ਕਿਸਾਨ ਖਾਦ, ਕੀਟਨਾਸ਼ਕ ਰਸਾਇਣ ਜਾਂ ਬੀਜ ਖ਼ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ: ਮੁੱਖ ਖੇਤੀਬਾੜੀ ਅਫ਼ਸਰ
- ਕਿਸਾਨ ਡੀਏਪੀ ਦੇ ਬਦਲ ਵਜੋਂ ਹੋਰਨਾਂ ਫ਼ਾਸਫੇਟ ਖਾਦਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਨ ਕਿਸਾਨਾਂ ਨੂੰ ਖਾਦ ਦੇ ਬਦਲਵੇ ਮਿਸ਼ਰਣ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹੇ ਵਿੱਚ ਪੈਂਫਲਿਟ ਵੰਡ ਸ਼ੁਰੂ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਨਵੰਬਰ, 2024: ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖਾਦ, ਕੀਟਨਾਸ਼ਕ ਰਸਾਇਣ ਜਾਂ ਬੀਜ ਖ੍ਰੀਦਣ ਸਮੇਂ ਦੁਕਾਨਦਾਰ/ਡੀਲਰ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੀ ਲਿਖਤੀ ਤੌਰ ‘ਤੇ ਸ਼ਿਕਾਇਤ ਸੰਬੰਧਤ ਬਲਾਕ ਖੇਤੀਬਾੜੀ ਅਧਿਕਾਰੀ ਨੂੰ ਕਰਨ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਕੋਈ ਦੁਕਾਨਦਾਰ ਬਗੈਰ ਬਿੱਲ ਤੋਂ ਖਾਦ, ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ| ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਬਿਜਾਈ ਲਈ ਬਾਜਾਰ ਵਿਚ ਉਪਲਬਧ ਹੋਰਨਾਂ ਫ਼ਾਸਫੇਟ ਖਾਦਾਂ ਦੀ ਵਰਤੋਂ ਕਰਕੇ ਫਸਲ ਦੀ ਬਿਜਾਈ ਸਮੇਂ ਸਿਰ ਕਰਨ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਡੀ.ਏ.ਪੀ ਤੋਂ ਇਲਾਵਾ ਟ੍ਰਿਪਲ ਸੁਪਰ ਫਾਸਫੇਟ 46% ਖਾਦ ਦੀ ਕਣਕ ਦੀ ਬਿਜਾਈ ਵਾਸਤੇ ਵਰਤੋਂ ਕੀਤੀ ਜਾ ਸਕਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ 3000 ਐਮ ਟੀ ਖਾਦ ਦਾ ਸਟਾਕ ਉਪਲਬਧ ਹੈ ਅਤੇ ਵਿਭਾਗ ਵੱਲੋਂ ਲਗਾਤਾਰ ਖਾਦ ਸਪਲਾਇਰ ਕੰਪਨੀਆਂ ਨਾਲ ਤਾਲਮੇਲ ਕਰਕੇ, ਜਿਲ੍ਹੇ ਅੰਦਰ ਫਾਸਫੋਰਸ ਖਾਦ ਦੀ ਲੋੜ ਮੁਤਾਬਕ ਪੂਰਤੀ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਡੀ.ਏ.ਪੀ ਤੋਂ 18% ਨਾਈਟ੍ਰੋਜਨ ਅਤੇ 46% ਫਾਸਫੋਰਸ ਤੱਤ ਦੀ ਪ੍ਰਾਪਤੀ ਹੁੰਦੀ ਹੈ ਜਿਸਦੇ ਬਦਲ ਵਜੋਂ ਬਾਜਾਰ ਵਿੱਚ ਸਟਰੇਟ ਫਾਸਫੇਟਿਕ ਖਾਦਾਂ ਅਤੇ ਐਨ.ਪੀ.ਕੇ ਕੰਪਲੈਕਸ ਖਾਦਾਂ ਉਪਲੱਬਧ ਹਨ। ਜਿੰਨਾਂ ਵਿੱਚ ਮੁੱਖ ਤੌਰ ਤੇ ਟ੍ਰਿਪਲ ਸੁਪਰ ਫਾਸਫੇਟ ਖਾਦ ਹੈ ਜਿਸ ਵਿਚ 46% ਫਾਸਫੋਰਸ ਤੱਤ ਹੈ। ਜੇਕਰ ਟ੍ਰਿਪਲ ਸੁਪਰ ਫਾਸਫੇਟ 46% ਖਾਦ ਦੀ ਵਰਤੋਂ ਕਰਨੀ ਹੋਵੇ ਤਾਂ ਇਸ ਨਾਲ 20 ਕਿਲੋਗ੍ਰਾਮ ਯੂਰੀਆ ਖਾਦ ਪ੍ਰਤੀ ਏਕੜ ਬਿਜਾਈ ਸਮੇਂ ਵਰਤੀ ਜਾ ਸਕਦੀ ਹੈ, ਜਿਸ ਨਾਲ ਡੀ.ਏ.ਪੀ ਖਾਦ ਦੇ ਬਰਾਬਰ ਮਾਤਰਾ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਪੂਰਤੀ ਕੀਤੀ ਜਾ ਸਕਦੀ ਹੈ ਜਾਂ ਬਿਜਾਈ ਸਮੇਂ ਪ੍ਰਤੀ ਏਕੜ 20 ਕਿਲੋਗ੍ਰਾਮ ਯੂਰੀਆ ਖਾਦ ਅਤੇ 155 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ 16% (ਫਾਸਫੋਰਸ) ਖਾਦ ਦੀ ਵਰਤੋਂ ਕਣਕ ਦੀ ਫਸਲ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਪੂਰਤੀ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਐਨ.ਪੀ.ਕੇ ਖਾਦਾਂ ਜਿਨਾਂ ਵਿੱਚ ਨਾਈਟ੍ਰੋਜਨ, ਫਾਸਫੋਰਸ, ਅਤੇ ਪੋਟਾਸ਼ ਤੱਤ ਹੁੰਦੇ ਹਨ ਜਿਵੇ ਕਿ ਐਨ.ਪੀ.ਕੇ 16-16-16, ਐਨ.ਪੀ.ਕੇ 15-15-15, ਐਨ.ਪੀ.ਕੇ 12-32-16, 10-26-26 ਅਤੇ ਯੂਰੀਆ ਅਮੋਨੀਅਮ ਫਾਸਫੇਟ 24-24-0, ਅਮੋਨੀਅਮ ਫਾਸਫੇਟ ਸਲਫੇਟ 20-20-0-13 ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਖਾਦ ਦੇ ਬਦਲਵੇ ਮਿਸ਼ਰਣ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹੇ ਵਿੱਚ ਪੈਂਫਲਿਟ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਡੀਲਰਾਂ ਨੂੰ ਵੀ ਡੀ ਏ ਪੀ ਦੀਆਂ ਬਦਲਵੀਆਂ ਖਾਦਾਂ ਪ੍ਰਤੀ ਜਾਣੂ ਕਰਵਾਇਆ ਜਾ ਰਿਹਾ ਹੈ।