ਲੋਟੋ: ਸਾਰਾ ਕਿਸਮਤ ਦਾ ਖੇਲ
ਨਿਊਜ਼ੀਲੈਂਡ ਵਿਚ ਕੋਈ ਭਾਗਸ਼ਾਲੀ ਲੈ ਗਿਆ 440 ਲੱਖ ਡਾਲਰ ਤੋਂ ਵੱਧ ਦਾ ਜੈਕਪਾਟ
- ਭਾਰਤੀ ਕਰੰਸੀ ਅਨੁਸਾਰ 2 ਅਰਬ 21 ਕਰੋੜ ਰੁਪਏ ਤੋਂ ਵੱਧ ਦਾ ਇਨਾਮ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 10 ਅਗਸਤ 2024:- ਨਿਊਜ਼ੀਲੈਂਡ ਦੀ ਪੂਰੀ ਦੁਨੀਆ ਦੇ ਵਿਚ ਮਸ਼ਹੂਰ ਲਾਟਰੀ (ਲੋਟੋ) ਦਾ ਅੱਜ ਸ਼ਨੀਵਾਰ ਨਿਕਲਣ ਵਾਲਾ ਡ੍ਰਾਅ ਨਿਕਲਿਆ। ਸਿਖਰਲਾ ਇਨਾਮ ਇਸ ਵਾਰ 44 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ, ਕਿਉਂਕਿ ਲੱਕੀ ਨੰਬਰ ਕਿਸੇ ਦੇ ਨਿਕਲ ਨਹੀਂ ਰਹੇ ਸਨ। ਅੱਜ ਔਕਲੈਂਡ ਦੇ ਕਿਸੇ ਭਾਗਸ਼ਾਲੀ ਦੀ ਕਿਸਮਤ ਦੇ ਵਿਚ ਇਹ ਪਹਿਲਾ ਇਨਾਮ ਨਿਕਲ ਹੀ ਆਇਆ ਅਤੇ ਉਹ ਸਕਿੰਟਾਂ ਦੇ ਵਿਚ ਮਿਲੀਅਨ ਡਾਲਰਾਂ ਦਾ ਮਾਲਕ ਬਣ ਗਿਆ। ਪਹਿਲੇ ਕੁੱਲ ਇਨਾਮ ਦੀ ਰਾਸ਼ੀ 440 ਲੱਖ, 66 ਹਾਜ਼ਾਰ ਅਤੇ 667 ਡਾਲਰ ਸੀ। ਜੇਕਰ ਇਸਦਾ ਭਾਰਤੀ ਕਰੰਸੀ ਵਿਚ ਅੱਜ ਦੀ ਤਰੀਕ ਵਿਚ ਮੁੱਲ ਪਾਇਆ ਜਾਏ ਤਾਂ ਇਹ 2 ਅਰਬ 21 ਕਰੋੜ ਤੋਂ ਵੱਧ ਦਾ ਇਨਾਮ ਬਣਦੀ ਹੈ। ਇਸ ਤੋਂ ਇਲਾਵਾ 14 ਲੋਕਾਂ ਨੂੰ ਪ੍ਰਤੀ ਵਿਅਕਤੀ 66,667 ਡਾਲਰ ਦਾ ਇਨਾਮ ਵੀ ਨਿਕਲਿਆ। 2 ਲੋਕਾਂ ਨੂੰ ਢਾਈ ਲੱਖ ਡਾਲਰ ਦਾ ਇਨਾਮ ਨਿਕਲਿਆ।
ਐਨੀ ਹੀ ਵੱਡੀ ਰਾਸ਼ੀ 2016 ਦੇ ਵਿਚ ਇਕ ਜੋੜੇ ਨੇ ਜਿੱਤ ਲਈ ਸੀ। ਅੱਜ ਦੇ ਲੱਕੀ ਨੰਬਰਾਂ ਵਿਚ ਅੱਖਰ ਸ਼ਾਮਿਲ ਸਨ 24, 17, 25, 39, 6 ਅਤੇ 3। ਬੋਨਸ ਬਾਲ ਦਾ ਨੰਬਰ ਸੀ 36 ਅਤੇ ਪਾਵਰ ਬਾਲ ਸੀ ਨੰਬਰ 1 (ਇਕ)। ਜਿਹੜੇ ਆਨ ਲਾਈਨ ਟਿਕਟ ਲੈਂਦੇ ਹਨ ਜੇਕਰ ਉਹ ਇਕ ਹਜ਼ਾਰ ਡਾਲਰ ਜਿੱਤਦੇ ਹਨ ਤਾਂ ਇਹ ਆਪਣੇ ਆਪ ਖਾਤੇ ਵਿਚ ਆ ਜਾਂਦਾ ਹੈ। ਜੇਕਰ ਇਨਾਮ ਵੱਡਾ ਹੋਵੇ ਤਾਂ ਆਨ ਲਾਈਨ ਭਰਨਾ ਪੈਂਦਾ ਹੈ। ਜਿਹੜੇ ਟਿਕਟ ਖਰੀਦਦੇ ਹਨ ਉਨ੍ਹਾਂ ਨੂੰ ਉਸ ਸਟੋਰ ’ਤੇ ਜਾ ਕੇ ਫਾਰਮ ਭਰਨਾ ਹੁੰਦਾ ਹੈ ਜਿੱਥੋਂ ਲੋਟੋ ਲਈ ਹੁੰਦੀ ਹੈ।
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਲੋਟੋ 1987 ਦੇ ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਵੇਲੇ ਤੱਕ 280 ਵੱਡੇ ਇਨਾਮ ਲੋਕ ਜਿੱਤ ਚੁੱਕੇ ਹਨ। ਲੋਟੋ ਦਾ ਬਚਿਆ ਪੈਸਾ ਕਮਿਊਨਿਟੀ ਦੇ ਚੰਗੇ ਕਾਰਜਾਂ ਵਿਚ ਲਾਇਆ ਜਾਂਦਾ ਹੈ। ਹੁਣ ਤੱਕ 6 ਬਿਲੀਅਨ ਡਾਲਰ ਸਮਾਜਿਕ ਕਾਰਜਾਂ ਲਈ ਵੰਡਿਆ ਜਾ ਚੁੱਕਾ ਹੈ। ਕੁੱਲ ਵਿਕਰੀ ਦਾ 53% ਇਨਾਮ ਵਜੋਂ ਦਿੱਤਾ ਜਾਂਦਾ ਹੈ, 25% ਲੋਕਲ ਗ੍ਰਾਂਟਾ ਵਾਸਤੇ, 12% ਟੈਕਸ ਆਦਿ, 6% ਅਪ੍ਰੇਟਿੰਗ ਫੀਸ, 4% ਕਮਿਸ਼ਨ ਅਤੇ ਹੋਰ।