ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ 55ਵੀਂ ਸਾਲਾਨਾ ਪੇਂਟਿੰਗ ਵਰਕਸ਼ਾਪ ਦਾ ਆਗਾਜ਼
ਅਸ਼ੋਕ ਵਰਮਾ
ਬਠਿੰਡਾ,14 ਸਤੰਬਰ 2024:ਕਲਾ ਦੇ ਖੇਤਰ ਵਿੱਚ ਕੰਮ ਕਰਦੀ ਆ ਰਹੀ ਬਠਿੰਡਾ ਦੀ ਸਿਰਮੌਰ ਸੰਸਥਾ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ ਮਾਲਵੇ ਦੇ ਚਿੱਤਰਕਾਰਾਂ ਲਈ ਦੋ ਰੋਜਾ ਪੇਂਟਿੰਗ ਵਰਕਸ਼ਾਪ ਦਾ ਆਗਾਜ਼ ਬਠਿੰਡਾ ਦੇ ਟੀਚਰਜ਼ ਹੋਮ ਵਿਖ਼ੇ ਕੀਤਾ ਗਿਆ। ਜਿਸ ਵਿਚ ਖਿੱਚ ਦਾ ਕੇਂਦਰ ਬਣੇ ਆਰਟਿਸਟ ਕੇ. ਕ੍ਰਿਸ਼ਨ ਕੁੰਦਾਰਾ ਜੋ ਕਿ ਬਤੌਰ ਸਹਾਇਕ ਪ੍ਰੋਫੈਸਰ,ਫਾਈਨ ਆਰਟ ਵਿਭਾਗ, ਸੁਭਾਰਤੀ ਯੂਨੀਵਰਸਿਟੀ ਮੇਰਠ ਵਿਖ਼ੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਕਲਾ ਦੇ ਖੇਤਰ ਵਿਚ ਕੁੰਦਾਰਾਂ ਹੁਰਾਂ ਨੂੰ ਚੰਗੀ ਮੁਹਾਰਿਤ ਹਾਸਿਲ ਹੈ। ਉਹ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਆਪਣੀ ਕਲਾ ਰਾਹੀਂ ਲੋਕਾਂ ਨੂੰ ਕਲਾ ਬਾਰੇ ਜਾਗਰੂਕ ਕਰ ਰਹੇ ਹਨ।
ਇਹਨਾਂ ਦੋ ਦਿਨਾਂ ਲਈ ਬਠਿੰਡਾ ਅਤੇ ਇਸ ਤੋਂ ਬਾਹਰ ਦੇ ਇਲਾਕਿਆਂ ਤੋਂ ਪਹੁੰਚਣ ਵਾਲੇ ਚਿੱਤਰਕਾਰਾਂ ਅਤੇ ਕਲਾ ਦੇ ਵਿਦਿਆਰਥੀਆਂ ਨੂੰ ਕਲਾ ਸਬੰਧੀ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ । ਇਸ ਮੌਕੇ ਵਿਦਿਆਰਥੀਆਂ ਨੂੰ ਕਲਾ ਦੇ ਹਰੇਕ ਪੱਖ ਬਾਰੇ, ਵੱਖ ਵੱਖ ਤਰ੍ਹਾਂ ਦੇ ਆਕਾਰਾਂ ਅਤੇ ਕਲਾਕ੍ਰਿਤੀਆਂ ਬਣਾਉਣਾ, ਉਹਨਾਂ ਦੀ ਸ਼ੇਡਿੰਗ ਅਤੇ ਰੰਗਾਂ ਦੀ ਮਦਦ ਨਾਲ ਹੋਰ ਸੁੰਦਰ ਬਣਾਉਣਾ, ਵਾਸਤਵਿਕ ਕਲਾ, ਮਾਡਰਨ ਆਰਟ ਸਬੰਧੀ ਜਾਣਕਾਰੀ, ਚਾਰਕੋਲ, ਵਾਟਰ ਕਲਰ, ਤੇਲ ਰੰਗ ਤੇ ਅਕਰਾਇਲਿਕ ਰੰਗ ਆਦਿ ਦੇ ਪ੍ਰਯੋਗ ਸਬੰਧੀ ਜਾਣਕਾਰੀ, ਮਨੁੱਖੀ ਸਰੀਰਕ ਬਣਤਰ, ਆਕਾਰ ਅਤੇ ਮਨੁੱਖੀ ਚਿਹਰੇ ਦੀ ਡਰਾਇੰਗ ਸਬੰਧੀ ਜਾਣਕਾਰੀ, ਪੋਰਟਰੇਟ ਡਰਾਇੰਗ, ਕੰਪੋਜੀਸ਼ਨ ਅਤੇ ਚਿੱਤਰਕਲਾ ਵਿੱਚ ਲਾਈਟ ਤੇ ਸ਼ੇਡ ਦੀ ਮਹੱਤਤਾ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਦੇ ਮੈਂਬਰਾਂ ਤੋਂ ਇਲਾਵਾ ਵੀ ਤਕਰੀਬਨ 90 ਕਲਾਕਾਰ ਇਸ ਪੇਂਟਿੰਗ ਵਰਕਸ਼ਾਪ ਦਾ ਲਾਭ ਉਠਾ ਰਹੇ ਹਨ। ਇਹਨਾਂ ਚਿੱਤਰਕਾਰਾਂ ਲਈ ਖਾਣੇ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਪੂਰੇ ਪ੍ਰੋਗਰਾਮ ਸਬੰਧੀ ਜਾਣਕਾਰੀ ਸੋਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ ਅਤੇ ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ ਬਠਿੰਡਾ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਕਿਹਾ ਕਿ ਅਸੀਂ ਸ਼ਹਿਰ ਦੇ ਵਿਦਿਆਰਥੀਆਂ ਨੂੰ ਚੰਗੇ ਚਿੱਤਰਕਾਰ ਬਣਾਉਣ ਲਈ ਸੁਸਾਇਟੀ ਦੇ ਸਹਿਯੋਗ ਨਾਲ ਹਰ ਸੰਭਵ ਯਤਨ ਕਰਾਂਗੇ।
ਇਸ ਤੋਂ ਇਲਾਵਾ ਇਸ ਵਰਕਸ਼ਾਪ ਵਿਚ ਸਰਪ੍ਰਸਤ ਅਮਰਜੀਤ ਸਿੰਘ ਪੇਂਟਰ, ਸੁਰੇਸ਼ ਮੰਗਲਾ, ਸੋਹਣ ਸਿੰਘ, ਹਰਦਰਸ਼ਨ ਸੋਹਲ, ਬਲਰਾਜ ਬਰਾੜ ਮਾਨਸਾ, ਯਸ਼ਪਾਲ ਜੈਤੋ, ਕੇਵਲ ਕ੍ਰਿਸ਼ਨ,ਸੰਦੀਪ ਸ਼ੇਰਗਿਲ, ਅਮਰੀਕ ਮਾਨਸਾ,ਹਰਜਿੰਦਰ ਮਾਨਸਾ, ਗੁਰਜੀਤ ਪਲਾਹਾ, ਟੇਕ ਚੰਦ,ਰਿਤੇਸ਼ ਕੁਮਾਰ, ਅਮਿਤ, ਇੰਦਰਜੀਤ ਸਿੰਘ, ਪਰਮਿੰਦਰ ਪੈਰੀ, ਚੇਤਨ ਸ਼ਰਮਾਂ, ਰਿਤੇਸ਼ ਕੁਮਾਰ, ਸੁਰਿੰਦਰ ਡਿੱਖ,ਗੁਰਦੀਪ ਮੰਡੀਕਲਾਂ, ਕ੍ਰਿਸ਼ਨ ਰਤੀਆ, ਦਿਲਪ੍ਰੀਤ ਚੌਹਾਨ, ਮਨੋਜ, ਜਤਿੰਦਰ, ਅਸ਼ੋਕ ਕੁਮਾਰ, ਸੁਖਰਾਜ ਕੌਰ, ਅੰਮ੍ਰਿਤਾ ਨੰਦਨ, ਰੂਬੀ ਰਾਣੀ, ਸਾਬੀਆ ਅਗਰਵਾਲ, ਪਰਮਿੰਦਰ ਕੌਰ, ਮਨਪ੍ਰੀਤ ਕੌਰ, ਰੂਪਾਂਸ਼ੀ, ਪ੍ਰਵੀਨ ਕੌਰ, ਰਮਨਦੀਪ, ਆਦਿ ਹਾਜ਼ਿਰ ਰਹੇ ।