ਸੁਰਜੀਤ ਕੌਰ ਬੈਂਸ ਦੀ ਸਵੈ-ਜੀਵਨੀ ‘ਮੈਂ ਤੇ ਮੇਰੇ’ ਹੋਈ ਲੋਕ-ਅਰਪਣ
ਚੰਡੀਗੜ੍ਹ 14 ਅਕਤੂਬਰ 2024 :
ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਅੱਜ ਉੱਘੀ ਲੇਖਿਕਾ ਸੁਰਜੀਤ ਕੌਰ ਬੈਂਸ ਦੀ ਸਵੈ-ਜੀਵਨੀ ‘ਮੈਂ ਤੇ ਮੇਰੇ’ ਰਿਲੀਜ਼ ਕੀਤੀ ਗਈ। ਇਸ ਸਮਾਰੋਹ ਵਿਚ ਸਾਬਕਾ ਜ਼ਿਲਾ ਅਤੇ ਸੈਸ਼ਨ ਜੱਜ ਐੱਸ. ਕੇ. ਅਗਰਵਾਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਪ੍ਰਧਾਨਗੀ ਮਸ਼ਹੂਰ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਕੀਤੀ। ਕਲਾਸਿਕ ਨਾਵਲਾਂ ਨੂੰ ਪੰਜਾਬੀ ਪਾਠਕਾਂ ਤਕ ਪੁਨਰਕਥਨ ਰਾਹੀਂ ਪਰੋਸਣ ਵਾਲੇ ਲੇਖਕ ਅਤੇ ਅਨੁਵਾਦਕ ਜੰਗ ਬਹਾਦਰ ਗੋਇਲ, ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਭਰਵੀਂ ਇਕੱਤਰਤਾ ਵਿਚ ਆਈਆਂ ਅਦਬੀ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਲੇਖਿਕਾ ਦੀ ਪੁਸਤਕ ਨੂੰ ਜੀਵਨ ਜਾਚ ਦਾ ਤੋਹਫ਼ਾ ਦੱਸਿਆ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸੁਰਜੀਤ ਕੌਰ ਬੈਂਸ ਦੀ ਸਮੁੱਚੀ ਸ਼ਖਸੀਅਤ ਮੁਹੱਬਤ ਨਾਲ ਭਰੀ ਹੋਈ ਹੈ।
ਸਮਾਗਮ ਦੀ ਸ਼ੁਰੂਆਤ ਸੁਰਜੀਤ ਕੌਰ ਬੈਂਸ ਨੇ ਹਰਪ੍ਰੀਤ ਕੌਰ ਨਾਲ ਮਿਲ ਕੇ ਗਾਏ ਇਕ ਗੀਤ ਨਾਲ ਕੀਤੀ।ਅਮਰਜੀਤ ਕੌਰ ਕੋਮਲ ਨੇ ਆਪਣੇ ਇਜ਼ਹਾਰ ਤੋਂ ਇਲਾਵਾ ਰਮਾ ਰਤਨ ਦਾ ਸੁਨੇਹਾ ਵੀ ਪੜ੍ਹ ਕੇ ਸੁਣਾਇਆ। ਸੁਸ਼ੀਲ ਦੁਸਾਂਝ ਨੇ ਕਿਹਾ ਕਿ ਇਹ ਕਿਤਾਬ ਜ਼ਿੰਦਗੀ ਜਿਊਣ ਦਾ ਸਲੀਕਾ ਦੱਸਦੀ ਹੈ। ਦਰਸ਼ਨ ਬੁੱਟਰ ਨੇ ਇਸ ਨੂੰ ਸਾਹਿਤ ਜਗਤ ਦੇ ਉੱਚੇ ਮਿਆਰ ਦੇ ਸਮਰੱਥ ਦੱਸਿਆ। ਜੰਗ ਬਹਾਦਰ ਗੋਇਲ ਨੇ ਕਿਹਾ ਕਿ ਸੁਰਜੀਤ ਬੈਂਸ ਨੂੰ ਮਿਲਣਾ ਅਤੇ ਪੜ੍ਹਨਾ ਜ਼ਿੰਦਗੀ ਨਾਲ ਹੱਥ ਮਿਲਾਉਣ ਵਰਗਾ ਹੈ। ਗੁਰਨਾਮ ਕੰਵਰ ਨੇ ਕਿਹਾ ਕਿ ਪਰੇਸ਼ਾਨੀਆਂ, ਦੁਸ਼ਵਾਰੀਆਂ ਹੋਣ ਦੇ ਬਾਵਜੂਦ ਜ਼ਿੰਦਗੀ ਜਿਊਣ ਦਾ ਚੱਜ ਲੇਖਿਕਾ ਨੂੰ ਆਉਂਦਾ ਹੈ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਸੁਰਜੀਤ ਕੌਰ ਬੈਂਸ ਨੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ। ਦਰਸ਼ਨ ਤਿਉਣਾ ਨੇ ਖ਼ੂਬਸੂਰਤ ਗੀਤ ਸੁਣਾ ਕੇ ਵਾਹ ਵਾਹ ਖੱਟੀ।