Tribune Chowk Breaking: ਟ੍ਰਿਬਿਉਨ ਚੌਕ 'ਤੇ ਫਲਾਈ ਓਵਰ ਬਣਾਉਣ 'ਤੇ ਲੱਗੀ ਰੋਕ ਹਟੀ - ਹਾਈ ਕੋਰਟ ਨੇ ਦਿੱਤੀ ਹਰੀ ਝੰਡੀ
ਚੰਡੀਗੜ੍ਹ, 30 ਅਪ੍ਰੈਲ, 2024:
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਜ਼ੀਰਕਪੁਰ ਤੋਂ ਚੰਡੀਗੜ੍ਹ ਦੇ ਟ੍ਰਿਬਿਊਨ ਚੌਕ ਤੱਕ ਫਲਾਈਓਵਰ ਨੂੰ ਹਰੀ ਝੰਡੀ ਦੇ ਕੇ ਉਸਾਰੇ ਜਾਣ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਚੰਡੀਗੜ੍ਹ ਹੈਰੀਟੇਜ ਦੇ ਤਹਿਤ ਕਿਸੇ ਵੀ ਤਰ੍ਹਾਂ ਦੇ ਫਲਾਈਓਵਰ ਦੀ ਵਿਵਸਥਾ ਨਾ ਹੋਣ ਕਾਰਨ ਹਾਈ ਕੋਰਟ ਨੇ 2019 'ਚ ਇਸ 'ਤੇ ਰੋਕ ਲਗਾ ਦਿੱਤੀ ਸੀ ਜਿਸ 'ਤੇ ਅੱਜ ਆਪਣਾ ਸਟੇਅ ਹਟਾਉਂਦੇ ਹੋਏ ਅਦਾਲਤ ਨੇ ਕਿਹਾ ਹੈ ਕਿ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਨੂੰ ਕਿਸੇ ਵੀ ਹਾਲਤ 'ਚ ਨਹੀਂ ਰੋਕਿਆ ਜਾ ਸਕਦਾ।
ਸਾਲ 2019 ਵਿੱਚ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਮਾਸਟਰ ਪਲਾਨ ਵਿੱਚ ਕਿਸੇ ਵੀ ਤਰ੍ਹਾਂ ਦੇ ਫਲਾਈਓਵਰ ਦੀ ਵਿਵਸਥਾ ਨਹੀਂ ਹੈ ਜਿਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਟ੍ਰੈਫਿਕ ਤੋਂ ਰਾਹਤ ਦੇਣ ਲਈ ਬਣਾਏ ਗਏ ਇਸ ਪ੍ਰਾਜੈਕਟ ਨੂੰ ਰੋਕ ਦਿੱਤਾ ਗਿਆ।
ਹੁਣ ਚੋਣ ਜ਼ਾਬਤਾ ਹਟਣ ਤੋਂ ਬਾਅਦ ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਜਦੋਂ ਇਹ ਪ੍ਰੋਜੈਕਟ 2019 ਵਿੱਚ ਤਿਆਰ ਕੀਤਾ ਗਿਆ ਸੀ ਤਾਂ ਇਸ ਪ੍ਰੋਜੈਕਟ ਦੀ ਲਾਗਤ 137 ਕਰੋੜ ਰੁਪਏ ਦੱਸੀ ਗਈ ਸੀ। ਇਸ ਫਲਾਈਓਵਰ ਦੇ ਨਿਰਮਾਣ ਲਈ ਕੁੱਲ 472 ਦਰੱਖਤ ਕੱਟਣੇ ਪਏ ਸਨ ਜਿਨ੍ਹਾਂ ਵਿੱਚੋਂ ਡੇਢ ਸੌ ਨੂੰ ਦੁਬਾਰਾ ਲਾਉਣ ਦੀ ਯੋਜਨਾ ਸੀ। ਇਸ ਵਿੱਚ ਅੰਬ, ਨਿੰਮ ਅਤੇ ਗੁਲਮੋਹਰ ਵਰਗੇ ਪੁਰਾਣੇ ਦਰੱਖਤ ਸ਼ਾਮਲ ਸਨ। ਇਨ੍ਹਾਂ ਦਰੱਖਤਾਂ ਦੀ ਕਟਾਈ ਕਾਰਨ ਇਸ ਪ੍ਰਾਜੈਕਟ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਇਸ ਪ੍ਰੋਜੈਕਟ ਨੂੰ ਬਣਿਆਂ 5 ਸਾਲ ਹੋ ਗਏ ਹਨ। ਇਨ੍ਹਾਂ 5 ਸਾਲਾਂ ਦੌਰਾਨ ਮਹਿੰਗਾਈ ਵਧਣ ਕਾਰਨ ਇਸ ਫਲਾਈਓਵਰ ਦੀ ਲਾਗਤ ਵੀ ਵਧੇਗੀ।