ਸੁੱਖੀ ਰੰਧਾਵਾ ਨੇ ਮੁੱਖ ਮੰਤਰੀ ਤੇ "ਆਪ" ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ 'ਤੇ ਸਾਧੇ ਨਿਸ਼ਾਨੇ
- ਜਨਤਾ ਨੂੰ ਕੀਤਾ ਜਾਗਰੂਕ
ਰੋਹਿਤ ਗੁਪਤਾ
ਗੁਰਦਾਸਪੁਰ, 6 ਨਵੰਬਰ 2024 - ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਪੂਰੇ ਜੋਰਾਂ ' ਤੇ ਹੈ। ਸੂਬੇ ਦੇ ਸੀਨੀਅਰ ਕਾਂਗਰਸੀ ਆਗੂ ਜਤਿੰਦਰ ਕੌਰ ਰੰਧਾਵਾ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਪੂਰੇ ਸਮਰਪਣ ਨਾਲ ਮਿਹਨਤ ਕਰ ਰਹੇ ਹਨ ਜਿਸ ਸਦਕਾ ਆਏ ਦਿਨ ਹਲਕੇ ਵਿੱਚ ਦੂਜੀਆਂ ਪਾਰਟੀਆਂ ਦੇ ਸਮਰਥਕ ਧੜਾਧੜ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਕਾਂਗਰਸ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ।
ਚੋਣ ਪ੍ਰਚਾਰ ਦੌਰਾਨ ਦੌਰਾਨ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਗੁੰਮਰਾਹਕੁੰਨ ਨੀਤੀਆਂ ਅਤੇ ਝੂਠੇ ਲਾਰਿਆਂ ਤੋਂ ਜਾਗਰੂਕ ਹੋ ਚੁੱਕੇ ਹਨ। ਇਸ ਲਈ ਉਹ ਅਕਾਲੀਆਂ ਦੀ ਤਰ੍ਹਾਂ ਆਪ ਨੂੰ ਛੱਡ ਕੇ ਲੋਕਪੱਖੀ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ । ਉਨ੍ਹਾਂ ਕਿਹਾ ਕਿ ਜਿਵੇਂ ਮਹਾਂਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚਲੇ ਗ਼ਦਾਰਾਂ ਨੇ ਸਿੱਖ ਰਾਜ ਨੂੰ ਖ਼ਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਉਵੇਂ ਹੀ ਮੌਜੂਦਾ ਪੰਜਾਬ ਨੂੰ ਬਰਬਾਦ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਰ ਵਿਧਾਇਕ ਨੇ ਪੂਰਾ ਜੋਰ ਲਗਾ ਦਿੱਤਾ ਹੈ। ਇਨ੍ਹਾਂ ਦੇ ਇਸ ਪੰਜਾਬ ਵਿਰੋਧੀ ਰਵੱਈਏ ਕਰਕੇ ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ।
ਅੱਜ ਬਰਿੰਦਰਮੀਤ ਸਿੰਘ ਪਾਹੜਾ, ਸਰਦਾਰ ਇੰਦਰਜੀਤ ਸਿੰਘ ਰੰਧਾਵਾ, ਮੈਡਮ ਅਰੁਣਾ ਚੌਧਰੀ ਅਤੇ ਉਨ੍ਹਾਂ ਦੇ ਪਤੀ ਅਸ਼ੋਕ ਚੌਧਰੀ ਨਾਲ ਹਲਕੇ ਵਿੱਚ ਚੋਣ ਪ੍ਰਚਾਰ ਦੌਰਾਨ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਜਤਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਹਲਕੇ ਦੇ ਕਿਰਤੀ, ਕਿਸਾਨ,ਨੌਜਵਾਨ, ਭੈਣਾਂ ਤੇ ਮਾਤਾਵਾਂ ਸਭ ਲੋਕ ਆਪ ਸਰਕਾਰ ਦੇ ਝੂਠੇ ਤੇ ਬੇਸਿਰ ਪੈਰ ਲਾਰਿਆਂ ਤੋਂ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਨਾ ਹੀ ਆਪ ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨਾ ਹੈ,ਨਾ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਾ ਹੈ ਤੇ ਨਾ ਹੀ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਹੈ। ਇਸ ਲਈ ਲੋਕ ਆਪ ਅਤੇ ਅਕਾਲੀ ਦਲ ਤੋਂ ਤੌਬਾ ਕਰਕੇ ਕਾਂਗਰਸ ਦੇ ਹੱਕ ਵਿੱਚ ਖੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਿੱਸਾ ਬਣਨ ਵਾਲੇ ਹਰ ਸਖ਼ਸ਼ ਦਾ ਉਹ ਦਿਲੋਂ ਸਵਾਗਤ ਕਰਦੇ ਹਨ ਅਤੇ ਭਰੋਸਾ ਦੇਂਦੇ ਹਨ ਕਿ ਉਨ੍ਹਾਂ ਦੀ ਭੈਣ ਜਤਿੰਦਰ ਕੌਰ ਰੰਧਾਵਾ ਇਹਨਾਂ ਪਰਿਵਾਰਾਂ ਦੇ ਦੁੱਖ ਸੁੱਖ ਵਿੱਚ ਇੱਕ ਅਵਾਜ਼ ' ਤੇ ਹਾਜ਼ਰ ਹੋਵੇਗੀ।
ਉਨ੍ਹਾਂ ਅੱਜ ਪਿੰਡ ਸ਼ਹੂਰ,ਕਲਾਨੌਰ,ਮਲੋਗਿਲ ਆਦਿ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਦਰਜਨਾਂ ਪਰਿਵਾਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪੂਰੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ 20 ਤਰੀਕ ਨੂੰ ਡੇਰਾ ਬਾਬਾ ਨਾਨਕ ਹਲਕੇ ਦੇ ਲੋਕ ਨਾਰੀ ਸ਼ਕਤੀ ਦੇ ਹੱਕ ਵਿੱਚ ਜ਼ਬਸਦਤ ਫਤਵਾ ਦੇ ਕੇ ਕਾਂਗਰਸ ਦੀ 2027 ਵਿੱਚ ਬਣਨ ਵਾਲੀ ਸੂਬਾ ਸਰਕਾਰ ਦਾ ਨੀਂਹ ਪੱਥਰ ਰੱਖਣਗੇ।