ਡੇਂਗੂ ਨੂੰ ਠੱਲ ਪਾਉਣ ਲਈ ਸ਼ੈਲਟਰ ਨੇ ਲਾਲੜੂ 'ਚ ਕਈ ਥਾਂਈਂ ਕਰਵਾਈ ਫੌਗਿੰਗ : ਡਾ. ਮੁਲਤਾਨੀ
- ਬਿਮਾਰੀ ਦੇ ਬਚਾਅ ਤੇ ਇਲਾਜ ਬਾਰੇ ਵੀ ਕੀਤਾ ਜਾਗਰੂਕ
ਮਲਕੀਤ ਸਿੰਘ ਮਲਕਪੁਰ
ਲਾਲੜੂ 6 ਨਵੰਬਰ 2024: ਪਿਛਲੇ ਤਿੰਨ ਦਹਾਕਿਆਂ ਤੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸਮਾਜ ਸੇਵਾ ਕਰ ਰਹੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ਵੱਲੋਂ ਅੱਜ ਆਪਣੀ ਖਰੀਦੀ ਹੋਈ ਸ਼ਪੈਸਲ ਮਸ਼ੀਨ ਰਾਹੀਂ ਲਾਲੜੂ ਵਿੱਚ ਡੇਂਗੂ ਨੂੰ ਠੱਲ ਪਾਉਣ ਲਈ ਫੋਗਿੰਗ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਡਾਕਟਰ ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਕੂਲਾਂ ਅਤੇ ਭੀੜ ਵਾਲੀਆਂ ਥਾਵਾਂ ਉਪਰ ਪਹਿਲ ਦੇ ਆਧਾਰ 'ਤੇ ਫੌਗਿੰਗ ਕੀਤੀ ਜਾਵੇਗੀ । ਡਾ. ਮੁਲਤਾਨੀ ਨੇ ਕਿਹਾ ਕਿ ਡੇਰਾਬੱਸੀ ਤੇ ਲਾਲੜੂ ਇਲਾਕੇ ਵਿਚ ਲੋੜ ਪੈਣ 'ਤੇ ਕੋਈ ਵੀ ਮਸ਼ੀਨ ਦੀ ਵਰਤੋਂ ਕਰ ਸਕਦਾ ਹੈ ।
ਉਨ੍ਹਾਂ ਦੱਸਿਆ ਕਿ ਡੇਂਗੂ ਤੋ ਬਚਾਅ ਲਈ ਜਿੱਥੇ ਪਾਣੀ ਦੇ ਇਕੱਠੇ ਹੋਣ ਤੋਂ ਬਚਾਅ ਰੱਖਣਾ ਚਾਹੀਦਾ ਹੈ, ਉੱਥੇ ਫੌਗਿੰਗ ਨਾਲ ਵੀ ਕਾਫ਼ੀ ਬਚਾਅ ਹੋ ਸਕਦਾ ਹੈ।
ਡੇਂਗੂ ਬਾਰੇ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਡਾ. ਮੁਲਤਾਨੀ ਨੇ ਦੱਸਿਆ ਕਿ ਇਹ ਏਡੀਜ ਏਜਪਟਾਈ ਮੱਛਰ , ਜਿਸ ਨੂੰ ਟਾਈਗਰ ਮੱਛਰ ਵੀ ਕਹਿੰਦੇ ਹਨ , ਰਾਹੀਂ ਫੈਲਦਾ ਹੈ ਜੋ ਕੇ ਸਾਫ ਪਾਣੀ 'ਤੇ ਪਨਪਦਾ ਹੈ ਤੇ ਦਿਨ ਦੇ ਸਮੇਂ ਕੱਟਦਾ ਹੈ। ਡੇਂਗੂ ਨੂੰ ਅਮੀਰਾਂ ਦਾ ਮਲੇਰੀਆ ਵੀ ਕਿਹਾ ਜਾਂਦਾ ਹੈ ਕਿਉਂਕਿ ਡੇਗੂ ਸ਼ਹਿਰਾਂ ਵਿੱਚ ਵਧੇਰੇ ਪਾਇਆ ਜਾਂਦਾ ਸੀ ਪਰ ਅੱਜ- ਕੱਲ ਇਹ ਪਿੰਡਾਂ ਵਿੱਚ ਵੀ ਪੈਰ ਪਸਾਰ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਡੇਂਗੂ ਦਾ ਪਤਾ ਸਿਰਫ ਖ਼ੂਨ ਟੈਸਟ ਤੋਂ ਹੀ ਲਗਦਾ ਹੈ। ਡੇਗੂ ਹੋਣ 'ਤੇ ਤੇਜ਼ ਬੁਖ਼ਾਰ ਤੋਂ ਇਲਾਵਾ ਉਲਟੀਆਂ -ਟੱਟੀਆਂ ਪੇਟ ਦਰਦ ਤੇ ਸਿਰ ਦਰਦ ਆਦਿ ਵੀ ਹੋ ਸਕਦੇ ਹਨ। ਬਚਾਅ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਘਰਾਂ ਵਿੱਚ ਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ। ਹਫ਼ਤੇ ਵਿੱਚ ਇਕ ਵਾਰ ਫ਼ਰਿੱਜ ਕੂਲਰ , ਏਸੀ , ਗਮਲੇ ਜਾਂ ਹੋਰ ਟੁੱਟੇ ਫੁੱਟੇ ਬਰਤਨਾਂ ਨੂੰ ਸਾਫ ਕਰਨਾ ਜ਼ਰੂਰੀ ਹੈ।
ਬੁਖ਼ਾਰ ਲਈ ਐਸਪਾਰੀਨ ਦੀ ਗੋਲੀ ਨਹੀਂ ਲੈਣੀ ਤੇ ਸਿਰਫ ਪੈਰਾਸਿਟਾਮੋਲ ਦੀ ਗੋਲੀ ਹੀ ਲੈਣੀ ਹੈ । ਪਾਣੀ ਜ਼ਿਆਦਾ ਪੀਣਾ ਹੈ ਤੇ ਲੋੜ ਪੈਣ 'ਤੇ ਡਾਕਟਰ ਨਾਲ ਸਲਾਹ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਪਾਣੀ ਜ਼ਿਆਦਾ ਪੀਣ ਬਾਅਦ ਮਰੀਜ ਨੂੰ ਪਿਸ਼ਾਬ ਆੳਣਾ ਵੀ ਜ਼ਰੂਰੀ ਹੈ ਤੇ ਮਰੀਜ਼ ਨੂੰ ਖਿਆਲ ਰੱਖਣਾ ਪਵੇਗਾ ਕਿ ਪਿਸ਼ਾਬ ਜਾਂ ਟੱਟੀ ਜਾਂ ਉਲਟੀ ਵਿਚ ਖੂਨ ਨਹੀਂ ਆਉਣਾ ਚਾਹੀਦਾ ਜੋ ਕਿ ਐਮਰਜੈਂਸੀ ਹੋ ਸਕਦੀ ਹੈ ।
ਡਾਕਟਰ ਮੁਲਤਾਨੀ ਨੇ ਬੁਖ਼ਾਰ ਦੌਰਾਨ ਬੱਕਰੀ ਆਦਿ ਦੇ ਦੁੱਧ ਪੀਣ ਜਾਂ ਝਾੜੇ ਆਦਿ ਕਰਵਾਉਣ ਨੂੰ ਸਿਰਫ ਵਹਿਮ -ਭਰਮ ਦੱਸਿਆ।ਇਸ ਮੌਕੇ ਟਰੱਸਟ ਦੇ ਮੀਤ ਪ੍ਰਧਾਨ ਲਾਭ ਸਿੰਘ, ਜਨਰਲ ਸਕੱਤਰ ਰਾਜਬੀਰ ਸਿੰਘ, ਖਜ਼ਾਨਚੀ ਰਘੂਬੀਰ ਜੁਨੇਜਾ , ਪ੍ਰੈੱਸ ਸਕੱਤਰ ਸਤੀਸ਼ ਰਾਣਾ ,ਕੌਸਲਰ ਪਵਨ ਕੁਮਾਰ , ਕਾਮਰੇਡ ਜਗੀਰ ਸਿੰਘ ਹੰਸਾਲਾ,ਜਗਤਾਰ ਸਿੰਘ ਜੱਗੀ ,ਮਨੋਜ ਮਹਿਤਾ, ਅਮਨ ਕੁਮਾਰ ਤੇ ਗੁਰਿੰਦਰ ਗੁਰੀ ਆਦਿ ਹਾਜ਼ਰ ਸਨ।