ਗੱਦਾ ਫੈਕਟਰੀ ਦੀ ਅੱਗ ਨੇ ਰੋਹੀ ਦਾ ਰੁੱਖ ਬਣਾਈਆਂ ਮਾਵਾਂ
ਅਸ਼ੋਕ ਵਰਮਾ
ਬਠਿੰਡਾ ,19 ਸਤੰਬਰ 2024: ਬਠਿੰਡਾ ਜਿਲ੍ਹੇ ਦੇ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਸ਼ੇਰਗੜ੍ਹ ਵਿੱਚ ਜਿੱਧਰ ਨਿਗ੍ਹਾ ਮਾਰੋ, ਹਰ ਪਾਸੇ ਸੰਨਾਟਾ ਛਾਇਆ ਹੈ। ਕਿਧਰੇ ਭਾਵੁਕਤਾ ਦਾ ਵਹਿਣ ਹੈ, ਕਿਧਰੇ ਸੰਵੇਦਨਾ ਤੇ ਕਿਧਰੇ ਸਹਿਮ ਭਾਰੂ ਹੈ। ਅੱਗ ਦੀ ਇਸ ਘਟਨਾ ਮਗਰੋਂ ਪਿੰਡ ’ਚ ਦਹਿਲ ਤੇ ਦਹਿਸ਼ਤ ਬਣੀ ਹੋਈ ਹੈ। ਫੈਕਟਰੀ ’ਚ ਅੱਗ ਬੁਝਾਊ ਪ੍ਰਬੰਧ ਨਾਂ ਹੋਣ ਕਰਕੇ ਲੋਕ ਪ੍ਰਸ਼ਾਸ਼ਨ ਦੇ ਅਫਸਰਾਂ ਨਾਲ ਵੀ ਨਾਰਾਜ ਹਨ। ਪਿੰਡ ਸ਼ੇਰਗੜ੍ਹ ਲਈ 18 ਸਤੰਬਰ ਦਾ ਦਿਨ ਕਹਿਰ ਵਾਲਾ ਚੜ੍ਹਿਆ ਜਦੋਂ ਨਜ਼ਦੀਕ ਪੈਂਦੀ ਫੋਮ ਦੇ ਗੱਦੇ ਬਨਾਉਣ ਵਾਲੀ ਫੈਕਟਰੀ ’ਚ ਅੱਗ ਲੱਗਣ ਨਾਲ ਪਿੰਡ ਦੇ ਤਿੰਨ ਗੱਭਰੂ ਮੁੰਡਿਆਂ ਦੀ ਮੌਤ ਦੀ ਖਬਰ ਆਈ। ਨੌਜਵਾਨ ਵਿਜੇ ਕੁਮਾਰ (20) ਪੁੱਤਰ ਪੰਨਾ ਸਿੰਘ, ਨਰਿੰਦਰ ਸਿੰਘ (19) ਪੁੱਤਰ ਬੀਰਾ ਸਿੰਘ ਤੇ ਲਖਵੀਰ ਸਿੰਘ ਉਰਫ ਬੱਗਾ (20) ਪੁੱਤਰ ਗੁਰਮੀਤ ਸਿੰਘ ਨੇ ਤਾਂ ਅਜੇ ਜਿੰਦਗੀ ਸ਼ੁਰੂ ਕਰਨੀ ਸੀ। ਪਿੰਡ ’ਚ ਹੋਈਆਂ ਕਹਿਰ ਦੀਆਂ ਮੌਤਾਂ ਕਾਰਨ ਕਿਸੇ ਘਰ ਚੁੱਲ੍ਹਾ ਨਹੀਂ ਬਲਿਆ।
ਅੱਗ ਦੇ ਰੂਪ ’ਚ ਆਏ ਇਸ ਅਣਕਿਆਸੇ ਕਹਿਰ ਨੇ ਤਿੰਨਾਂ ਮਾਵਾਂ ਨੂੰ ਰੋਹੀ ਦੇ ਰੁੱਖਾਂ ਵਾਂਗ ਬਣਾ ਦਿੱਤਾ ਹੈ। ਜਿੰਦਗੀ ਤੀਲਾ ਤੀਲਾ ਹੋ ਗਈ ਜਦੋਂ ਮਾਵਾਂ ਨੂੰ ਬਾਹਰੋ ਮਿਲਿਆ ਕਿ ਉਨ੍ਹ੍ਹਾਂ ਦੇ ਜਾਏ ਹੁਣ ਕਦੇ ਘਰ ਨਹੀਂ ਪਰਤਣਗੇ। ਭਿਆਨਕ ਅੱਗ ਦੇ ਸੇਕ ਨੇ ਇਨ੍ਹਾਂ ਮਾਪਿਆਂ ਦੇ ਅਰਮਾਨਾਂ ਨੂੰ ਵੀ ਇੱਕੋ ਪਲ ’ਚ ਲਹੂ ਲੁਹਾਣ ਦਿੱਤਾ। ਮਾਪਿਆਂ ਦੇ ਸੁਪਨੇ ਇੱਕ ਛਿਣ ’ਚ ਹੀ ਕੁਚਲੇ ਗਏ ਜਿਨ੍ਹਾਂ ਨੇ ਪੁੱਤਰਾਂ ਨੂੰ ਘਰੋਂ ਤੋਰਿਆ ਸੀ ਕਿ ਸਵੇਰ ਨੂੰ ਆਉਣਗੇ ਪਰ ਆਈਆਂ ਲਾਸ਼ਾਂ। ਇੱਕ ਨੌਜਵਾਨ ਦੀ ਤਾਂ ਲਾਸ਼ ਦੀ ਥਾਂ ਪਿੰਜਰ ਹੀ ਮਿਲਿਆ ਹੈ ਜੋ ਅੱਗ ਦੀ ਭਿਆਨਕਤਾ ਦੱਸਣ ਲਈ ਕਾਫੀ ਹੈ। ਦਿਨ ਚੜ੍ਹਿਆ ਤਾਂ ਨਵੇਂ ਖਿਆਲਾਂ ਨਾਲ ਸੀ ਪ੍ਰੰਤੂ ਅਰਮਾਨ ਦਿਨ ਦਿਹਾੜੇ ਲੁੱਟੇ ਜਾਣਗੇ, ਮਾਂਵਾਂ ਨੂੰ ਇਸ ਦਾ ਇਲਮ ਨਹੀਂ ਸੀ। ਅੱਜ ਪਿੰਡ ਸ਼ੇਰਗੜ੍ਹ ਦੇ ਤਿੰਨ ਘਰਾਂ ਵਿਚ ਹੀ ਨਹੀਂ ਬਲਕਿ ਸਮੁੱਚੇ ਪਿੰਡ ’ਚ ਦਰਦਾਂ ਦਾ ਦਰਿਆ ਵਗਿਆ ਅਤੇ ਹੰਝੂਆਂ ਤੇ ਹੌਕਿਆਂ ਦੀ ਝੜੀ ਲੱਗੀ।
ਮਾਪਿਆਂ ਦੇ ਗੱਭਰੂ ਪੁੱਤਾਂ ਦਾ ਇੰਨੀ ਬੇਰਹਿਮੀ ਨਾਲ ਮੌਤ ਦੇ ਮੂੰਹ ਚਲੇ ਜਾਣਾ ਕਿਸੇ ਕੋਲੋਂ ਵੀ ਝੱਲਿਆ ਨਹੀਂ ਜਾ ਰਿਹਾ। ਪਿੰਡ ਦਾ ਮਾਹੌਲ ਇਸ ਕਦਰ ਉਦਾਸ ਹੈ ਕਿ ਅੱਜ ਵੀ ਸ਼ੇਰਗੜ੍ਹ ’ਚ ਕਿਧਰੇ ਵੀ ਚਹਿਲ ਪਹਿਲ ਦਿਖਾਈ ਨਹੀਂ ਦਿੱਤੀ ਹੈ। ਪੀੜਤ ਪੀ੍ਰਵਾਰਾਂ ਦੇ ਆਰਥਿਕ ਹਾਲਾਤ ਚੰਗੇ ਨਹੀਂ ਸਨ ਜਿਸ ਕਰਕੇ ਉਹ ਦਿਨ ’ਚ ਪੜ੍ਹਾਈ ਕਰਨ ਤੋਂ ਬਾਅਦ ਸ਼ਾਮ ਨੂੰ ਫੈਕਟਰੀ ਵਿੱਚ ਮਜ਼ਦੂਰੀ ਲਈ ਚਲੇ ਜਾਂਦੇ ਸਨ। ਲਖਵੀਰ ਸਿੰਘ ਦਾ 19 ਸਤੰਬਰ ਨੂੰ ਜਨਮ ਦਿਨ ਸੀ ਜਿਸ ਨੂੰ ਮਨਾਉਣ ਲਈ ਉਹ ਵਿਉਂਤਬੰਦੀ ਕਰ ਰਿਹਾ ਸੀ ਪਰ ਹੋਣੀ ਅੱਗਿਓਂ ਅਜਿਹਾ ਸ਼ਰੀਕ ਬਣਕੇ ਟੱਕਰੀ। ਪਿੱਛੇ ਪ੍ਰੀਵਾਰ ’ਚ ਹੁਣ ਲਖਵੀਰ ਸਿੰਘ ਦਾ ਭਰਾ ਅਤੇ ਇੱਕ ਭੈਣ ਰਹਿ ਗਏ ਹਨ। ਜਾਣਕਾਰੀ ਅਨੁਸਾਰ ਲਖਵੀਰ ਸਿੰਘ ਫੌਜ ’ਚ ਭਰਤੀ ਹੋਕੇ ਮਾਪਿਆਂ ਨੂੰ ਚੰਗੀ ਜਿੰਦਗੀ ਦੇਣ ਦੀ ਇੱਛਾ ਰੱਖਦਾ ਸੀ ਪਰ ਸਫਲ ਨਾਂ ਹੋ ਸਕਿਆ। ਉਸ ਨੂੰ ਪੰਜਾਬ ਪੁਲਿਸ ਦੀ ਭਰਤੀ ’ਚ ਵੀ ਸਫਲਤਾ ਨਾਂ ਮਿਲ ਸਕੀ।
ਮ੍ਰਿਤਕ ਵਿਜੇ ਕੁਮਾਰ ਦੀ ਮਾਂ ਨਾਂਲ ਤਾਂ ਜੱਗੋਂ ਤੇਰ੍ਹਵੀਂ ਹੋਈ ਹੈ। ਵਿਜੇ ਇਕਲੌਤਾ ਪੁੱਤਰ ਸੀ ਜਿਸ ਦੇ ਪਿਤਾ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਵਿਜੇ ਦੀ ਮਾਂ ਆਪਣੇ ਲਾਲ ਨੂੰ ਪੜ੍ਹਾਉਣ ਲਈ ਘਰਾਂ ’ਚ ਕੰਮ ਕਰਦੀ ਸੀ। ਪੁੱਤ ਦੇ ਇੰਜ ਚਲੇ ਜਾਣ ਦੀ ਖਬਰ ਮਿਲਣ ਤੋਂ ਮਗਰੋਂ ਉਸ ਦੇ ਮੂੰਹੋਂ ਬੋਲ ਹੀ ਨਹੀਂ ਨਿੱਕਲ ਰਹੇ ਹਨ। ਉਸ ਦੇ ਅਰਮਾਨ ਸਨ ਕਿ ਪੁੱਤ ਪੜ੍ਹ ਲਿਖਕੇ ਉਸ ਨੂੰ ਚੰਗੀ ਜਿੰਦਗੀ ਦੇਵੇਗਾ ਪਰ ਚੰਦਰੀ ਅੱਗ ਨੇ ਉਸਦੇ ਸੁਪਨਿਆਂ ਨੂੰ ਹਾਣ ਦਾ ਨਹੀਂ ਹੋਣ ਦਿੱਤਾ। ਬਾਰ੍ਹਵੀ ਕਲਾਸ ਦਾ ਵਿਦਿਆਰਥੀ ਨਰਿੰਦਰ ਸਿੰਘ ਘਰ ਦਾ ਖਰਚਾ ਚਲਾਉਂਦਾ ਸੀ। ਮਾਂ ਘਰਾਂ ’ਚ ਕੰਮ ਕਰਕੇ ਪ੍ਰੀਵਾਰ ਪਾਲਦੀ ਹੈ। ਪੁੱਤ ਦੀ ਮੌਤ ਦੀ ਖਬਰ ਸੁਣਕੇ ਮਾਂ ਮਨਦੀਪ ਕੌਰ ਬੇਹੋਸ਼ ਹੋ ਗਈ ਤਾਂ ਉਸ ਨੂੰ ਹੋਸ਼ ’ਚ ਲਿਆਉਣ ਲਈ ਡਾਕਟਰ ਬੁਲਾਉਣਾ ਪਿਆ ਸੀ। ਹੁਣ ਵੀ ਉਹ ਪੁੱਤ ਦੀ ਉਡੀਕ ’ਚ ਡੌਰ ਭੌਰਿਆਂ ਵਾਂਗ ਲਗਾਤਾਰ ਬੂਹੇ ਵੱਲ ਟਿਕਟਕੀ ਲਾਕੇ ਦੇਖ ਰਹੀ ਹੈ।
ਅੱਗ ਨੇ ਦਿਖਾਈ ਮਾਵਾਂ ਨੂੰ ਢਲਦੀ ਸ਼ਾਮ
ਸਾਹਿਤਕ ਆਗੂ ਅਮਨਦਾਤੇਵਾਸੀਆ ਦਾ ਕਹਿਣਾ ਸੀ ਕਿ ਪਿੰਡ ਸ਼ੇਰਗੜ੍ਹ ਦੇ ਪੀੜਤ ਪ੍ਰੀਵਾਰਾਂ ਦੀ ਇੱਕੋ ਚੀਸ ਦੀ ਸਾਂਝ ਹੈ ਜਿਨ੍ਹ੍ਹਾਂ ਨੂੰ ਦੂਰ ਤੁਰ ਗਏ ਪੁੱਤਾਂ ਦਾ ਗਮ ਕਦੇ ਨਹੀਂ ਭੁੱਲ ਸਕੇਗਾ। ਉਨ੍ਹਾਂ ਕਿਹਾ ਕਿ ਮਾਵਾਂ ਨੇ ਦਿਨ ਚੜ੍ਹਦੇ ਨਵੀਂ ਆਸ ਦਾ ਸੂਰਜ ਦੇਖਿਆ ਸੀ ਪ੍ਰੰਤੂ ਕਿਸਮਤ ਨੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਜ਼ਿੰਦਗੀ ਦੀ ਢਲਦੀ ਸ਼ਾਮ ਦਿਖਾ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਘਰਾਂ ’ਚ ਚਿੜੀਆਂ ਦੀ ਚਹਿਕਣ ਬੰਦ ਹੋ ਗਈ ਹੈ ਜਿਨ੍ਹਾਂ ਦਾ ਵਕਤ ਨੇ ਸਮੇਂ ਤੋਂ ਪਹਿਲਾਂ ਹੀ ਚੋਗਾ ਮੁਕਾ ਦਿੱਤਾ ਹੈ।
ਅੰਤਿਮ ਸਸਕਾਰ ਸ਼ੁੱਕਰਵਾਰ ਨੂੰ
ਪਿੰਡ ਸ਼ੇਰਗੜ੍ਹ ਦੇ ਤਿੰਨਾਂ ਨੌਜਵਾਨਾਂ ਦੀ ਮੌਤ ਦੇ ਮਾਮਲੇ ’ਚ ਪਿੰਡ ਦੀ ਪੰਚਾਇਤ ਅਤੇ ਕਿਸਾਨ ਧਿਰਾਂ ਵੱਲੋਂ ਪੀੜਤ ਪ੍ਰੀਵਾਰਾਂ ਲਈ ਮੁਆਵਜੇ ਦੀ ਮੰਗ ਬਠਿੰਡਾ ਪ੍ਰਸ਼ਾਸ਼ਨ ਨੇ ਮੰਨ ਲਈ ਹੈ। ਹੁਣ ਸ਼ੁੱਕਰਵਾਰ ਨੂੰ ਮ੍ਰਿਤਕਾਂ ਦਾ ਅੰਤਿਮ ਸਸਕਾਰ ਕੀਤਾ ਜਾਏਗਾ। ਪਿੰਡ ਦੇ ਸਰਪੰਚ ਨਾਹਰ ਸਿੰਘ ਨੇ ਦੱਸਿਆ ਕਿ ਹਰ ਪ੍ਰੀਵਾਰ ਨੂੰ 30-30 ਲੱਖ ਰੁਪਏ ਮੁਆਵਜਾ ਦੇਣ ਦੀ ਸਹਿਮਤੀ ਬਣੀ ਹੈ। ਉਨ੍ਹਾਂ ਦੱਸਿਆ ਕਿ ਇਸ ਚੋਂ 10-10 ਲੱਖ ਰੁਪਏ ਦੇ ਚੈਕ ਸ਼ੁੱਕਰਵਾਰ ਨੂੰ ਦਿੱਤੇ ਜਾਣਗੇ ਜਦੋਂਕਿ ਬਾਕੀ ਰਾਸ਼ੀ ਦੀ ਅਦਾਇਗੀ ਇੱਕ ਮਹੀਨੇ ਬਾਅਦ ਕੀਤੀ ਜਾਏਗੀ।