ਜੱਚਾ-ਬੱਚਾ ਦਾ ਸੰਪੂਰਨ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ - ਸਿਵਲ ਸਰਜਨ ਡਾ ਦਵਿੰਦਰਜੀਤ ਕੌਰ
ਫਤਿਹਗੜ੍ਹ ਸਾਹਿਬ :- 04 ਜੁਲਾਈ 2024 - ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਸਿਹਤ ਸੰਸਥਾ ਦੇ ਸਰਵੇਲੈਂਸ ਮੈਡੀਕਲ ਅਫਸਰ ਡਾ ਬਿਕਰਮ ਗੁਪਤਾ ਵੱਲੋਂ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਟੀਕਾਕਰਨ ਸਬੰਧੀ ਵੀਡੀਓ ਕਾਨਫਰੰਸ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਵੀਡੀਓ ਕਾਨਫਰੰਸ ਵਿੱਚ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਟੀਕਾਕਰਨ ਬਾਰੇ ਸੂਬਾ ਪੱਧਰ ਤੋਂ ਨਵੀਆਂ ਗਾਈਡਲਾਈਨਾ ਸਬੰਧੀ ਜਾਣੂ ਕਰਵਾਇਆ ਗਿਆ ਹੈ।
ਉਹਨਾਂ ਉਹਨਾਂ ਦੱਸਿਆ ਕਿ ਸਮੂਹ ਐਸਐਮਓ ਆਪੋ ਆਪਣੀ ਸੰਸਥਾ ਅਧੀਨ ਆਉਂਦੇ ਖੇਤਰ ਵਿੱਚ ਗਰਭਵਤੀ ਔਰਤਾਂ ਦੀ ਅਰਲੀ ਰਜਿਸਟਰੇਸ਼ਨ ਕਰਨੀ ਯਕੀਨੀ ਬਣਾਉਣਗੇ ਅਤੇ ਉਹਨਾਂ ਦੇ ਨਿਰਧਾਰਤ ਐਂਟੀਨੇਟਲ ਚੈੱਕ-ਅਪ ਸਮੇਂ ਸਿਰ ਪੂਰੇ ਕਰਨ ਲਈ ਹੋਰ ਸੁਧਾਰ ਕਰਨਗੇ ਅਤੇ ਗਰਭਵਤੀ ਔਰਤਾਂ ਨੂੰ ਮੁਫਤ ਮੈਡੀਕਲ ਅਤੇ ਡਾਇਗਨੋਸਟਿਕ ਸਿਹਤ ਸੇਵਾਵਾਂ ਦੇ ਨਾਲ ਨਾਲ ਉਹਨਾਂ ਦੇ ਟੈਟਨਸ ਦੇ ਦੋ ਟੀਕੇ ਸਮੇਂ ਸਿਰ ਲਗਾਉਣ ਅਤੇ ਉਹਨਾਂ ਦੇ ਹੋਣ ਵਾਲੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨਾ ਯਕੀਨੀ ਬਣਾਉਣ ਦੇ ਪਾਬੰਦ ਹੋਣਗੇ। ਉਹਨਾਂ ਕਿਹਾ ਕਿ ਇਸ ਟੀਕਾਕਰਨ ਸਬੰਧੀ ਉਹਨਾਂ ਨੂੰ ਸੂਬਾ ਪੱਧਰ ਤੋਂ ਅੱਜ ਰਿਫਰੈਸ਼ਰ ਟ੍ਰੇਨਿੰਗ ਦੇ ਦਿੱਤੀ ਗਈ ਹੈ ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਰਿਫਰੈਸ਼ਰ ਟ੍ਰੇਨਿੰਗ ਵਿੱਚ ਸਿਹਤ ਅਧਿਕਾਰੀਆਂ ਨੂੰ ਟੀਕਾਕਰਨ ਸਬੰਧੀ ਵਰਤੀ ਜਾਣ ਵਾਲੀ ਵੈਕਸੀਨੇਸ਼ਨ ਲਗਾਉਣ ਅਤੇ ਫਰਿੱਜ ਵਿੱਚ ਇਸ ਦੇ ਰੱਖ ਰਖਾਵ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨਾ ਦੱਸਿਆ ਕਿ ਟੀਕਾਕਰਨ ਕਰਤਾ ਸਿਹਤ ਕਰਮਚਾਰੀ ਵੱਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਕਰਨ ਸਮੇਂ ਉਹਨਾਂ ਨੂੰ ਕਿਹੜੀ ਵੈਕਸੀਨ ਦਿੱਤੀ ਗਈ ਹੈ ਅਤੇ ਇਹ ਵੈਕਸੀਨ ਕਿਸ ਬਿਮਾਰੀ ਨੂੰ ਰੋਕਣ ਲਈ ਦਿੱਤੀ ਗਈ ਆਦਿ ਗੱਲਾਂ ਬਾਰੇ ਲਾਭਪਾਤਰੀ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਇਸ ਦੀ ਅਗਲੀ ਖੁਰਾਕ ਕਦੋਂ ਦਿੱਤੀ ਜਾਵੇਗੀ ਬਾਰੇ ਵੀ ਸਿਹਤ ਕਰਮਚਾਰੀਆਂ ਵੱਲੋਂ ਜਾਣੂ ਕਰਵਾਇਆ ਜਾਵੇਗਾ।