ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ 'ਚ ਸੀਬਾ ਨੇ ਜਿੱਤਿਆ ਕਾਂਸੇ ਦਾ ਤਗ਼ਮਾ
- ਦੇਸ਼-ਪੱਧਰੀ ਕਬੱਡੀ ਮੁਕਾਬਲੇ 'ਚ ਛਾਈਆਂ ਸੀਬਾ ਦੀਆਂ ਖਿਡਾਰਨਾਂ
- ਖੇਡਾਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ ਅਤੇ ਸਬਰ ਰੱਖਣਾ ਸਿਖਾਉਂਦੀਆਂ ਹਨ- ਢੀਂਡਸਾ
ਲਹਿਰਾਗਾਗਾ, 22 ਅਕਤੂਬਰ 2024 - ਸੀਬੀਐਸਈ ਵੱਲੋਂ ਗਰੀਨਲੈਂਡ ਪਬਲਿਕ ਸਕੂਲ, ਦਤੌਰ-ਸਾਂਪਲਾ, ਰੋਹਤਕ (ਹਰਿਆਣਾ) ਵਿਖੇ ਕਰਵਾਈ ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਵਿੱਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀ ਟੀਮ ਨੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਕਾਂਸੇ ਦਾ ਤਗ਼ਮਾ ਜਿੱਤਕੇ ਸ਼ਾਨਦਾਰ ਉਪਲੱਬਧੀ ਹਾਸਿਲ ਕੀਤੀ ਹੈ।
ਖੇਡ ਕੋਆਰਡੀਨੇਟਰ ਨਰੇਸ਼ ਚੌਧਰੀ ਨੇ ਦੱਸਿਆ ਕਿ ਟੀਮ ਦੀ ਕਪਤਾਨ ਚਾਰੂ ਭਾਈ ਕੀ ਪਸ਼ੌਰ ਦੀ ਅਗਵਾਈ 'ਚ ਖੇਡਦਿਆਂ ਸੀਬਾ-ਪੰਜਾਬ ਨੇ ਸਿਰਸਾ-ਹਰਿਆਣਾ ਨੂੰ 29-6, ਕਰਨਾਟਕ ਨੂੰ 14-8, ਛਤੀਸਗੜ੍ਹ ਨੂੰ 14-11, ਉੱਤਰ-ਪ੍ਰਦੇਸ਼ ਨੂੰ 18-5 ਦੇ ਵੱਡੇ ਫਰਕ ਨਾਲ ਹਰਾਇਆ। ਸਕੂਲ ਪਹੁੰਚਣ 'ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਬੰਧਕਾਂ ਵੱਲੋਂ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣ ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ।
ਇਸ ਮੌਕੇ ਮੈਡਮ ਅਮਨ ਢੀਂਡਸਾ ਅਤੇ ਪ੍ਰਿੰਸੀਪਲ ਸੁਨੀਤਾ ਨੰਦਾ ਨੇ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਵਧੇਰੇ ਮਿਹਨਤ ਅਤੇ ਹੌਸਲੇ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਇਸ ਟੀਮ ਵਿੱਚ ਪਾਰਸਪ੍ਰੀਤ ਕੌਰ ਭੁਟਾਲ ਕਲਾਂ, ਰਮਨਪ੍ਰੀਤ ਕੌਰ ਕੱਲਰਭੈਣੀ, ਹੁਸਨਪ੍ਰੀਤ ਕੌਰ ਘੋੜੇਨਬ, ਰਮਨਪ੍ਰੀਤ ਕੌਰ ਕਲੇਰ, ਕਮਲਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਸ਼ਗਨਪ੍ਰੀਤ ਕੌਰ ਗੋਬਿੰਦਪੁਰਾ ਜਵਾਹਰਵਾਲ਼ਾ, ਹਰਨੀਲ ਕੌਰ, ਗੁਰਵੀਰ ਕੌਰ ਅਤੇ ਰਮਨਦੀਪ ਕੌਰ ਬਖੋਰਾ ਖੁਰਦ ਸ਼ਾਮਿਲ ਸਨ।