ਰੂਪਨਗਰ: ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਕੂਲਾਂ ਵਿੱਚ ਮਾਸ ਕਾਊਂਸਲਿੰਗ
ਰੂਪਨਗਰ, 6 ਨਵੰਬਰ 2024: ਜਿਲ੍ਹੇ ਦੇ ਸਰਕਾਰੀ ਸਕੂਲਾਂ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ, ਵੱਖ-ਵੱਖ ਕਿੱਤਿਆਂ ਅਤੇ ਸਵੈ-ਰੋਜ਼ਗਾਰ ਸਕੀਮਾਂ ਅਤੇ ਸਰਕਾਰ ਦੀਆਂ ਵੱਖ-ਵੱਖ ਸਕਿੱਲ ਕੋਰਸ ਸਕੀਮਾਂ ਬਾਰੇ ਅਗਵਾਈ ਦੇਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਜਿਲ੍ਹੇ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲਗਾਤਾਰ ਮਾਸ ਕਾਊਂਸਲਿੰਗ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਦੀਮਾਜਰਾ, ਸਰਕਾਰੀ ਹਾਈ ਸਕੂਲ, ਕੋਟਲਾ ਨਿਹੰਗ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿਬੌਰ ਸਾਹਿਬ ਵਿਖੇ ਮਾਸ ਕਾਊਂਸਲਿੰਗ ਸ਼ੈਸ਼ਨ ਕਰਵਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਪ੍ਰਭਜੋਤ ਸਿੰਘ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਨਵੰਬਰ-2024 ਮਹੀਨੇ ਵਿੱਚ ਜਿਲ੍ਹੇ ਦੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਵਿਜ਼ਟ ਕਰਕੇ ਵਿਦਿਆਰਥੀਆਂ ਨੂੰ ਅਗਵਾਈ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਸਰਕਾਰ ਦੀਆਂ ਸਵੈ-ਰੋਜ਼ਗਾਰ ਸਕੀਮਾਂ ਨਾਲ ਸਬੰਧਤ ਵਿਭਾਗਾਂ ਨੂੰ ਵੀ ਸ਼ਿਰਕਤ ਕਰਨ ਲਈ ਕਿਹਾ ਗਿਆ ਹੈ।
ਇਸ ਕਾਊਂਸਲਿੰਗ ਸ਼ੈਸ਼ਨ ਦੌਰਾਨ ਕੈਰੀਅਰ ਕਾਊਂਸਲਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਡਾ. ਜਸਵੀਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਨਾਲ ਸਬੰਧਤ ਵੱਖ-ਵੱਖ ਖੇਤਰਾਂ ਬਾਰੇ ਵਿਸਥਾਰਪੂਰਵਕ ਅਗਵਾਈ ਦਿੱਤੀ ਗਈ। ਉਨ੍ਹਾਂ ਵੱਲੋਂ ਦਸਵੀਂ ਅਤੇ ਬਾਰਵੀਂ ਦੀ ਪੜ੍ਹਾਈ ਤੋਂ ਬਾਅਦ ਵਿਸ਼ਾ ਚੋਣ ਦੇ ਸਬੰਧ ਵਿੱਚ ਲੈਕਚਰ ਦਿੱਤਾ ਗਿਆ ਅਤੇ ਨਾਲ ਹੀ ਪਰਸਨੈਲਿਟੀ ਡਿਵੈਲਪਮੈਂਟ, ਮਨੋਵਿਗਿਆਨਕ ਟੈਸਟਿੰਗ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾ ਵੱਲੋਂ ਵਿਦਿਆਰਥੀਆਂ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਮਿਸ ਕੰਚਨ ਪਾਂਡੇ, ਯੰਗ ਪ੍ਰੋਫੈਸ਼ਨਲ, ਮਾਡਲ ਕੈਰੀਅਰ ਸੈਂਟਰ, ਰੂਪਨਗਰ ਵੱਲੋਂ ਐਨ.ਸੀ.ਐਸ ਪੋਰਟਲ ਅਤੇ ਪੀ.ਜੀ.ਆਰ.ਕਾਮ ਪੋਰਟਲ ਤੇ ਰਜਿਸਟ੍ਰੇਸ਼ਨ ਸਬੰਧੀ ਵਿਦਿਆਰਥੀਆਂ ਨੂੰ ਦੱਸਿਆ ਗਿਆ ਅਤੇ ਨਾਲ ਹੀ ਵਿਦਿਆਰਕੀਆ ਦੀ ਇੰਪਲਾਈਮੈਂਟ ਅਸੈਸਿਬਿਲਟੀ ਟੈਸਟ ਬਾਰੇ ਜਾਣਕਾਰੀ ਦਿੱਤੀ ਗਈ।
ਮਿਸ ਨਿਕਿਤਾ ਬਲਾਕ ਥਿਮੈਟਿਕ ਐਕਸਪਰਟ (ਮੋਬੀਲਾਈਜੇਸ਼ਨ) ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਸਰਕਾਰ ਵੱਲੋਂ ਚਲਾਏ ਜਾ ਰਹੇ ਮੁਫ਼ਤ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਇੰਦਰਜੀਤ ਸਿੰਘ, ਸਿਖਲਾਈ ਅਫਸਰ, ਸੀ.ਪਾਈਟ ਕੈਂਪ, ਨੰਗਲ ਵੱਲੋਂ ਵਿਦਿਆਰਥੀਆਂ ਨੂੰ ਸੀ.ਪਾਈਟ ਕੈਂਪ ਐਟ ਨੰਗਲ ਵਿਖੇ ਭਾਰਤੀ ਸੁਰੱਖਿਆ ਸੇਵਾਵਾਂ ਸਬੰਧੀ ਦਿੱਤੀ ਜਾਂਦੀ ਮੁਫ਼ਤ ਸਿਖਲਾਈ ਲੈਣ ਲਈ ਲੋੜੀਂਦੀ ਯੋਗਤਾ ਅਤੇ ਹੋਰ ਮਾਪ ਦੰਡਾਂ ਬਾਰੇ ਵਿਸਥਾਰਪੂਰਵਕ ਸਮਝਾਇਆ ਗਿਆ।