ਡੇਰਾ ਬਾਬਾ ਨਾਨਕ ਤੋਂ ਰਵੀਕਰਨ ਕਾਹਲੋਂ ਨੂੰ ਭਾਜਪਾ ਨੇ ਐਲਾਨਿਆ ਉਮੀਦਵਾਰ
ਰੋਹਿਤ ਗੁਪਤਾ
ਗੁਰਦਾਸਪੁਰ 22 ਅਕਤੂਬਰ 2024- ਭਾਜਪਾ ਵੱਲੋਂ ਰਵੀਕਰਨ ਕਾਲੋ ਨੂੰ ਡੇਰਾ ਬਾਬਾ ਨਾਨਕ ਤੋਂ ਜਿਮਨੀ ਚੋਣਾਂ ਵਿੱਚ ਉਮੀਦਵਾਰ ਐਲਾਨ ਦਿੱਤਾ ਹੈ। ਰਵੀਕਰਨ ਕਾਹਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਸਵਰਗੀ ਨਿਰਮਲ ਸਿੰਘ ਕਾਹਲੋ ਦੇ ਪੁੱਤਰ ਹਨ ਅਤੇ ਅਕਾਲੀ ਦਲ ਦੇ ਫਤਿਹਗੜ੍ਹ ਚੂੜੀਆਂ ਹਲਕਾ ਇੰਚਾਰਜ ਵੀ ਰਹੇ ਹਨ। ਇਸੇ ਸਾਲ ਮਈ ਵਿੱਚ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਸੀ। ਰਵੀਕਰਨ ਕਾਹਲੋਂ ਨੇ ਇਸਦਾ ਕਾਰਨ ਇਹ ਦੱਸਿਆ ਸੀ ਕਿ ਉਹ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦੀਆਂ ਚੱਲ ਰਹੀਆਂ ਚਰਚਾਵਾਂ ਦਾ ਵਿਰੋਧ ਕਰ ਰਹੇ ਸਨ, ਇਸ ਲਈ ਉਹਨਾਂ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਪਰ ਅਕਾਲੀ ਦਲ ਤੋਂ ਬਾਹਰ ਹੋਣ ਦੇ ਤੁਰੰਤ ਬਾਅਦ ਕਾਹਲੋਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ।
ਦੱਸ ਦਈਏ ਕਿ ਰਵੀਕਰਨ ਕਾਹਲੋ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਹੀ ਡੇਰਾ ਬਾਬਾ ਨਾਨਕ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਖਤ ਟੱਕਰ ਦਿੱਤੀ ਗਈ ਸੀ ਅਤੇ ਸਿਰਫ 441 ਵੋਟਾਂ ਤੇ ਹਾਰੇ ਸਨ। ਸੁਖਜਿੰਦਰ ਰੰਧਾਵਾ ਨੂੰ ਜਿੱਥੇ 52 341 ਵੋਟਾਂ ਪਈਆਂ ਉੱਥੇ ਹੀ ਰਵੀਕਰਨ ਕਾਲੋਂ 51960 ਵੋਟਾਂ ਲੈਣ ਵਿੱਚ ਕਾਮਯਾਬ ਰਹੇ। ਹਾਲਾਂਕਿ ਡੇਰਾ ਬਾਬਾ ਨਾਨਕ ਹਲਕੇ ਵਿੱਚ ਭਾਜਪਾ ਦਾ ਵਿਸ਼ੇਸ਼ ਆਧਾਰ ਨਹੀਂ ਹੈ ਅਤੇ ਭਾਜਪਾ ਦੇ ਉਮੀਦਵਾਰ ਕੁਲਦੀਪ ਸਿੰਘ ਨੂੰ ਸਿਰਫ 1840 ਵੋਟਾਂ ਮਿਲੀਆਂ ਸਨ ਪਰ ਰਵੀਕਰਨ ਕਾਹਲੋ ਦਾ ਇਲਾਕੇ ਵਿੱਚ ਆਪਣਾ ਇੱਕ ਵੋਟ ਬੈਂਕ ਹੈ ਜਿਸ ਦੇ ਆਧਾਰ ਤੇ ਉਹ ਜਿਮਨੀ ਚੋਣਾਂ ਵਿੱਚ ਭਾਜਪਾ ਲਈ ਮਜਬੂਤ ਉਮੀਦਵਾਰ ਸਾਬਤ ਹੋ ਸਕਦੇ ਹਨ।