ਫੂਡ ਸੇਫਟੀ ਵਿਭਾਗ ਦੀ ਟੀਮ ਨੇ ਤੜਕਸਾਰ ਪਨੀਰ ਦੇ ਭਰੇ ਸੈਂਪਲ
ਰੋਹਿਤ ਗੁਪਤਾ
ਗੁਰਦਾਸਪੁਰ , 30 ਅਕਤੂਬਰ 2024 : ਸਿਹਤ ਵਿਭਾਗ ਦਾ ਫੂਡ ਸੇਫਟੀ ਵਿੰਗ ਤਿਉਹਾਰਾਂ ਦੇ ਦਿਨਾਂ ਨੂੰ ਦੇਖਦੇ ਹੋਏ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਮਿਠਾਈਆਂ ਅਤੇ ਖਾਣ ਪੀਣ ਦੀਆਂ ਹੋਰ ਵਸਤੂਆਂ ਦੀ ਲਗਾਤਾਰ ਚੈਕਿੰਗ ਕਰ ਰਿਹਾ ਹੈ। ਇਸੇ ਕੜੀ ਵਿੱਚ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਡਾਕਟਰ ਜੀ. ਐਸ. ਪੰਨੂ ਦੀ ਅਗਵਾਈ ਹੇਠ ਤੜਕਸਾਰ ਸਬਜ਼ੀ ਮੰਡੀ ਵਿਖੇ ਸਵੇਰੇ ਤੜਕਸਾਰ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਕਾਰਵਾਈ ਕਰਦਿਆਂ ਪਨੀਰ ਵੇਚਣ ਵਾਲਿਆਂ ਦੇ ਪਨੀਰ ਦੇ ਸੈਂਪਲ ਭਰੇ ਗਏ।
ਜਾਣਕਾਰੀ ਦਿੰਦਿਆਂ ਡਾਕਟਰ ਜੀ ਐਸ ਪੰਨੂ ਨੇ ਦੱਸਿਆ ਕਿ ਤਿਉਹਾਰਾਂ ਨੂੰ ਦੇਖਦੇ ਹੋਏ ਲਗਾਤਾਰ ਮਿਠਾਈਆਂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਇੱਕ ਸੂਚਨਾ ਦੇ ਆਧਾਰ ਤੇ ਸਬਜ਼ੀ ਮੰਡੀ ਵਿਖੇ ਕਈ ਦਿਨਾਂ ਤੋਂ ਬਾਹਰੋਂ ਆ ਰਹੀਆਂ ਪਨੀਰ ਦੀਆਂ ਗੱਡੀਆਂ ਤੇ ਪਨੀਰ ਦੇ ਸੈਂਪਲ ਲਏ ਗਏ ਹਨ ਅਤੇ ਇਹਨਾਂ ਨੂੰ ਜਾਂਚ ਲਈ ਖਰੜ ਲੈਬ ਵਿਖੇ ਭੇਜਿਆ ਜਾ ਰਿਹਾ ਹੈ। ਰਿਪੋਰਟ ਮਿਲਣ ਤੇ ਜੇਕਰ ਸੈਂਪਲ ਫੇਲ ਹੋਏ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਫੂਡ ਸੇਫਟੀ ਵਿਭਾਗ ਵਲੋਂ ਅਜੀਹਿਆਂ ਕਾਰਵਾਈਆਂ ਲਗਾਤਾਰ ਕੀਤੀਆਂ ਜਾਣਗੀਆਂ।