'ਵੀਰ ਨਾਰੀਆਂ' ਨੂੰ ਸਮਰਪਿਤ ਦੀਪਕ ਸ਼ਰਮਾ ਚਨਾਰਥਲ ਦੀ ਕਿਤਾਬ ਹੋਈ ਲੋਕ-ਅਰਪਣ
ਚੰਡੀਗੜ੍ਹ :- 08 ਸਤੰਬਰ 2024 - ਅੱਜ ਪੰਜਾਬ ਕਲਾ ਭਵਨ ਵਿਖੇ ਪ੍ਰਸਿੱਧ ਕਵੀ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਦੀ ਹਿੰਦੀ ਵਿੱਚ ਪਹਿਲੀ ਅਨੁਵਾਦ ਪੁਸਤਕ “ਕਿਸ ਮਿੱਟੀ ਕੀ ਬਨੀ ਥੀਂ ਯੇ ਵੀਰਾਂਗਨਾਏਂ” ਦਾ ਰੀਲੀਜ਼ ਸਮਾਰੋਹ ਬਹੁਤ ਹੀ ਭਰਵੇਂ ਇਕੱਠ ਵਿਚ ਹੋਇਆ । ਮੂਲ ਰੂਪ ਵਿੱਚ ਇਹ ਕਿਤਾਬ ਸੁਖਦੇਵ ਰਾਮ ਸੁੱਖੀ ਤੰਦਾ ਬੱਧਾ ਨੇ ਪੰਜਾਬੀ ਵਿੱਚ ਲਿਖੀ ਹੈ। ਰਿਲੀਜ਼ ਸਮਾਰੋਹ ਵਿਚ ਦੀਪਕ ਸ਼ਰਮਾ ਚਨਾਰਥਲ, ਸੁਖਦੇਵ ਰਾਮ ਸੁੱਖੀ, ਡਾ: ਵਨੀਤਾ, ਗੁਰਨਾਮ ਕੰਵਰ, ਸੁਸ਼ੀਲ ਦੁਸਾਂਝ, ਪ੍ਰੇਮ ਵਿਜ, ਕੇ. ਕੇ. ਸ਼ਾਰਦਾ, ਸੀਮਾ ਗੁਪਤਾ, ਬਲਕਾਰ ਸਿੱਧੂ, ਭੁਪਿੰਦਰ ਸਿੰਘ ਮਲਿਕ, ਅਨੂ ਸ਼ਰਮਾ ਅਤੇ ਰਾਜ ਰਾਣੀ ਸ਼ਾਮਿਲ ਹੋਏ। ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਇਤਿਹਾਸ ਦੇ ਇਸ ਪੱਖ ਨੂੰ ਅੱਖੋਂ ਪਰੋਖੇ ਨਹੀ ਕੀਤਾ ਜਾ ਸਕਦਾ। ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਇਹ ਇਕ ਵਿਲੱਖਣ ਕੰਮ ਹੈ ।
ਮੁੱਖ ਪਰਚਾ ਪੜ੍ਹਦਿਆਂ ਪ੍ਰਸਿੱਧ ਹਿੰਦੀ ਕਵਿੱਤਰੀ ਸੀਮਾ ਗੁਪਤਾ ਨੇ ਕਿਹਾ ਕਿ ਇਹ ਕਿਤਾਬ ਵੀਰ ਨਾਰੀਆਂ ਦੇ ਸੰਕਲਪ ਦੀ ਗੱਲ ਕਰਦੀ ਹੈ । ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਚੰਗਾ ਅਨੁਵਾਦ ਕਿਸੇ ਰਚਨਾ ਦੀ ਪੁਨਰ ਸਿਰਜਣਾ ਹੀ ਹੁੰਦਾ ਹੈ। ਉੱਘੇ ਕਵੀ, ਅਨੁਵਾਦਕ ਅਤੇ ਚਿੰਤਕ ਗੁਰਨਾਮ ਕੰਵਰ ਨੇ ਕਿਹਾ ਕਿ ਤੱਥਾਂ ਅਧਾਰਿਤ ਇਹ ਇਕ ਇਤਿਹਾਸਿਕ ਦਸਤਾਵੇਜ਼ ਹੈ। ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਪਾਠਕਾਂ, ਸ਼ੁਭਚਿੰਤਕਾਂ ਦਾ ਪਿਆਰ ਉਹਨਾਂ ਦਾ ਸਭ ਤੋਂ ਵੱਡਾ ਹਾਸਿਲ ਹੈ। ਮੂਲ ਲੇਖਕ ਸੁਖਦੇਵ ਰਾਮ ਸੁੱਖੀ ਤੰਦਾ ਬੱਧਾ ਨੇ ਕਿਹਾ ਕਿ ਇਸ ਗੱਲ ਦਾ ਜ਼ਿਕਰ ਬਹੁਤ ਘੱਟ ਹੋਇਆ ਹੈ ਕੇ ਸ਼ਹੀਦਾਂ ਦੇ ਪਰਿਵਾਰਾਂ ਨੇ ਕਿੰਨੇ ਦੁੱਖ ਝੱਲੇ ਹੋਣਗੇ। ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਪ੍ਰਸਿੱਧ ਹਿੰਦੀ ਸਾਹਿਤਕਾਰ ਪ੍ਰੇਮ ਵਿਜ ਨੇ ਕਿਹਾ ਕਿ ਅਨੁਵਾਦ ਕਰਨਾ ਕੋਈ ਸੌਖਾ ਕੰਮ ਨਹੀ। ਉੱਘੇ ਸਮਾਜ ਸੇਵੀ ਕੇ. ਕੇ. ਸ਼ਾਰਦਾ ਨੇ ਇਸ ਨੂੰ ਸ਼ਲਾਘਾਯੋਗ ਉੱਦਮ ਦੱਸਿਆ।