ਪਰਵਾਸੀ ਸਾਹਿਤ ਅਧਿਐਨ ਕੇਂਦਰ, ਜੀ ਜੀ ਐੱਨ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਪਰਵਾਸੀ ਸ਼ਾਇਰ ਹਰਜਿੰਦਰ ਕੰਗ ਦੀ ਪੁਸਤਕ ‘ਵੇਲ ਰੁਪਏ ਦੀ ਵੇਲ’ ਲੋਕ ਅਰਪਨ
ਲੁਧਿਆਣਾਃ 29 ਅਕਤੂਬਰ 2024 - ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਫਰਿਜਨੋ(ਅਮਰੀਕਾ) ਵੱਸਦੇ ਗ਼ਜ਼ਲਗੋ ਤੇ ਕਵੀ ਹਰਜਿੰਦਰ ਕੰਗ ਦਾ ਕਾਵਿ ਸੰਗ੍ਰਹਿ ‘ਵੇਲ ਰੁਪਏ ਦੀ ਵੇਲ’ ਡਾ. ਸ ਪ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ,ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ, ਹਰਸ਼ਰਨ ਸਿੰਘ ਨਰੂਲਾ ਤੇ ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਲੋਕ ਵਿਰਾਸਤ ਅਕਾਡਮੀ ਨੇ ਲੋਕ ਅਰਪਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਹਰਜਿੰਦਰ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੇ ਆਰੰਭ ਵਿਚ ਡਾ.ਸ.ਪ.ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਸਭ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਨੇ ਦੱਸਿਆ ਕਿ 80ਵੇਂ ਦਹਾਕੇ ਦੇ ਅੰਤ ਵੇਲੇ ਜਦੋਂ ਪਰਵਾਸ ਪੱਤ੍ਰਿਕਾ ਦਾ ਆਰੰਭ ਕੀਤਾ ਗਿਆ ਸੀ ਤਾਂ ਮੁੱਢਲੇ ਅੰਕਾਂ ਵਿਚ ਹਰਜਿੰਦਰ ਕੰਗ ਦੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਹੁਣ ਅਪ੍ਰੈਲ-ਜੂਨ 2025 ਅੰਕ ਵਿਚ ਉਨ੍ਹਾਂ ਨੂੰ ਅੰਕ ਦੇ ਵਿਸ਼ੇਸ਼ ਲੇਖਕ ਵਜੋਂ ਪ੍ਰਕਾਸ਼ਿਤ ਕੀਤਾ ਜਾਵੇਗਾ। ਉਨ੍ਹਾਂ ਨੇ ਹਰਜਿੰਦਰ ਕੰਗ ਦੀ ਇਸ ਪੱਤ੍ਰਿਕਾ ਨਾਲ ਲੰਬੀ ਸਾਂਝ ਲਈ ਪ੍ਰਸ਼ੰਸਾ ਕੀਤੀ।
ਸ਼ਾਇਰ ਹਰਜਿੰਦਰ ਕੰਗ ਨੇ ਇਸ ਸਮੇਂ ਆਪਣੇ ਪੰਜਾਬ ਤੇ ਪਰਵਾਸ ਦੇ ਜੀਵਨ ਦੇ ਅਨੁਭਵ, ਅਮਰੀਕਾ ਦੀਆਂ ਸਾਹਿਤ ਸਭਾਵਾਂ ਬਾਰੇ ਅਤੇ ਨਵ ਪ੍ਰਕਾਸ਼ਿਤ ਪੁਸਤਕ ਦੇ ਸਿਰਲੇਖ ‘ਵੇਲ ਰੁਪਏ ਦੀ ਵੇਲ’ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਅੰਦਰ ਆਪਣੀ ਮਾਂ ਬੋਲੀ ਲਈ ਸਨੇਹ ਵੀ ਹੈ ਤੇ ਚਿੰਤਾ ਵੀ। ਉਨ੍ਹਾਂ ਨੇ ਆਪਣੀਆਂ ਕੁਝ ਨਜ਼ਮਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਪ੍ਰੋ.ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੇਰੇ ਵੱਲੋਂ ਇਸ ਪੁਸਤਕ ਦੀ ਭੂਮਿਕਾ ‘ਨਾ ਉਦਾਸ, ਨਾ ਉਦਾਸੀਨ ਹੈ ਹਰਜਿੰਦਰ ਕੰਗ ਦੀ ਸ਼ਾਇਰੀ’ ਸਿਰਲੇਖ ਅਧੀਨ ਲਿਖੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੰਗ ਦੀ ਸਮੁੱਚੀ ਲਿਖਤ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ, ਮਨੁੱਖੀ ਵੇਦਨਾ-ਸੰਵੇਦਨਾ ਨਾਲ ਲਬਰੇਜ਼ ਹੈ। ਉਸ ਦੇ ਗੀਤ ਤੇ ਕਵਿਤਾਵਾਂ ਮਨੁੱਖ ਅੰਦਰ ਇਕ ਨਵੀਂ ਚੇਤਨਾ ਤੇ ਊਰਜਾ ਦਾ ਸੰਚਾਰ ਕਰਦੇ ਹਨ।
ਇਸ ਉਪਰੰਤ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਤੋਂ ਆਏ ਕਵੀ ਰਣਜੀਤ ਸਿੰਘ ਜੱਗਾ ਗਿੱਲ ਨੇ ਵੀ ਆਪਣੇ ਵਿਚਾਰ ਤੇ ਨਜ਼ਮਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸ਼ਾਇਰ ਤ੍ਰੈਲੋਚਨ ਲੋਚੀ ਅਤੇ ਕਾਲਜ ਦੇ ਬੀ.ਸੀ.ਏ. ਦੇ ਵਿਦਿਆਰਥੀ ਨਿਸ਼ਚੇ ਨੇ ਹਰਜਿੰਦਰ ਕੰਗ ਦੇ ਗੀਤ ਤਰਨੁੰਮ ਵਿਚ ਸਰੋਤਿਆਂ ਨਾਲ ਸਾਂਝੇ ਕੀਤੇ।
ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ.ਸ਼ਰਨਜੀਤ ਕੌਰ ਨੇ ਹਰਜਿੰਦਰ ਕੰਗ ਦੀ ਸਾਹਿਤਕ ਦੇਣ ਸਾਂਝੇ ਕਰਦੇ ਹੋਏ ਦੱਸਿਆ ਕਿ ਹਰਜਿੰਦਰ ਕੰਗ ਦੇ ਗੀਤ ਪੰਜਾਬ ਦੇ ਨਾਮਵਰ ਗਾਇਕਾਂ ਹੰਸ ਰਾਜ ਹੰਸ, ਸਾਬਰ ਕੋਟੀ, ਗਿੱਲ ਹਰਦੀਪ ਨੇ ਗਾਏ ਹਨ।
ਕਾਲਜ ਦੇ ਪ੍ਰਿੰਸੀਪਲ ਡਾ.ਅਰਵਿੰਦਰ ਸਿੰਘ ਭੱਲਾ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕੀਤਾ ਅਤੇ ਲੇਖਕ ਨੂੰ ਪੁਸਤਕ ਲੋਕ ਅਰਪਨ ਲਈ ਵਧਾਈ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਡਾ.ਸ.ਪ.ਸਿੰਘ ਦੀ ਸੁਯੋਗ ਅਗਵਾਈ ਅਧੀਨ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸ.ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਸ.ਪ੍ਰਿਤਪਾਲ ਸਿੰਘ ਚਾਵਲਾ, ਪ੍ਰੋ.ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ, ਡਾ.ਗੁਰਇਕਬਾਲ ਸਿੰਘ, ਜਨਰਲ ਸਕੱਤਰ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ, ਡਾ.ਗੁਰਚਰਨ ਕੌਰ ਕੌਚਰ ਮੀਤ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਗੀਤਕਾਰ ਅਮਰਜੀਤ ਸਿੰਘ ਸ਼ੇਰਪੁਰੀ, ਹਿੰਦੀ ਵਿਭਾਗ ਦੇ ਮੁਖੀ ਪ੍ਰੋ.ਰਜਿੰਦਰ ਕੌਰ ਮਲੋਹਤਰਾ, ਡਾ.ਦਲੀਪ ਸਿੰਘ, ਪੰਜਾਬੀ ਵਿਭਾਗ ਦੇ ਡਾ.ਗੁਰਪ੍ਰੀਤ ਸਿੰਘ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ.ਸੁਸ਼ਮਿੰਦਰਜੀਤ ਕੌਰ, ਡਾ.ਹਰਗੁਣਜੋਤ ਕੌਰ, ਡਾ.ਭੁਪਿੰਦਰਜੀਤ ਕੌਰ,ਡਾ.ਮਨਦੀਪ ਕੌਰ ਰੰਧਾਵਾ, ਪ੍ਰੋ.ਮਨਜੀਤ ਸਿੰਘ, ਪ੍ਰੋ.ਜਸਪ੍ਰੀਤ ਕੌਰ, ਪ੍ਰੋ. ਆਸ਼ਾ ਰਾਣੀ, ਰਾਜਿੰਦਰ ਸਿੰਘ ਸੰਧੂ ਅਤੇ ਵਿਦਿਆਰਥੀ ਵੀ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਡਾ.ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਕੀਤਾ ਗਿਆ।