ਦਲ ਖ਼ਾਲਸਾ ਦੇ ਬਾਨੀ ਅਤੇ ਸਰਪ੍ਰਸਤ ਗਜਿੰਦਰ ਸਿੰਘ ਦਾ ਨਨਕਾਣਾ ਸਾਹਿਬ ਦੇ ਸਮਸ਼ਾਨਘਾਟ ਕੀਤਾ ਗਿਆ ਸਸਕਾਰ
ਅੰਮ੍ਰਿਤਸਰ, 7 ਜੁਲਾਈ 2024 - ਦਲ ਖ਼ਾਲਸਾ ਦੇ ਬਾਨੀ ਅਤੇ ਸਰਪ੍ਰਸਤ ਸਰਦਾਰ ਗਜਿੰਦਰ ਸਿੰਘ ਦੇ ਅਕਾਲ ਚਲਾਣਾ ਬਾਰੇ ਫੈਲੀ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਦਲ ਖ਼ਾਲਸਾ ਦੀ ਸਮੁੱਚੀ ਲੀਡਰਸ਼ਿਪ ਨੇ ਪਾਰਟੀ ਦਫ਼ਤਰ ਵਿਖੇ ਉਹਨਾਂ ਨੂੰ ਸਰਧਾਂਜਲੀ ਭੇਂਟ ਕੀਤੀ। ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ, ਹਰਚਰਨਜੀਤ ਸਿੰਘ ਧਾਮੀ ਅਤੇ ਜਸਵੀਰ ਸਿੰਘ ਖੰਡੂਰ ਨੇ ਦੱਸਿਆ ਕਿ ਗਜਿੰਦਰ ਸਿੰਘ ਜੀ ਨੇ 3 ਜੁਲਾਈ ਨੂੰ ਆਪਣੇ ਆਖਰੀ ਸਵਾਸ ਲਏ ਅਤੇ 4 ਜੁਲਾਈ ਸ਼ਾਮ ਨੂੰ ਉਹਨਾਂ ਦਾ ਸਸਕਾਰ ਨਨਕਾਣਾ ਸਾਹਿਬ ਦੇ ਸਮਸ਼ਾਨਘਾਟ ਵਿਚ ਉਹਨਾਂ ਦੀ ਬੇਟੀ ਦੀ ਹਾਜ਼ਰੀ ਵਿਚ ਕੀਤਾ ਗਿਆ।
ਉਹਨਾਂ ਦੱਸਿਆ ਕਿ ਭਾਈ ਗਜਿੰਦਰ ਸਿੰਘ ਜੀ ਨਮਿੱਤ ਦੁਨੀਆ ਦੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੱਲੋ ਭੋਗ ਪਾਏ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਵਿਚ ਵੀ ਦਲ ਖ਼ਾਲਸਾ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ 13 ਜੁਲਾਈ ਨੂੰ ਸਵੇਰੇ 08 ਵਜੇ ਅਕਾਲ ਤਖ਼ਤ ਨਾਲ ਸੰਬਧਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ ਸਿੰਘ (ਦਰਬਾਰ ਸਾਹਿਬ) ਵਿਖੇ ਪਾਇਆ ਜਾਵੇਗਾ।
ਭਾਈ ਗਜਿੰਦਰ ਬਾਰੇ ਬੋਲਦੇ ਕਿਹਾ ਕਿ ਉਹਨਾਂ ਆਪਣੀ ਸਾਰੀ ਜ਼ਿੰਦਗੀ ਸਿੱਖ ਸੰਘਰਸ਼ ਦੇ ਲੇਖੇ ਲਾਈ ਜਿਸ ਵਿੱਚੋਂ 14 ਸਾਲ ਜੇਲ੍ਹ ਅਤੇ 29 ਸਾਲ ਜਲਾਵਤਨੀ ਦੀ ਜ਼ਿੰਦਗੀ ਬਤੀਤ ਕੀਤੀ ਹੈ ਅਤੇ ਆਪਣੇ ਆਖਰੀ ਸਵਾਸਾਂ ਤਕ ਸੰਘਰਸ਼ ਪ੍ਰਤੀ ਅਡੋਲ, ਸੰਘਰਸ਼ਮਈ ਅਤੇ ਬੇਦਾਗ਼ ਰਹੇ ਹਨ।