ਸਾਹਿਤ ਸਿਰਜਣਾ ਮੰਚ ਦੀ ਮੀਟਿੰਗ ਦੌਰਾਨ ਲੇਖਕਾਂ ਵੱਲੋਂ ਵੱਖ-ਵੱਖ ਮੁੱਦਿਆਂ ਤੇ ਗੰਭੀਰ ਚਰਚਾ
ਅਸ਼ੋਕ ਵਰਮਾ
ਬਠਿੰਡਾ, 30 ਸਤੰਬਰ 2024:ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਸਬੰਧੀ ਪ੍ਰਤੀਬੱਧ ਇਥੋਂ ਦੇ ਸਾਹਿਤ ਸਿਰਜਣਾ ਮੰਚ (ਰਜਿ.)ਦੀ ਮਹੀਨਾਵਾਰ ਇਕੱਤਰਤਾ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਟੀਚਰਜ਼ ਹੋਮ ਵਿਖੇ ਹੋਈ। ਮੀਟਿੰਗ ਦੇ ਆਰੰਭ ਵਿੱਚ ਸ੍ਰੀ ਘਣੀਆਂ ਨੇ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਦੋ ਦਰਜਨ ਦੇ ਕਰੀਬ ਲੇਖਕਾਂ ਨੂੰ ਨਿੱਘੀ ਜੀਅ ਆਇਆ ਕਹਿੰਦਿਆਂ ਇਕੱਤਰਤਾ ਦੇ ਏਜੰਡੇ ਸਾਂਝੇ ਕੀਤੇ। ਪਹਿਲੇ ਏਜੰਡੇ ਤਹਿਤ ਰਚਨਾਵਾਂ ਦੇ ਦੌਰ ਵਿੱਚ ਮੀਟਿੰਗ ਦਾ ਮੰਚ ਸੰਚਾਲਨ ਕਰਦਿਆਂ ਭੁਪਿੰਦਰ ਜੈਤੋ ਨੇ ਮੰਚ ਦੇ ਸਲਾਹਕਾਰ ਪ੍ਰੋ. ਤਰਸੇਮ ਨਰੂਲਾ ਨੂੰ ਹਾਜ਼ਰ ਮੈਂਬਰਾਂ ਵੱਲੋਂ ਉਹਨਾਂ ਦੇ ਜਨਮ ਦਿਨ ਸਬੰਧੀ ਵਧਾਈ ਦਿੱਤੀ ।ਇਸ ਮੌਕੇ ਪ੍ਰਧਾਨ ਪ੍ਰੋ.ਨਰੂਲਾ ਸਾਹਿਬ ਨੇ ਇੱਕ ਰੁਬਾਈ ਤੋਂ ਇਲਾਵਾ ਆਪਣੇ ਜਨਮ ਨਾਲ ਸਬੰਧਤ ਇੱਕ ਲੰਬੀ ਕਵਿਤਾ ਦੇ ਕੁਝ ਅੰਸ਼ ਪੇਸ਼ ਕੀਤੇ।
ਇਸ ਉਪਰੰਤ ਕੰਵਲਜੀਤ ਕੁਟੀ, ਸੁਰਿੰਦਰਪ੍ਰੀਤ ਘਣੀਆਂ, ਜਸਵਿੰਦਰ ਸੁਰਗੀਤ ਤੇ ਮੀਤ ਬਠਿੰਡਾ ਨੇ ਗ਼ਜ਼ਲਾਂ ਪੇਸ਼ ਕੀਤੀਆਂ। ਪੋਰਿੰਦਰ ਕੁਮਾਰ ਸਿੰਗਲਾ ਨੇ ਕਵਿਤਾ 'ਜਵਾਨੀ', ਦਲਜੀਤ ਬੰਗੀ ਨੇ ਵਿਅੰਗਮਈ ਕਵਿਤਾ 'ਮਿੱਤਰ', ਲੀਲਾ ਸਿੰਘ ਰਾਏ ਨੇ ਗੀਤ 'ਪੰਜਾਬ -ਟੋਟੇ ਟੋਟੇ, ਅਮਰ ਸਿੰਘ ਸਿੱਧੂ ਨੇ ਹਿੰਦੀ ਗ਼ਜ਼ਲਾਂ ਦੇ ਸ਼ੇਅਰ, ਰਵੀ ਮਿੱਤਲ ਨੇ ਅੰਗਰੇਜ਼ੀ ਕਵਿਤਾ, ਰਾਜਦੇਵ ਕੌਰ ਸਿੱਧੂ ਨੇ ਮਿੰਨੀ ਕਹਾਣੀ 'ਕਾਗਜ਼ ਦੇ ਬੋਲ' ਦਵੀ ਸਿੱਧੂ ਨੇ ਤਿੰਨ ਲਘੂ ਨਜ਼ਮਾਂ, ਇਕਬਾਲ ਸਿੰਘ ਪੀਟੀ ਨੇ ਤੁਰੰਨਮ ਵਿੱਚ ਗੀਤ 'ਕੌਣ ਦੇਵੇ ਦਿਲਬਰੀਆਂ.. , ਸੁਖਦਰਸ਼ਨ ਗਰਗ ਨੇ ਰੁਬਾਈ, ਅਮਰਜੀਤ ਪੇਂਟਰ ਨੇ ਹਜੂਰ ਸਾਹਿਬ ਦੀ ਯਾਤਰਾ ਨਾਲ ਸੰਬੰਧਿਤ ਯਾਦਾਂ, ਜਗਨ ਨਾਥ ਨੇ ਕਵਿਤਾ 'ਸੱਜਣ' ਅਤੇ ਭੁਪਿੰਦਰ ਜੈਤੋ ਨੇ ਹੁਣੇ ਹੁਣੇ ਪ੍ਰਕਾਸ਼ਿਤ ਹੋਏ ਆਪਣੇ ਅਨੁਵਾਦਿਤ ਨਾਵਲ 'ਮੋਤੀ' ਸਬੰਧੀ ਆਪਣੇ ਅਨੁਭਵ ਸਾਂਝੇ ਕੀਤੇ।
ਇਹਨਾਂ ਪੜ੍ਹੀਆਂ ਗਈਆਂ ਰਚਨਾਵਾਂ ਤੇ ਭੁਪਿੰਦਰ ਜੈਤੋ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹਨਾਂ ਰਚਨਾਵਾਂ ਵਿੱਚ ਲੇਖਕਾਂ ਵੱਲੋਂ ਕੁਦਰਤ, ਵਿਅਕਤੀ, ਸਮਾਜ ਅਤੇ ਰਾਜਨੀਤੀ ਆਦਿ ਦੀ ਟੁੱਟ ਭੱਜ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਜਸਵਿੰਦਰ ਸੁਰਗੀਤ ਦਾ ਨਿਬੰਧ ਸੰਗ੍ਰਹਿ 'ਬੇਚੈਨ ਹੋਣਾ ਸਿੱਖੋ' ਅਤੇ ਭੁਪਿੰਦਰ ਜੈਤੋ ਦਾ ਅਨੁਵਾਦਿਤ ਨਾਵਲ 'ਮੋਤੀ' ਲੋਕ ਅਰਪਣ ਕਰਨ ਉਪਰੰਤ ਦੋਹਾਂ ਲੇਖਕਾਂ ਨੂੰ ਹਾਜ਼ਰ ਮੈਂਬਰਾਂ ਵੱਲੋਂ ਵਧਾਈ ਦਿੱਤੀ ਗਈ।
ਦੂਸਰੇ ਏਜੰਡੇ ਤਹਿਤ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਪ੍ਰਸਤਾਵਿਤ ਭਾਸ਼ਾ ਸੈਮੀਨਾਰ ਨੂੰ ਅਮਲੀ ਰੂਪ ਦੇਣ ਲਈ 20 ਅਕਤੂਬਰ, ਦਿਨ ਐਤਵਾਰ ਨੂੰ ਬਠਿੰਡਾ ਵਿਖੇ ਭਾਸ਼ਾ ਸੈਮੀਨਾਰ ਕਰਾਉਣ ਦਾ ਫੈਸਲਾ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ 'ਵਿਸ਼ਵ ਬਾਜ਼ਾਰ ਅਤੇ ਪੰਜਾਬੀ ਭਾਸ਼ਾ' ਹੋਵੇਗਾ। ਇਸ ਸੈਮੀਨਾਰ ਵਿੱਚ ਉੱਘੇ ਮਾਰਕਸਵਾਦੀ ਚਿੰਤਕ ਡਾ.ਭੀਮਇੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਵਕਤਾ ਦੇ ਤੌਰ ਤੇ ਹਾਜ਼ਰ ਹੋਣਗੇ ।
ਸੰਵਾਦ ਨੂੰ ਅੱਗੇ ਤੋਰਨ ਵਾਸਤੇ ਭਾਸ਼ਾ ਵਿਗਿਆਨੀ ਡਾ. ਬੂਟਾ ਸਿੰਘ ਬਰਾੜ, ਡਾ. ਪਰਮਜੀਤ ਢੀਂਗਰਾ, ਪ੍ਰੋ. ਪਰਮਪ੍ਰੀਤ ਕੌਰ, ਗੁਰਦੇਵ ਖੋਖਰ, ਡਾ. ਪਰਮਜੀਤ ਸਿੰਘ ਰੁਮਾਣਾ, ਡਾ.ਸਤਨਾਮ ਸਿੰਘ ਜੱਸਲ ਆਦਿ ਬੁਲਾਰੇ ਇਸ ਸੈਮੀਨਾਰ ਵਿੱਚ ਸ਼ਿਰਕਤ ਕਰਨਗੇ। ਗੌਰ ਤਲਬ ਹੈ ਕਿ ਇਹ ਸੈਮੀਨਾਰ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਾਹਿਤ ਸਿਰਜਣਾ ਮੰਚ ਵੱਲੋਂ ਸਾਂਝੇ ਤੌਰ ਤੇ ਬਠਿੰਡਾ ਜਿਲ੍ਹੇ ਦੀਆਂ ਸਾਰੀਆਂ ਸਾਹਿਤਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਉਪਰੰਤ ਲਹਿੰਦੇ ਪੰਜਾਬ ਦੇ ਅਦਬ ਦੇ ਚੌਮੁਖੀਏ ਦੀਵੇ ਵਜੋਂ ਜਾਣੇ ਜਾਂਦੇ ਸਾਹਿਤਕਾਰ ਅਕਰਮ ਸ਼ੇਖ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੇ ਅਖੀਰ ਵਿੱਚ ਸੁਖਦਰਸ਼ਨ ਗਰਗ ਨੇ ਹਾਜ਼ਰ ਲੇਖਕਾਂ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਾਹਿਤ ਅਕੈਡਮੀ ਲੁਧਿਆਣਾ ਦੀ ਮੈਂਬਰਸ਼ਿਪ ਲੈਣ ਦੀ ਬੇਨਤੀ ਕੀਤੀ।