ਡੀ.ਜੀ.ਪੀ. ਪੰਜਾਬ ਨੇ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਕੀਤੀ ਸ਼ੁਰੂਆਤ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਪੰਜਾਬ ਵਿੱਚ ਔਰਤਾਂ ਲਈ ਇੱਕ ਸੁਰੱਖਿਅਤ, ਵਧੇਰੇ ਸਮਰੱਥ ਭਵਿੱਖ ਸਿਰਜਣ ਲਈ ਵਚਨਬੱਧ
- ਇਹ ਪ੍ਰੋਜੈਕਟ ਪੰਜਾਬ ਪੁਲਿਸ ਅਤੇ ਗੈਰ-ਸਰਕਾਰੀ ਸੰਗਠਨ ਨਈ ਸ਼ੁਰੂਆਤ ਦੀ ਸਾਂਝੀ ਪਹਿਲਕਦਮੀ
- ਸਿਵਲ ਹਸਪਤਾਲ ਐਸ.ਏ.ਐਸ. ਨਗਰ ਤੋਂ ਸ਼ੁਰੂ ਹੋਵੇਗਾ ਪਾਇਲਟ ਪ੍ਰੋਜੈਕਟ ਅਤੇ ਫਿਰ ਸੂਬੇ ਭਰ ਵਿੱਚ ਕੀਤਾ ਜਾਵੇਗਾ ਇਸ ਦਾ ਵਿਸਥਾਰ : ਡੀਜੀਪੀ ਗੌਰਵ ਯਾਦਵ
- ਪੰਜਾਬ ਪੁਲਿਸ ਨੇ 25 ਅਪ੍ਰੈਲ, 2024 ਨੂੰ ਨਈ ਸ਼ੁਰੂਆਤ ਨਾਲ ਸਮਝੌਤਾ ਕੀਤਾ ਸਹੀਬੱਧ
ਚੰਡੀਗੜ੍ਹ, 19 ਸਤੰਬਰ 2024 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੇ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਦੇ ਮੱਦੇਨਜ਼ਰ ‘ਸਾਂਝ ਰਾਹਤ ਪ੍ਰੋਜੈਕਟ’ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦਾ ਉਦੇਸ਼ ਘਰੇਲੂ ਹਿੰਸਾ ਦੇ ਪੀੜਤਾਂ ਨੂੰ ਸਸ਼ਕਤ ਕਰਨ ਲਈ ਜ਼ਰੂਰੀ ਮਨੋਵਿਗਿਆਨਕ-ਸਮਾਜਿਕ-ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਅਤੇ ਉਹਨਾਂ ਨੂੰ ਹਿੰਸਾ-ਮੁਕਤ ਜੀਵਨ ਜਿਉਣ ਦੇ ਯੋਗ ਬਣਾਉਣਾ ਹੈ। ਇਹ ਪ੍ਰੋਜੈਕਟ, ਪੀੜਤਾਂ ਨੂੰ ਉਨ੍ਹਾਂ ਦੇ ਆਉਣ ਵਾਲੇ ਜੀਵਨ ਬਾਰੇ ਫੈਸਲਾ ਲੈਣ ਵਿੱਚ ਮਦਦ ਕਰਨ ਲਈ ਲੋੜੀਂਦੇ ਸਰੋਤਾਂ ਅਤੇ ਸੇਵਾਵਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਇਹ ਪ੍ਰੋਜੈਕਟ ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਅਤੇ ਨਈ ਸ਼ੁਰੂਆਤ, ਜੋ ਕਿ ਔਰਤਾਂ ਦੇ ਸਸ਼ਕਤੀਕਰਨ ’ਤੇ ਕੇਂਦਰਿਤ ਇੱਕ ਇੰਦੌਰ-ਅਧਾਰਤ ਐਨ.ਜੀ.ਓ. ਹੈ , ਦੇ ਵਿਚਕਾਰ ਇੱਕ ਸਾਂਝੀ ਪਹਿਲਕਦਮੀ ਹੈ, ਜਿਸ ਦੇ ਮੁੱਖ ਭਾਈਵਾਲਾਂ ਵਿੱਚ ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ, ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਾਮਲ ਹਨ।
ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਸਕੱਤਰ ਕੁਮਾਰ ਰਾਹੁਲ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਮਹਿਲਾ ਮਾਮਲੇ ਪੰਜਾਬ ਗੁਰਪ੍ਰੀਤ ਕੌਰ ਦਿਓ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਸ ਪਹਿਲਕਦਮੀ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਆਫੀਸਰਜ਼ ਇੰਸਟੀਚਿਊਟ ਤੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ ਸ਼ੁਰੂਆਤੀ ਤੌਰ ’ਤੇ ਇਸ ਪ੍ਰੋਜੈਕਟ ਨੂੰ ਸਿਵਲ ਹਸਪਤਾਲ, ਐਸ.ਏ.ਐਸ.ਨਗਰ ਵਿੱਚ ਇੱਕ ਪਾਇਲਟ ਪ੍ਰੋਗਰਾਮ ਵਜੋਂ ਸ਼ੁਰੂ ਕੀਤਾ ਗਿਆ ਹੈ ਅਤੇ ਫਿਰ ਇਸ ਦਾ ਸੂਬੇ ਭਰ ’ਚ ਵਿਸਥਾਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ‘ਸਾਂਝ ਰਾਹਤ’ ਪਹਿਲਕਦਮੀ ਔਰਤਾਂ ਨੂੰ ਹਿੰਸਾ ਰਹਿਤ ਜੀਵਨ ਲਈ ਢੁਕਵੇਂ ਤੇ ਸੂਝਵਾਨ ਫੈਸਲੇ ਲੈਣ ਲਈ ਸ਼ਕਤੀ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਸਹਾਇਤਾ ਕਰਨ ਲਈ ਸਿਵਲ ਹਸਪਤਾਲ, ਮੋਹਾਲੀ ਵਿਖੇ ਦੋ ਸਮਰਪਿਤ ਕਾਊਂਸਲਰ ਤਾਇਨਾਤ ਕੀਤੇ ਗਏ ਹਨ, ਜਿਸ ਨਾਲ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ ਸਹਾਇਤਾ ਸੇਵਾਵਾਂ ਵਿੱਚ ਮੌਜੂਦਾ ਘਾਟ ਨੂੰ ਪੂਰਾ ਕੀਤਾ ਜਾਵੇਗਾ ।
ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ, ਪੰਜਾਬ ਪੁਲਿਸ ਨੇ 25 ਅਪ੍ਰੈਲ, 2024 ਨੂੰ ‘ਨਈ ਸ਼ੁਰੂਆਤ’ ਨਾਲ ਸਮਝੌਤਾ ਸਹੀਬੱਧ ਕੀਤਾ ਸੀ।
ਹੋਰ ਜਾਣਕਾਰੀ ਦਿੰਦਿਆਂ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਇਹ ਪ੍ਰਾਜੈਕਟ ਘਰੇਲੂ ਹਿੰਸਾ ਦੇ ਪੀੜਤਾਂ ਨੂੰ ਬਿਹਤਰ ਤਾਲਮੇਲ ਨਾਲ ਸਹਾਇਤਾ ਪ੍ਰਦਾਨ ਕਰਨ ਅਤੇ ਘਰੇਲੂ ਹਿੰਸਾ ਦੀਆਂ ਪੀੜਤ ਔਰਤਾਂ ਨੂੰ ਲੋੜ ਅਧਾਰਤ ਸਹਾਇਤਾ ਲਈ ਸੰਸਥਾਵਾਂ ਅਤੇ ਵਿਅਕਤੀਆਂ ਦਾ ਨੈਟਵਰਕ ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਮਹਿਲਾ ਪੁਲਿਸ ਅਫਸਰਾਂ ਅਤੇ ਸਟੇਸ਼ਨ ਹਾਊਸ ਅਫਸਰਾਂ (ਐਸਐਚਓਜ਼) ਲਈ ਜਾਗਰੂਕਤਾ ਸਿਖਲਾਈ ਸੈਸ਼ਨ ਵੀ ਕਰਵਾਏ ਜਾ ਰਹੇ ਹਨ।
ਦੱਸਣਯੋਗ ਹੈ ਕਿ ਅੱਜ ਐਸ.ਏ.ਐਸ.ਨਗਰ ਦੀ ਮਹਿਲਾ ਪੁਲਿਸ ਅਤੇ ਜ਼ਿਲੇ ਦੇ 10 ਐਸ.ਐਚ.ਓਜ਼ ਲਈ ਸਮੇਤ ਇੱਕ ਰੋਜ਼ਾ ਜਾਗਰੂਕਤਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਦਕਿ ਭਲਕੇ ਸ਼ੁੱਕਰਵਾਰ ਨੂੰ ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਜ਼ਿਲੇ ਦੇ ਮਹਿਲਾ ਪੁਲਿਸ ਅਧਿਕਾਰੀਆਂ ਅਤੇ ਐਸ.ਐਚ.ਓਜ਼ ਲਈ ਤਕਨੀਕੀ ਸੈਸ਼ਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵੱਲੋਂ ਸਿਵਲ ਹਸਪਤਾਲ ਐਸ.ਏ.ਐਸ.ਨਗਰ ਵਿਖੇ ਸਾਂਝ ਰਾਹਤ ਰਿਸੋਰਸ ਸੈਂਟਰ ਦੇ ਤਾਲਮੇਲ ਨਾਲ ਕੰਮ ਕੀਤਾ ਜਾਵੇਗਾ ਤਾਂ ਜੋ ਲੋੜ ਪੈਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਨਈ ਸ਼ੁਰੂਆਤ ਦੇ ਟਰੱਸਟੀ ਅਮੁਲਿਆ ਨਿਧੀ ਵੱਲੋਂ ਸਾਂਝ ਰਾਹਤ ਪ੍ਰਾਜੈਕਟ ਦੇ ਪਿਛੋਕੜ ਅਤੇ ਸੰਕਲਪ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਜਯਾ ਵੇਲੰਕਰ, ਡਾ. ਰੰਗੋਲੀ ਗੁਪਤਾ ਅਤੇ ਸ਼ੈਲਜਾ ਅਰਾਲਕਰ ਸਮੇਤ ਉੱਘੇ ਮਾਹਿਰਾਂ ਨੇ ‘ਲਿੰਗੀ ਸਮਾਨਤਾ ਅਤੇ ਔਰਤਾਂ ਵਿਰੁੱਧ ਹਿੰਸਾ’, ‘ਅੰਤਰ-ਖੇਤਰੀ ਤਾਲਮੇਲ’ ਅਤੇ ’ਔਰਤਾਂ ਵਿਰੁੱਧ ਹਿੰਸਾ ਲਈ ਮਹਿਲਾ-ਕੇਂਦਰਿਤ ਪਹੁੰਚ’ ਸਮੇਤ ਗੰਭੀਰ ਵਿਸ਼ਿਆਂ ’ਤੇ ਸੈਸ਼ਨਾਂ ਦੀ ਅਗਵਾਈ ਕੀਤੀ। ਸਿਖਲਾਈ ਸੈਸ਼ਨਾਂ ਦੇ ਅੰਤ ਵਿੱਚ ਚਰਚਾ ਅਤੇ ਭਾਗੀਦਾਰਾਂ ਦੇ ਵਿਚਾਰ ਹਿਤ ਸੈਸ਼ਨ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਮੈਡੀਕਲ ਕਾਲਜ ਐਸ.ਏ.ਐਸ.ਨਗਰ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਸਿਵਲ ਹਸਪਤਾਲ ਐਸ.ਏ.ਐਸ ਨਗਰ ਦੇ ਮਨੋਵਿਗਿਆਨੀ ਡਾ. ਮਨਤਾਜ ਕੌਰ ਸਮੇਤ ਪ੍ਰਮੁੱਖ ਅਧਿਕਾਰੀ ਮੌਜੂਦ ਸਨ। ਇਸ ਮੌਕੇ ਐਸਪੀ/ਸੀਏਡੀ ਦੀਪਿਕਾ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।