ਬਠਿੰਡਾ ਪੁਲਿਸ ਨੇ ਬੁਲਾਇਆ ਫਿਰੌਤੀ ਮੰਗਣ ਵਾਲਿਆਂ ਦਾ ਬੰਬੀਹਾ
ਅਸ਼ੋਕ ਵਰਮਾ
ਬਠਿੰਡਾ,19 ਸਤੰਬਰ 2024:ਬਠਿੰਡਾ ਪੁਲਿਸ ਨੇ ਇੱਕ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਮ ਤੇ ਬਣੇ ਬੰਬੀਹਾ ਗਰੁੱਪ ਦੇ ਨਾਮ ਹੇਠ ਧਮਕੀਆਂ ਦੇਕੇ ਫਿਰੌਤੀ ਮੰਗਣ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਗ੍ਰਿਫਤਾਰ ਕੀਤੇ ਇੱਕ ਮੁਲਜਮ ਦੀ ਲੱਤ ਤੇ ਪਲਸਤਰ ਲੱਗਿਆ ਹੈ ਜਿਸ ਕਰਕੇ ਉਸ ਨੂੰ ਚੱਲਣ ’ਚ ਵੀ ਦਿੱਕਤ ਆ ਰਹੀ ਸੀ।
ਹਾਲਾਂਕਿ ਪੁਲਿਸ ਨੇ ਮੁਲਜਮ ਦੇ ਸੱਟ ਲੱਗਣ ਪਿੱਛੇ ਆਪਣੀ ਹੀ ਦਲੀਲ ਦਿੱਤੀ ਹੈ ਪਰ ਪਿਛਲੇ ਕੁੱਝ ਦਿਨਾਂ ਤੋਂ ਪੁਲਿਸ ਵੱਲੋਂ ਗ੍ਰਿਫਤਾਰ ਮੁਲਜਮਾਂ ਦੀਆਂ ਲੱਤਾਂ ਤੇ ਸੱਟਾਂ ਵੱਜਣ ਦੇ ਮਾਮਲੇ ਸਾਹਮਣੇ ਆਉਣ ਕਾਰਨ ਤਾਜਾ ਮਾਮਲਾ ਵੀ ਚੁੰਝ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਐਸਐਸਪੀ ਅਮਨੀਤ ਕੌਂਡਲ ਨੇ ਇਸ ਕਾਮਯਾਬੀ ਸਬੰਧੀ ਖੁਲਾਸਾ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ।
ਇਸ ਮੌਕੇ ਐੱਸ.ਪੀ (ਇੰਨਵੈ.) ਬਠਿੰਡਾ ਅਜੇ ਗਾਂਧੀ ,ਡੀਐਸਪੀ ਰਜੇਸ਼ ਸ਼ਰਮਾ ,ਡੀਐਸਪੀ ਸਿਟੀ 2 ਸਰਬਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। ਐਸ ਐਸ ਪੀ ਨੇ ਦੱਸਿਆ ਕਿ ਇਸ ਮਾਮਲੇ ’ਚ ਪੀੜਤ ਮੁਦੱਈ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ 16 ਸਤੰਬਰ ਨੂੰ ਉਸ ਦੇ ਫੋਨ ਤੇ ਫਿਰੌਤੀ ਦੀ ਮੰਗ ਕਰਨ ਸਬੰਧੀ ਵੱਟਸਐਪ ਕਾਲ ਆਈ ਸੀ ।
ਫੋਨ ਕਰਨ ਵਾਲੇ ਨੇ ਖੁਦ ਨੂੰ ਬੰਬੀਹਾ ਗਰੁੱਪ ਨਾਲ ਸਬੰਧਤ ਹੋਣ ਬਾਰੇ ਦੱਸਿਆ ਅਤੇ ਧਮਕੀ ਭਰੇ ਲਹਿਜ਼ੇ ’ਚ ਕਿਹਾ ਕਿ ਉਨ੍ਹਾਂ ਨੇ ਬਠਿੰਡਾ ’ਚ ਹਰਮਨ ਅੰਮ੍ਰਿਤਸਰੀ ਕੁਲਚਾ ਵਾਲੇ ਦਾ ਕਤਲ ਕੀਤਾ ਇਸ ਲਈ ਜੇਕਰ ਪੈਸੇ ਨਾਂ ਦਿੱਤੇ ਤਾਂ ਉਸ ਨੂੰ ਵੀ ਜਾਨੋ ਮਾਰ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਦੀ ਗੁੱਥੀ ਨੂੰ ਸੁਲਝਾਉਣ ਲਈ ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ -1 ਬਠਿੰਡਾ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਅਧੁਨਿਕ ਤਕਨੀਕਾਂ ਅਤੇ ਗੁਪਤ ਸੂਤਰਾਂ ਦੇ ਅਧਾਰ ਤੇ ਪਰਮਿੰਦਰ ਸਿੰਘ ਉਰਫ ਗੋਲੂ ਪੁੱਤਰ ਅਮਰ ਸਿੰਘ ਵਾਸੀ ਦੋਦੀਆ ਵਾਲੀ ਗਲੀ ਪ੍ਰੀਤ ਨਗਰ ਗਿੱਦੜਬਾਹਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਸੁਸ਼ੀਲ ਕੁਮਾਰ ਉਰਫ ਟਿਕੋਲ ਪੁੱਤਰ ਸ਼ੰਕਰ ਲਾਲ ਵਾਸੀ ਸਿੱਖਾਂ ਵਾਲੀ ਢਾਹਣੀ ਚੌਟਾਲਾ, ਜਿਲ੍ਹਾ ਸਿਰਸਾ ਨੂੰ ਬਠਿੰਡਾ ਨਹਿਰ ਦੀ ਪਟੜੀ ਤੋਂ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜਮਾਂ ਕੋਲੋਂ ਧਮਕੀਆਂ ਦੇਣ ਲਈ ਵਰਤਿਆ ਮੋਬਾਇਲ, 32 ਬੋਰ ਦਾ ਦੇਸੀ ਪਿਸਤੌਲ ਅਤੇ 4 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਕਾਰਵਾਈ ਦੌਰਾਨ ਇੱਕ ਮੋਟਰਸਾਈਕਲ ਵੀ ਕਬਜੇ ’ਚ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮਾਂ ਨੇ ਅੱਜ ਡਰਾਉਣ ਧਮਕਾਉਣ ਲਈ ਅੱਜ ਮੁਦਈ ਦੀ ਰਿਹਾਇਸ਼ ਦੇ ਅੱਗੇ ਫਾਇਰਿੰਗ ਕਰਨੀ ਸੀ। ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਪੁੱਛਗਿੱਛ ਕਰੇਗੀ ਜਿਸ ਦੌਰਾਨ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।\
ਸਾਲ 2023 ’ਚ ਹੋਇਆ ਸੀ ਕਤਲ
ਦੱਸਣਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਅਕਤੂਬਰ 2023 ਦੌਰਾਨ ਮਾਲ ਰੋਡ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹਰਮਨ ਅੰਮ੍ਰਿਤਸਰੀ ਕੁਲਚਾ ਸ਼ਾਪ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੀ ਉਸ ਦੀ ਮਾਲ ਰੋਡ ਤੇ ਸਥਿੱਤ ਦੁਕਾਨ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਇਸ ਮੌਕੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਹਰਜਿੰਦਰ ਸਿੰਘ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ ਸਨ।
ਗੋਲੀਆਂ ਲੱਗਣ ਨਾਲ ਗੰਭੀਰ ਰੂਪ ’ਚ ਜਖਮੀ ਹਰਜਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਜਿੱਥੇ ਜਖਮਾਂ ਦੀ ਤਾਬ ਨਾਂ ਝੱਲਦਿਆਂ ਉਸ ਦੀ ਮੌਤ ਹੋ ਗਈ। ਪੰਜਾਬ ਪੁਲਿਸ ਨੇ ਕਤਲ ਦਾ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਸੀ ਪਰ ਇਸ ਵਾਰਦਾਤ ਪਿੱਛੇ ਕਾਰਨ ਕੀ ਸੀ ਅੱਜ ਵੀ ਭੇਦ ਬਣਿਆ ਹੋਇਆ ਹੈ ਜੋ ਅੱਜ ਵੀ ਦਹਿਸ਼ਤ ਦਾ ਕਾਰਨ ਹੈ।