ਬੁੱਲ੍ਹੇ ਸ਼ਾਹ ਅਦਬੀ ਸੰਗਤ ਵੱਲੋਂ ਕਸੂਰ ਜ਼ਿਲ੍ਹੇ (ਪਾਕਿਸਤਾਨ) 'ਚ ਪਹਿਲੀ ਕੌਮਾਂਤਰੀ ਪੰਜਾਬੀ ਕਾਨਫਰੰਸ ਤੇ ਕਵੀ ਦਰਬਾਰ
ਕਸੂਰ, 19 ਸਤੰਬਰ 2024- ਬੁੱਲ੍ਹੇ ਸ਼ਾਹ ਅਦਬੀ ਸੰਗਤ ਰਜਿਸਟਰਡ ਕਸੂਰ ਦੀ ਛਤਰ ਛਾਵੇਂ 31 ਅਗਸਤ 2024 ਹਫਤੇ ਦੇ ਦਿਹਾੜ ਬਾਬਾ ਬੁੱਲ੍ਹੇ ਸ਼ਾਹ ਦੇ 267 ਵੇਂ ਵਰ੍ਹੇ-ਵਾਰ ਉਰਸ ਮੁਬਾਰਕ ਮੌਕੇ ਪਹਿਲੀ ਕੌਮਾਂਤਰੀ ਪੰਜਾਬੀ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਪ੍ਰਮੁੱਖ ਵਿਸ਼ਾ ਪੰਜਾਬੀ ਬੋਲੀ ਤੇ ਅਦਬ ਦਾ ਅਜੋਕਾ ਮੁਹਾੜ ਸੀ। ਪ੍ਰੋਗਰਾਮ ਦੀ ਸ਼ੁਰੂਆਤ ਤਲਾਵਤ ਕੁਰਾਨ ਪਾਕ ਨਾਲ ਹੋਈ, ਜਿਹੜੀ ਜਨਾਬ ਹਾਫਜ਼ ਅਲੀ ਅਹਿਮਦ ਸਾਬਰੀ ਸਕੱਤਰ ਇਤਲਾਤੋ-ਨਸ਼ਰੀਆਤ ਬੁੱਲ੍ਹੇ ਸ਼ਾਹ ਅਦਬੀ ਸੰਗਤ ਕਸੂਰ ਨੇ ਕੀਤੀ। ਹਾਜੀ ਸ਼ੌਕਤ ਨਕਸ਼ਬੰਦੀ, ਚੇਅਰਮੈਨ, ਬੁੱਲੇ ਸ਼ਾਹ ਅਦਬੀ ਸੰਗਤ, ਕਸੂਰ ਨੇ ਨਾਤ ਪੇਸ਼ ਕੀਤੀ।
ਕਾਨਫਰੰਸ ਦੇ ਪਹਿਲੇ ਦੋ ਸੈਸ਼ਨ ਦੀ ਸਦਾਰਤ ਡਾ. ਮੁਜਾਹਿਦਾ ਬੱਟ, ਚੇਅਰਪਰਸਨ, ਸ਼ੋਭਾ ਪੰਜਾਬੀ, ਵਿਮਨ ਯੂਨੀਵਰਸਿਟੀ ਲਾਹੌਰ ਨੇ ਕੀਤੀ। ਡਾ. ਮੁਖਤਾਰ ਅਹਿਮਦ ਅਜ਼ਮੀ, ਡਾਇਰੈਕਟਰ, ਮਰਕਜ਼ ਮਿਨਹਾਜ਼ ਯੂਨੀਵਰਸਿਟੀ, ਲਾਹੌਰ, ਡਾ. ਨਿਗਹਤ ਖੁਰਸ਼ੀਦ, ਪ੍ਰਿੰਸੀਪਲ (ਰ) ਗੌਰਮਿੰਟ ਗੁਰੂ ਨਾਨਕ ਕਾਲਜ ਬਰੁਏ-ਏ-ਖ਼ਵਾਤੀਨ ਨਨਕਾਣਾ,ਪ੍ਰੋਫ਼ੈਸਰ ਡਾ. ਮੁਹੰਮਦ ਅਰਸ਼ਦ ਇਕਬਾਲ ਅਰਸ਼ਦ, ਵਾਈਸ ਪ੍ਰਿੰਸੀਪਲ ਗੌਰਮਿੰਟ ਦਿਆਲ ਸਿੰਘ ਕਾਲਜ, ਲਾਹੌਰ ਤੇ ਡਾ. ਹਫ਼ੀਜ਼ ਅਹਿਮਦ ਅਸਿਸਟੈਂਟ ਫ਼ਨਾਂਸ ਸੈਕਟਰੀ (ਰ), ਗੁਜਰਾਂਵਾਲਾ ਬੋਰਡ, ਉਚੇਚੇ ਪ੍ਰਾਹੁਣੇ ਸਨ। ਸਟੇਜ ਸੈਕਟਰੀ ਡਾ. ਮੁਹੰਮਦ ਅਰਸ਼ਦ ਸ਼ਾਹਿਦ ਤੇ ਅਸ਼ਰਫ ਖਾਨ ਲਾਸ਼ਾਰੀ ਸਨ।
ਕਾਨਫਰੰਸ ਦੇ ਪਹਿਲੇ ਸੈਸ਼ਨ ਵਿੱਚ, ਡਾ. ਅਰਸ਼ਦ ਮਹਿਮੂਦ ਨਾਸ਼ਾਦ, ਸਦਰ ਉਰਦੂ ਡਿਪਾਰਟਮੈਂਟ ਇਲਾਮਾ ਇਕਬਾਲ ਓਪਨ ਯੂਨੀਵਰਸਿਟੀ ਇਸਲਾਮਾਬਾਦ, ਡਾ. ਰਿਆਜ਼ ਸ਼ਾਇਦ ਚੇਅਰਮੈਨ (ਰ), ਪੰਜਾਬੀ ਡਿਪਾਰਟਮੈਂਟ ਜੀ.ਸੀ. ਯੂਨੀਵਰਸਿਟੀ ਫੈਸਲਾਬਾਦ, ਡਾ. ਮੁਹੰਮਦ ਅਯੂਬ, ਪੰਜਾਬੀ ਡਿਪਾਰਟਮੈਂਟ, ਪੋਸਟ ਗਰੈਜੂਏਟ ਕਾਲਜ ਸਮਨ ਆਬਾਦ, ਡਾ. ਸਾਦਤ ਅਲੀ ਸਾਕਬ, ਪੰਜਾਬੀ ਡਿਪਾਰਟਮੈਂਟ, ਪੰਜਾਬ ਯੂਨੀਵਰਸਿਟੀ, ਲਾਹੌਰ, ਡਾ. ਫਜ਼ੀਲਤ ਬਾਨੋ, ਪ੍ਰੋਫੈਸਰ ਮਿਨਹਾਜ ਯੂਨੀਵਰਸਿਟੀ, ਲਾਹੌਰ, ਡਾ. ਅਰਸ਼ਦ ਇਕਬਾਲ ਅਰਸ਼ਦ, ਡਾ. ਅਹਿਸਾਨ ਉਲਾ ਤਾਹਿਰ, ਪੰਜਾਬੀ ਡਿਪਾਰਟਮੈਂਟ, ਗੌਰਮੈਂਟ ਗਰੈਜੂਏਟ ਕਾਲਜ, ਗੁਜਰਾਂਵਾਲਾ, ਪ੍ਰੋਫੈਸਰ ਡਾ. ਮੂਜਾਹਦਾ ਬਟ, ਮੁਹੰਮਦ ਅਖਤਰ, ਡਾ. ਜੇਬੁਨਿਸਾ, ਇਲਾਮਾ ਇਕਬਾਲ ਓਪਨ ਯੂਨੀਵਰਸਿਟੀ, ਇਸਲਾਮਾਬਾਦ, ਡਾ. ਗੁਲਾਮ ਦਸਤਗੀਰ, ਯੂਨੀਵਰਸਿਟੀ ਆਫ ਨਾਰੋਵਾਲ ਤੇ ਮੁਲਕੋਂ ਬਾਹਰ ਵੱਸਦੇ ਪੰਜਾਬੀ ਦਾਨਿਸ਼ਵਰਾਂਡਾ. ਜੋਗਾ ਸਿੰਘ ਵਿਰਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਜਸਬੀਰ ਸਿੰਘ ਸਰਨਾ, ਖੇਤੀ-ਬਾੜੀ ਡਿਪਾਰਟਮੈਂਟ, ਜੰਮੂ ਕਸ਼ਮੀਰ, ਡਾ. ਜਸਵਿੰਦਰ ਸਿੰਘ, ਪ੍ਰੋਫੈਸਰ, ਪੰਜਾਬੀ ਡਿਪਾਰਟਮੈਂਟ, ਖਾਲਸਾ ਕਾਲਜ ਪਟਿਆਲਾ, ਨੇ ਆਪਣੇ ਮਕਾਲੇ ਪੇਸ਼ ਕੀਤੇ।
ਕਾਨਫਰੰਸ ਦੇ ਦੂਜੇ ਸੈਸ਼ਨ ਵਿੱਚ ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਪੇਸ਼ ਕੀਤੀਆਂ ਗਈਆਂ। ਲੋਕ ਗਾਇਕਾਂ ਨੇ ਬੁੱਲ੍ਹੇ ਸ਼ਾਹ ਦਾ ਕਲਾਮ ਸੋਹਣੇ ਤੇ ਸੁਚੱਜੇ ਢੰਗ ਨਾਲ ਪੇਸ਼ ਕੀਤਾ। ਕਾਨਫਰੰਸ ਦੇ ਇਸ ਹਿੱਸੇ ਤੋਂ ਬਾਅਦ ਸਨਮਾਨ ਤੇ ਸਨਦਾਂ ਤਕਸੀਮ ਕੀਤੀਆਂ ਗਈਆਂ। ਪੰਜਾਬੀ ਅਦਬ ਦੀ ਬੇਮਿਸਾਲ ਖਿਦਮਤ ਕਰਨ ਵਾਲੇ ਲਿਖਾਰੀਆਂ ਨੂੰ ਬੁੱਲ੍ਹੇ ਸ਼ਾਹ ਸਨਮਾਨ ਦਿੱਤੇ ਗਏ। ਇਸ ਮੌਕੇ ਸਕੂਲਾਂ ਵਿੱਚ ਪੰਜਾਬੀ ਮਜ਼ਮੂਨ ਨੂੰ ਲਾਜ਼ਮੀ ਪੜਾਉਣ ਦੀ ਮੰਗ ਵੀ ਕੀਤੀ ਗਈ। ਬਾਅਦ ਵਿੱਚ ਦੂਰ ਦੁਰਾਡਿਓਂ ਆਈਆਂ ਹੋਈਆਂ ਸੰਗਤਾਂ ਨੂੰ ਲੰਗਰ ਪੇਸ਼ ਕੀਤਾ ਗਿਆ।
ਕਾਨਫਰੰਸ ਦੇ ਤੀਜੇ ਹਿੱਸੇ ਵਿੱਚ ਕਵੀ ਦਰਬਾਰ ਸਜਾਇਆ ਗਿਆ ਜਿਸ ਦੀ ਸਦਾਰਤ ਮਹਿਬੂਬ ਸਰਮਦ ਲੈਲਪੁਰੀ ਨੇ ਕੀਤੀ। ਡਾ. ਨਿਗਹਾ ਹੱਥ ਖੁਰਸ਼ੀਦ, ਪ੍ਰਿੰਸੀਪਲ (ਰ), ਗੌਰਮੈਂਟ ਕਾਲਜ, ਨਨਕਾਣਾ ਸਾਹਿਬ, ਬਰਾਏ ਖਵਾਤੀਨ, ਬੂਟਾ ਸ਼ਾਕਰ ਲਈਆ, ਸੇਠ ਰੱਬ ਨਵਾਜ ਰੇਡੀਓ ਪਾਕਿਸਤਾਨ ਸਰਗੋਧਾ, ਫਰਹਤ ਸ਼ਕੂਰ ਪਾਕ ਪਤਨ, ਤਾਹਿਰ ਮਹਿਮੂਦ ਤਾਹਿਰ ਸਮੁੰਦਰੀ, ਯਾਸਰ ਨਹੀਂ ਮੁਲਤਾਨ, ਨਰਗਸ ਰਹਿਮਤ ਲੈਲਪੁਰ, ਨਰਗਸ ਨੂਰ ਲਾਹੌਰ, ਗੁਲਫਾਮ ਨਕਵੀ ਪੀਰ ਮਹੱਲ, ਨਵੀਦ ਮਲਕ, ਸ਼ਰੀਫ ਅਰਸ਼ਦ ਸਾਂਗਾ ਮਾਂਗਾ, ਜਾਵੇਦ ਕਮਲ ਮੂਸਾਪੁਰੀ, ਅਦਲ ਮਿਨਹਾਸ ਲਹੌਰੀ, ਇਕਬਾਲ ਦਰਵੇਸ਼, ਯਾਸੀਨ ਯਾਸ, ਅਸ਼ਰਫ ਆਬ, ਮੁਸ਼ਤਾਕ ਕਮਰ ਲਾਹੌਰ, ਫੈਸ਼ਨ ਨਜ਼ੀਰ ਅਨਮੋਲ ਕੰਗਨਪੁਰ, ਤੂਫੈਲ ਫਾਰੂਕੀ, ਜਾਵੇਦ ਸਾਹਿਰ, ਅਰਸ਼ਦ ਸ਼ਾਹਿਦ ਤੇ ਦੂਜੇ ਅਣਗਿਣਤ ਕਵੀਆਂ ਨੇ ਆਪਣਾ-ਆਪਣਾ ਕਲਾਮ ਪੇਸ਼ ਕੀਤਾ ਤੇ ਬਾਬਾ ਬੁੱਲੇ ਸ਼ਾਹ ਨੂੰ ਨਜ਼ਰਾਨਾ ਪੇਸ਼ ਕੀਤਾ।
ਕਾਨਫਰੰਸ ਦੇ ਅਖੀਰ ਤੇ ਡਾ. ਰਿਆਜ਼ ਅੰਜਮ ਸਦਰ ਬੁੱਲ੍ਹੇ ਸ਼ਾਹ ਅਦਬੀ ਸੰਗਤ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਇਸ ਕਾਨਫਰੰਸ ਨੂੰ ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਲਈ ਮੀਂਹ ਦੀ ਪਹਿਲੀ ਕਣੀ ਆਖਿਆ। ਬੁੱਲੇ ਸ਼ਾਹ ਅਦਬੀ ਸੰਗਤ ਦੇ ਸਾਰੇ ਉਹਦੇਦਾਰਾਂ ਨੇ ਆਪਣਾ ਭਰਪੂਰ ਕਿਰਦਾਰ ਅਦਾ ਕੀਤਾ ਤੇ ਸਭ ਨੇ ਡਾ. ਰਿਆਜ਼ ਅੰਜੁਮ ਨੂੰ ਕਾਮਯਾਬ ਪ੍ਰੋਗਰਾਮ ਲਈ ਮੁਬਾਰਕਬਾਦ ਦਿੱਤੀ।