ਪੁੱਲ ਦਾ ਨਿਰਮਾਨ ਹੌਲੀ ਗਤੀ ਨਾਲ ਹੋਣ ਕਾਰਨ ਸਕੂਲੀ ਬੱਚਿਆਂ ਅਤੇ ਕਿਸਾਨਾਂ ਨੂੰ ਪੇਸ਼ ਆ ਰਹੀ ਮੁਸ਼ਕਿਲ
ਰੋਹਿਤ ਗੁਪਤਾ
ਗੁਰਦਾਸਪੁਰ 6 ਨਵੰਬਰ 2024 - ਕਸਬਾ ਚੱਕ ਸ਼ਰੀਫ ਤੋਂ ਤੁਗਲਵਾਲ ਨੂੰ ਜਾਂਦੇ ਮਾਰਗ ਉੱਪਰ ਪਿੰਡ ਬਲਵੰਡਾ ਦੇ ਕੋਲੋਂ ਲੰਘਦੀ ਡਰੇਨ ਦੇ ਪੁਲ ਨੂੰ ਅਗਸਤ 2023 ਦੇ ਵਿੱਚ ਆਏ ਹੜਾਂ ਦੇ ਪਾਣੀ ਨੇ ਭਾਰੀ ਨੁਕਸਾਨ ਪਹੁੰਚਾਇਆ ਸੀ । ਪੁਲ ਦੇ ਹੇਠੋਂ ਤੇਜ਼ ਗਤੀ ਨਾਲ ਲੰਘਦੇ ਹੜ ਦੇ ਪਾਣੀ ਨਾਲ ਇਹ ਪੁਲ ਅੱਧ ਵਿਚਕਾਰੋਂ ਧੱਸ ਗਿਆ ਸੀ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਸ ਪੁੱਲ ਦੇ ਉਪਰੋਂ ਆਵਾਜਾਈ ਉੱਪਰ ਰੋਕ ਲਗਾ ਦਿੱਤੀ ਗਈ ਸੀ। ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਪੁੱਲ ਤੋਂ ਵੱਡੀ ਗਿਣਤੀ ਵਿੱਚ ਗੱਡੀਆਂ ਗੁੱਜਰਦੀਆਂ ਸਨ ਪਰ ਹੁਣ ਸਰਕਾਰ ਸਕੂਲੀ ਬੱਚਿਆਂ ਅਤੇ ਹੋਰ ਨੌਕਰੀ ਪੇਸ਼ਾ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਇਸ ਪੁੱਲ ਤੂੰ ਲੋਡਿਡ ਤੇ ਭਾਰੀ ਗੱਡੀਆਂ ਦੀ ਆਵਾਜਾਈ ਬੰਦ ਹੋਣ ਤੋਂ ਬਾਅਦ ਸਕੂਲੀ ਬੱਚਿਆਂ, ਕਿਸਾਨਾਂ ਅਤੇ ਹੋਰ ਲੋਕਾਂ ਨੂੰ 10 ਤੋਂ 12 ਕਿਲੋਮੀਟਰ ਦਾ ਵੱਧ ਸਫ਼ਰ ਕਰਕੇ ਜਾਣਾ ਪੈ ਰਿਹਾ ਹੈ।
ਇਸ ਪੁੱਲ ਨੂੰ ਦੁਬਾਰਾ ਤੋਂ ਬਣਾਉਣ ਲਈ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਪਗੜੀ ਸੰਭਾਲ ਜੱਟਾ ਲਹਿਰ, ਸਮਾਜ ਸੰਘਰਸ਼ ਸਭਾ ਗੁਰਦਾਸਪੁਰ, ਮਾਝਾ ਕਿਸਾਨ ਸੰਘਰਸ਼ ਕਮੇਟੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਮੇਤ ਹੋਰ ਕਈ ਜਥੇਬੰਦੀਆਂ ਵੱਲੋਂ ਇਸ ਪੁਲ ਉੱਪਰ ਧਰਨਾ ਵੀ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਜਿਲਾ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਨੂੰ ਕਈ ਵਾਰ ਇਹ ਭਰੋਸਾ ਦਿੱਤਾ ਗਿਆ ਕਿ ਇਸ ਪੁਲ ਨੂੰ ਜਲਦ ਬਣਾ ਦਿੱਤਾ ਜਾਵੇਗਾ। ਹਾਲਾਂਕਿ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਵੱਲੋਂ ਇਸ ਪੁੱਲ ਨੂੰ ਦੁਬਾਰਾ ਤਾਂ ਬਣਾਉਣ ਲਈ ਇਸ ਸਾਲ ਸਤੰਬਰ ਮਹੀਨੇ ਵਿੱਚ ਨੀਹ ਪੱਤਰ ਵੀ ਰੱਖਿਆ ਗਿਆ ਸੀ। ਪਰ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਪੁੱਲ ਦੇ ਉੱਪਰ ਸਿਰਫ ਤਿੰਨ ਤੋਂ ਚਾਰ ਪ੍ਰਤੀਸ਼ਤ ਕੰਮ ਹੀ ਮੁਕੰਮਲ ਹੋ ਸਕਿਆ ਹੈ। ਪੁਲ ਦੇ ਹੌਲੀ ਗਤੀ ਨਾਲ ਚੱਲ ਰਹੇ ਕੰਮ ਨੂੰ ਲੈ ਕੇ ਇਸ ਇਲਾਕੇ ਦੇ ਕਿਸਾਨਾਂ ਅਤੇ ਖਾਸ ਕਰਕੇ ਗੰਨਾ ਕਾਸ਼ਤਕਾਰਾਂ ਵਿਚ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ।
ਇਲਾਕੇ ਦੇ ਸਿਰ ਕੱਢ ਕਿਸਾਨ ਆਗੂ ਮਾ.ਸੀਸਮ ਸੰਧੂ, ਨਿਸ਼ਾਨ ਸਿੰਘ ਮੇਹੜੇ ਸਤਨਾਮ ਸਿੰਘ ਬਾਗੜੀਆਂ, ਉਤਮ ਸਿੰਘ ਜਸਬੀਰ ਸਿੰਘ ਗੁਰਾਇਆ, ਕਾਬਲ ਸਿੰਘ ਲਖਵਿੰਦਰ ਸਿੰਘ ਬਲਵਿੰਦਰ ਸਿੰਘ ਮੁੱਲਾਵਾਲ,ਹਰਭਜਨ ਸਿੰਘ ਸ ਗੁਰਦੇਵ ਸਿੰਘ ਕੋਟਲੀ ਹਰਚੰਦਾ ਬੇਅੰਤ ਸਿੰਘ ਕੋਟਲੀ ਹਰਚੰਦਾ ਆਦਿ ਨੇ ਦੱਸਿਆ ਕਿ ਕਿ ਇਸ ਇਲਾਕੇ ਦੇ ਕਿਸਾਨਾਂ ਨੂੰ ਝੋਨੇ ਦੀ ਫਸਲ ਮੰਡੀਆਂ ਵਿੱਚ ਵੇਚਣ ਲਈ ਜਿੱਥੇ ਕਈ ਕਿਲੋਮੀਟਰ ਦਾ ਵੱਧ ਸਫਰ ਤੈਅ ਕਰਕੇ ਖਰੀਦ ਕੇਂਦਰਾਂ ਵਿੱਚ ਜਾਣਾ ਪਿਆ ਉਥੇ ਹੁਣ ਇਸ ਇਲਾਕੇ ਦੇ ਕਿਸਾਨ ਗੰਨਾ ਕਾਸਤਕਾਰ ਕਿਸਾਨਾਂ ਨੂੰ ਗੰਨਾ ਮਿੱਲਾਂ ਵਿੱਚ ਗੰਨਾ ਲੈ ਜਾਣ ਲਈ ਦਸ ਤੋਂ 12 ਕਿਲੋਮੀਟਰ ਦਾ ਵੱਧ ਪੈਂਡਾ ਤੈਅ ਕਰਕੇ ਮਿੱਲਾਂ ਚ ਜਾਣਾ ਪਵੇਗਾ। ਇਸ ਲਈ ਜਿੱਥੇ ਸਮੇਂ ਦੀ ਬਰਬਾਦੀ ਹੋਵੇਗੀ ਉੱਥੇ ਡੀਜ਼ਲ ਦੀ ਖੋਟ ਵੀ ਵਧਣ ਨਾਲ ਕਿਸਾਨਾਂ ਨੂੰ ਆਰਥਿਕ ਤੰਗੀ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਪੁਲ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ।
ਦੂਜੇ ਪਾਸੇ ਜਦੋਂ ਇਸ ਪੁੱਲ ਦਾ ਨਿਰਮਾਣ ਕਰ ਰਹੇ ਲੋਕ ਨਾਲ ਨਿਰਮਾਣ ਵਿਭਾਗ ਦੀ ਸਬੰਧਤ ਬਟਾਲਾ ਡਿਵੀਜ਼ਨ ਦੇ ਐਸਡੀਓ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦਰਿਆ ਦਾ ਪਾਣੀ ਪੁੱਲ ਹੇਠੋਂ ਗੁਜਰਨ ਕਾਰਨ ਕੁਝ ਸਮੱਸਿਆ ਪੇਸ਼ ਆ ਰਹੀ ਹੈ ਪਰ ਨਿਸ਼ਚਿਤ ਛੇ ਮਹੀਨੇ ਵਿੱਚ ਪੁੱਲ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।