ਨਗਰ ਕੌਂਸਲ ਕਰਮਚਾਰੀਆਂ ਨੇ ਚੋਰਾਂ ਵਾਂਗੂ ਤੋੜਿਆ ਮਾਰਕੀਟ ਦਾ ਗੇਟ, ਮਸਲਾ ਕੂੜਾ ਸੁੱਟਣ ਦਾ
- ਸਾਬਕਾ ਪ੍ਰਧਾਨ ਕਥੂਰੀਆ ਨੇ ਜੇਸੀਬੀ ਦਾ ਰਸਤਾ ਰੋਕ ਕੇ ਕੀਤਾ ਵਿਰੋਧ ਪ੍ਰਦਰਸ਼ਨ
ਦੀਪਕ ਜੈਨ
ਜਗਰਾਉਂ, 6 ਨਵੰਬਰ 2024 - ਜਗਰਾਉਂ ਦੀ ਪੁਰਾਣੀ ਸਬਜ਼ੀ ਮੰਡੀ ਰੋਡ ਤੇ ਸਥਿਤੀ ਉਦੋਂ ਤਨਾਅ ਪੂਰਨ ਹੋ ਗਈ ਜਦੋਂ ਸੁਆਮੀ ਰੂਪ ਚੰਦ ਜੈਨ ਸਕੂਲ ਦੇ ਸਾਹਮਣੇ ਬਣੀ ਇੱਕ ਮਾਰਕੀਟ ਦੇ ਬਾਹਰ ਲੱਗਿਆ ਗੇਟ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਚੋਰਾਂ ਵਾਂਗੂੰ ਜਿੰਦਰੇ ਭਨ ਕੇ ਜੇਬੀਸੀ ਮਸ਼ੀਨ ਨਾਲ ਪੱਟ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਮਾਰਕੀਟ ਦੇ ਦੁਕਾਨਦਾਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਥੂਰੀਆ ਅਤੇ ਉਸਦੇ ਸਾਥੀਆਂ ਵੱਲੋਂ ਜੇ ਬੀਸੀ ਮਸ਼ੀਨ ਦੇ ਮੂਹਰੇ ਲੇਟ ਕੇ ਨਗਰ ਕੌਂਸਲ ਜਗਰਾਉਂ ਦੀ ਮੁਰਦਾਬਾਦ ਕੀਤੀ ਗਈ ਮਾਰਕੀਟ ਦੇ ਪਿਛਲੇ ਪਾਸੇ ਨਗਰ ਕੌਂਸਲ ਦੀ ਪਈ ਖਾਲੀ ਜ਼ਮੀਨ ਤੇ ਨਗਰ ਕੌਂਸਲ ਮਾਰਕੀਟ ਦੇ ਰਸਤੇ ਨੂੰ ਵਰਤੋਂ ਵਿਚ ਲਿਆਉਂਦੀ ਹੋਈ ਕੂੜਾ ਸਿੱਟਣਾ ਚਾਹੁੰਦੀ ਸੀ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਵਿਰੋਧ ਦੇ ਬਾਵਜੂਦ ਵੀ ਕੁਝ ਟਰਾਲੀਆਂ ਕੂੜੇ ਦੀਆਂ ਖਾਲੀ ਜਗ੍ਹਾ ਤੇ ਸਿੱਟ ਦਿੱਤੀਆਂ।
ਇੱਥੇ ਹੀ ਇੱਕ ਦੁਕਾਨਦਾਰ ਵੱਲੋਂ ਵਿਰੋਧ ਕਰਨ ਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਇੱਕ ਦੁਕਾਨਦਾਰ ਨਾਲ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਇੱਕ ਮੁਲਾਜ਼ਮ ਨੇ ਉਸ ਵਿਅਕਤੀ ਦੇ ਥੱਪੜ ਮਾਰ ਦਿੱਤੇ। ਜਿਸ ਤੇ ਮਾਮਲਾ ਭੱਖ ਗਿਆ। ਦੁਕਾਨਦਾਰਾਂ ਵੱਲੋਂ ਕਈ ਕੌਂਸਲਰਾਂ ਨੂੰ ਨਾਲ ਲੈ ਕੇ ਈਓ ਦੇ ਦਫਤਰ ਵਿੱਚ ਪਹੁੰਚ ਕੇ ਇਸ ਗੁੰਡਾਗਰਦੀ ਦੇ ਖਿਲਾਫ ਆਵਾਜ਼ ਉਠਾਉਂਦੇ ਹੋਏ ਧੱਕੇ ਨਾਲ ਗੇਟ ਤੋੜਨ ਬਾਰੇ ਈਓ ਤੋਂ ਜਵਾਬ ਪੁੱਛਿਆ ਤਾਂ ਈਓ ਸੁਖਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਅਜਿਹੀ ਕੋਈ ਗੁੰਡਾਗਰਦੀ ਕੀਤੀ ਗਈ ਹੈ ਤਾਂ ਉਹ ਬਿਲਕੁਲ ਹੀ ਨਾ ਕਾਬਲੇ ਬਰਦਾਸ਼ਤ ਹੈ ਜਿਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇੱਥੇ ਹੀ ਈਓ ਅਤੇ ਕੌਂਸਲਰ ਰਾਜੂ ਕਾਮਰੇਡ ਨੇ ਬਣੀ ਮਾਰਕੀਟ ਨੂੰ ਨਗਰ ਕੌਂਸਲ ਦੀ ਮਾਲਕੀ ਦੱਸਿਆ। ਦੁਕਾਨਦਾਰਾਂ ਵੱਲੋਂ ਈਓ ਅਤੇ ਕੌਂਸਲਰ ਰਾਜੂ ਕਾਮਰੇਡ ਨੂੰ ਸਾਫ ਕਰਦੇ ਹੋਏ ਦੱਸਿਆ ਕਿ ਉਹਨਾਂ ਕੋਲ ਇਸ ਮਾਰਕੀਟ ਵਿੱਚ ਦੁਕਾਨਾਂ ਦੀਆਂ ਰਜਿਸਟਰੀਆਂ ਕਰਾਈਆਂ ਗਈਆਂ ਹਨ ਅਤੇ ਨਗਰ ਕੌਂਸਲ ਤੋਂ ਨਕਸ਼ੇ ਪਾਸ ਕਰਵਾ ਕੇ ਦੁਕਾਨਾਂ ਦੀ ਉਸਾਰੀ ਕੀਤੀ ਗਈ ਹੈ। ਫਿਰ ਇਹ ਜਗਹਾ ਨਗਰ ਕੌਂਸਲ ਦੀ ਕਿਸ ਤਰ੍ਹਾਂ ਹੋਈ। ਜਿਸ ਦਾ ਈਓ ਕੋਲ ਕੋਈ ਠੋਸ ਜਵਾਬ ਨਹੀਂ ਸੀ। ਦੁਕਾਨਦਾਰ ਦੀ ਮਾਰਕੁਟ ਕਰਨ ਵਾਲੇ ਅਤੇ ਗੇਟ ਤੋੜਨ ਵਾਲੇ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕਰਨ ਤੇ ਸਮੂਹ ਦੁਕਾਨਦਾਰ ਅੜ ਗਏ ਤਾਂ ਈਓ ਰੰਧਾਵਾ ਇਸ ਗੱਲ ਤੋਂ ਭੱਜਦੇ ਨਜ਼ਰ ਆਏ ਤਾਂ ਦੁਕਾਨਦਾਰਾਂ ਨੇ ਪੁਰਾਣੀ ਸਬਜ਼ੀ ਮੰਡੀ ਰੋਡ ਤੇ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਕਾਰਵਾਈ ਨੂੰ ਲੈ ਕੇ ਜਾਮ ਲਗਾ ਦਿੱਤਾ ਅਤੇ ਜੰਮ ਕੇ ਨਗਰ ਕੌਂਸਲ ਦੀ ਮੁਰਦਾਬਾਦ ਕੀਤੀ ਗਈ। ਇਸ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੋਪੀ ਸ਼ਰਮਾ ਨੇ ਵੀ ਧਰਨੇ ਵਿੱਚ ਦੁਕਾਨਦਾਰਾਂ ਦਾ ਸਾਥ ਦਿੰਦੇ ਹੋਏ ਕਿਹਾ ਕੀ ਜੇਕਰ ਨਗਰ ਕੌਂਸਲ ਇਸ ਜਗਹਾ ਨੂੰ ਆਪਣੀ ਮਾਲਕੀ ਦੱਸਦੀ ਹੈ ਤਾਂ ਉਹ ਪਹਿਲਾਂ ਦੁਕਾਨਦਾਰਾਂ ਨੂੰ ਕੋਈ ਨੋਟਿਸ ਭੇਜਦੀ ਜਾਂ ਕਾਨੂੰਨੀ ਪ੍ਰਕਿਰਿਆ ਨਾਲ ਚਲਦੀ। ਬਿਨਾਂ ਨੋਟਿਸ ਤੋਂ ਗੇਟ ਨੂੰ ਤੋੜਨਾ ਸ਼ਰੇਆਮ ਨਗਰ ਕੌਂਸਲ ਦੀ ਗੁੰਡਾਗਰਦੀ ਹੈ।
ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਇਸ ਸਬੰਧ ਵਿੱਚ ਅਤੇ ਨਗਰ ਕੌਂਸਲ ਵਿੱਚ ਪਹਿਲਾਂ ਹੋਈਆਂ ਆਪ ਹੁਦਰੀਆਂ ਦੇ ਖਿਲਾਫ ਮੁੱਖ ਮੰਤਰੀ ਤੱਕ ਗੱਲ ਪਹੁੰਚਾ ਕੇ ਕਾਰਵਾਈ ਦੀ ਮੰਗ ਕਰਨਗੇ। ਇਸ ਧਰਨੇ ਵਿੱਚ ਸ਼ਾਮਿਲ ਕੌਂਸਲਰਾਂ ਨੇ ਵੀ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਨਿਖੇਦੀ ਕਰਦਿਆਂ ਦੁਕਾਨਦਾਰਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ। ਰੋਡ ਜਾਮ ਕਰਨ ਦੀ ਖਬਰ ਲੱਗਣ ਤੇ ਥਾਣਾ ਸਿਟੀ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਦੁਕਾਨਦਾਰਾਂ ਨੂੰ ਵਿਸ਼ਵਾਸ ਵਿੱਚ ਲੈਂਦੇ ਹੋਏ ਕਿਹਾ ਕੀ ਦੁਕਾਨਦਾਰ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਣ ਤਾਂ ਜੋ ਇਹਨਾਂ ਗੁੰਡਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਸਿਟੀ ਇੰਚਾਰਜ ਦੇ ਵਿਸ਼ਵਾਸ ਦਵਾਉਣ ਤੇ ਕੌਂਸਲਰਾਂ ਅਤੇ ਦੁਕਾਨਦਾਰਾਂ ਵੱਲੋਂ ਧਰਨਾ ਪ੍ਰਦਰਸ਼ਨ ਬੰਦ ਕਰਕੇ ਟਰੈਫਿਕ ਨੂੰ ਬਹਾਲ ਕਰ ਦਿੱਤਾ ਗਿਆ। ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਹੋਵੇਗਾ ਕਿ ਗੁੰਡਾਗਰਦੀ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਕਾਰਵਾਈ ਹੋਵੇਗੀ ਜਾਂ ਫਿਰ ਇਸ ਮਾਮਲੇ ਨੂੰ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ।
ਅੱਜ ਇਸ ਮਸਲੇ ਤੇ ਜਿਹੜਾ ਵਿਵਾਦ ਮਚਿਆ ਉਸ ਨੂੰ ਲੈ ਕੇ ਸਾਰੇ ਸ਼ਹਿਰ ਅੰਦਰ ਨਗਰ ਕੌਂਸਲ ਦੇ ਜਿੰਮੇਵਾਰ ਅਧਿਕਾਰੀ ਅਤੇ ਪ੍ਰਧਾਨ ਦੀ ਬਦਖੋਹੀ ਜਿਆਦਾ ਹੁੰਦੀ ਰਹੀ ਕਿਉਂਕਿ ਇਹਨਾਂ ਦੀ ਰਹਿਨੁਮਾਈ ਵਿੱਚ ਜਗਰਾਉਂ ਦੇ ਹਰ ਇੱਕ ਇਲਾਕੇ ਵਿੱਚ ਸੜਕਾਂ ਦੇ ਕਿਨਾਰਿਆਂ ਉੱਤੇ ਕੂੜੇ ਅਤੇ ਕਚਰੇ ਦੇ ਵੱਡੇ ਵੱਡੇ ਢੇਰ ਲੱਗ ਰਹੇ ਹਨ ਇਸ ਮੌਕੇ ਗਊ ਕਮਿਸ਼ਨ ਪੰਜਾਬ ਦੇ ਗੋਪੀ ਸ਼ਰਮਾ, ਸਾਬਕਾ ਪ੍ਰਧਾਨ ਨਗਰ ਕੌਂਸਲ ਦਵਿੰਦਰ ਕਥੋਰੀਆ, ਸਾਬਕਾ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਕੌਂਸਲਰ ਕਮਰਪਾਲ ਸਿੰਘ, ਕੌਂਸਲਰ ਸਤੀਸ਼ ਕੁਮਾਰ ਪੱਪੂ, ਸਾਬਕਾ ਕੌਂਸਲਰ ਰਵਿੰਦਰ ਕੁਮਾਰ ਸਬਰਵਾਲ ਫੀਨਾ, ਕੌਂਸਲਰ ਸੁਧਾ ਭਾਰਤਵਾਜ ਦੇ ਪਤੀ ਰਾਜ ਭਾਰਤਵਾਜ, ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਥ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਰਕੀਟ ਦੇ ਦੁਕਾਨਦਾਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
ਕੀ ਕਹਿੰਦੇ ਹਨ ਦੁਕਾਨਦਾਰ
ਨਗਰ ਕੌਂਸਲ ਵੱਲੋਂ ਕੀਤੀ ਗਈ ਅੱਜ ਦੀ ਗੁੰਡਾਗਰਦੀ ਬਾਰੇ ਜਦੋਂ ਮਾਰਕੀਟ ਦੇ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਤਾਂ ਦੁਕਾਨਦਾਰ ਪ੍ਰਦੀਪ, ਰਮੇਸ਼, ਗਗਨ ਅਤੇ ਲਕਸ਼ਮਣ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਜੇਕਰ ਨਗਰ ਕੌਂਸਲ ਵੱਲੋਂ ਮਾਰਕੀਟ ਅੰਦਰ ਕੂੜੇ ਦੀਆਂ ਟਰਾਲੀਆਂ ਭਰ ਕੇ ਲਿਆਂਦੀਆਂ ਗਈਆਂ ਤਾਂ ਉਹ ਨਗਰ ਕੌਂਸਲ ਵੱਲੋਂ ਲਿਆਂਦਾ ਗਿਆ ਕੂੜਾ ਖੁਦ ਚੱਕ ਕੇ ਨਗਰ ਕੌਂਸਲ ਅੰਦਰ ਸੁੱਟ ਕੇ ਆਉਣਗੇ ਜਿਵੇਂ ਕਿ ਪਿਛਲੇ ਕੁਝ ਦਿਨ ਪਹਿਲਾਂ ਡਿਸਪੋਜਲ ਰੋਡ ਉੱਤੋਂ ਕਈ ਕੌਂਸਲਰਾਂ ਨੇ ਦੁਕਾਨਦਾਰਾਂ ਦੀ ਮਦਦ ਨਾਲ ਡਿਸਪੋਜਲ ਰੋਡ ਵਾਲਾ ਕੂੜਾ ਨਗਰ ਕੌਂਸਲ ਅੰਦਰ ਜਾ ਕੇ ਖਲਾਰ ਦਿੱਤਾ ਸੀ।
ਕੀ ਕਹਿੰਦੇ ਹਨ ਕਾਰਜ ਸਾਧਕ ਅਫਸਰ
ਜਦੋਂ ਇਸ ਬਾਰੇ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਦਕ ਅਫਸਰ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਕਿ ਕੌਂਸਲ ਦੇ ਕਰਮਚਾਰੀਆਂ ਨੂੰ ਮਾਰਕੀਟ ਦਾ ਗੇਟ ਤੋੜ ਕੇ ਅੰਦਰ ਕੂੜਾ ਸੁੱਟਣ ਦੇ ਆਰਡਰ ਕਿਸ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਹਨ ਤਾਂ ਉਹਨਾਂ ਕਿਹਾ ਕਿ ਇਹ ਆਰਡਰ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ ਵੱਲੋਂ ਦਿੱਤੇ ਗਏ ਹਨ ਅਤੇ ਉਹਨਾਂ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ ਪਰ ਆਪਣੀ ਗੱਲ ਕਹਿਣ ਤੋਂ ਕੁਝ ਦੇਰ ਬਾਅਦ ਉਹ ਇਸ ਗੱਲ ਤੋਂ ਮੁਨਕਰ ਹੋ ਗਏ ਪਰ ਉਨਾਂ ਵੱਲੋਂ ਦਿੱਤੇ ਗਏ ਬਿਆਨ ਪੱਤਰ ਕਾਰਾ ਦੇ ਕੈਮਰਿਆਂ ਵਿੱਚ ਰਿਕਾਰਡ ਹੋ ਚੁੱਕੇ ਸਨ।