਸਿੰਘ ਪੁੱਤਰ ਮਿੱਡਾ ਸਿੰਘ ਗਣੇਸ਼ਾ ਬਸਤੀ ਬਠਿੰਡਾ ਦੀ ਅਤੇ 19ਵੀਂ ਜਸਵਿੰਦਰ ਕੌਰ ਪਤਨੀ ਬਹਾਦਰ ਸਿੰਘ ਵਾਸੀ ਖੇਮੂਆਣਾ ਦੀ ਸਿਵਲ ਹਸਪਤਾਲ ਵਿਚ ਹੋਈ ਹੈ। ਇਸੇ ਤਰਾਂ 20ਵੀਂ ਮੌਤ ਹਰੀਸ਼ ਸਚਦੇਵਾ ਵਾਸੀ ਦਿੱਲੀ ਅਤੇ ਨਾਰਥ ਅਸਟੇਟ ਦਿੱਲੀ ਨਿਵਾਸੀ ਸ਼ੱਕੀ ਮਰੀਜ ਅਸ਼ੋਕ ਗੋਇਲ ਪੁੱਤਰ ਦੀਵਾਨ ਗੋਇਲ ਦੀ ਹੋਈ ਹੈ।