ਪੰਚਕੁਲਾ ਅਧਾਰਤ ਲੈਬ ਨੇ ਐਸ.ਏ.ਐਸ. ਨਗਰ ਦੇ ਕੋਰੋਨਾ ਕੇਸਾਂ ਦੀ ਹਫ਼ਤਾ ਪੁਰਾਣੀ ਰਿਪੋਰਟ ਕੀਤੀ ਸਾਂਝੀ
ਹਰਜਿੰਦਰ ਸਿੰਘ ਭੱਟੀ
- ਲੈਬ ਦੀ ਲਾਪਰਵਾਹੀ ਤੋਂ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਨਰਾਜ਼
- ਡੀ.ਸੀ ਨੇ ਪੰਚਕੂਲਾ ਵਿਚ ਆਪਣੇ ਹਮਰੁਤਬਾ ਨੂੰ ਲਿਖਿਆ ਪੱਤਰ; ਲੈਬ ਖਿਲਾਫ ਕਾਰਵਾਈ ਦੀ ਕੀਤੀ ਮੰਗ
ਐਸ.ਏ.ਐਸ.ਨਗਰ, 27 ਅਪ੍ਰੈਲ 2021 - ਪੰਚਕੂਲਾ ਅਧਾਰਤ ਇੱਕ ਪੈਥੋਲੋਜੀ ਲੈਬ ਵੱਲੋਂ ਅੱਜ ਲਾਪ੍ਰਵਾਹੀ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਦਿਖਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਐਸ.ਏ.ਐਸ ਨਗਰ ਦੇ 663 ਕੋਵਿਡ-19 ਪਾਜ਼ੇਟਿਵ ਮਾਮਲਿਆਂ ਦੀ ਹਫ਼ਤਾ ਪੁਰਾਣੀ ਰਿਪੋਰਟ ਸਾਂਝੀ ਕੀਤੀ ਗਈ।
ਲੈਬ ਦੇ ਇਸ ਗੈਰ-ਜ਼ਿੰਮੇਵਾਰਨਾ ਵਿਵਹਾਰ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ, “ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ਦੀ ਰੋਜ਼ਾਨਾ ਰਿਪੋਰਟ ਨਾ ਮਿਲਣ ਕਾਰਨ ਇਹਨਾਂ ਮਰੀਜ਼ਾਂ ਦੀ ਸੰਪਰਕ ਟਰੇਸਿੰਗ ਅਤੇ ਇਕਾਂਤਵਾਸ ਨਹੀਂ ਕੀਤਾ ਗਿਆ। ਹੋ ਸਕਦਾ ਹੈ ਕਿ ਉਨ੍ਹਾਂ ਨੇ ਸੈਂਕੜੇ ਹੋਰਨਾਂ ਦਰਮਿਆਨ ਇਸ ਵਾਇਰਸ ਨੂੰ ਫੈਲਾਇਆ ਹੋਵੇ। ਇਸ ਲਾਪ੍ਰਵਾਹੀ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।”
ਸ੍ਰੀ ਦਿਆਲਨ ਨੇ ਕਿਹਾ, “ਮੈਂ ਡਿਪਟੀ ਕਮਿਸ਼ਨਰ ਪੰਚਕੂਲਾ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਆਲ ਅਬਾਊਟ ਲੈਬ- ਏਏਐਲ ਰਿਸਰਚ ਐਂਡ ਸਲੀਊਸ਼ਨ ਪ੍ਰਾਈਵੇਟ ਲਿਮਟਿਡ, ਪੰਚਕੂਲਾ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।”
ਲੈਬ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਵਿੱਚ ਐਸ.ਏ.ਐਸ.ਨਗਰ ਦੇ ਕੋਵਿਡ ਪਾਜ਼ਿਟਿਵ ਪਾਏ ਗਏ ਕੇਸ ਇਸ ਪ੍ਰਕਾਰ ਹਨ:
18 ਅਪ੍ਰੈਲ -1 ਕੇਸ
20 ਅਪ੍ਰੈਲ -101 ਕੇਸ
21 ਅਪ੍ਰੈਲ -107 ਕੇਸ
22 ਅਪ੍ਰੈਲ- 123 ਕੇਸ
23 ਅਪ੍ਰੈਲ- 126 ਕੇਸ
24 ਅਪ੍ਰੈਲ -135 ਕੇਸ
25 ਅਪ੍ਰੈਲ -70 ਕੇਸ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਲੱਛਣਾਂ ਵਾਲੇ ਮਰੀਜ਼ਾਂ ਨੇ ਖੁਦ ਪਾਬੰਦੀਆਂ ਦਾ ਪਾਲਣ ਕੀਤਾ ਹੋਵੇਗਾ ਅਤੇ ਉਹ ਘਰ ਦੇ ਅੰਦਰ ਹੀ ਰਹੇ ਹੋਣਗੇ।
ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਨਿਯੰਤਰਣ ਕਰਨ ਦੇ ਉਪਾਅ ਵਜੋਂ ਅਸੀਂ ਇਹਨਾਂ ਮਰੀਜ਼ਾਂ ਦੇ ਸੰਪਰਕਾਂ ਦਾ ਪੂਰਾ ਨਿਰੀਖਣ ਕਰਾਂਗੇ ਤਾਂ ਜੋ ਅਸੀਂ ਵਾਇਰਸ ਦੇ ਹੋਰ ਫੈਲਾਅ ਨੂੰ ਰੋਕ ਸਕੀਏ।