ਪਟਿਆਲਾ: ਜ਼ਿਲ੍ਹੇ ਦੇ ਸਾਰੇ 42 ਸੇਵਾ ਕੇਂਦਰ 'ਚ ਆਧਾਰ ਕਾਰਡ ਅੱਪਡੇਟ ਕਰਵਾਉਣ ਦੀ ਸਹੂਲਤ ਉਪਲਬਧ
- 5 ਤੋਂ 7 ਸਾਲ ਤੇ 15 ਤੋਂ 17 ਸਾਲ ਦੇ ਬੱਚਿਆਂ ਦਾ ਆਧਾਰ ਅੱਪਡੇਟ ਕਰਵਾਉਣਾ ਜ਼ਰੂਰੀ
ਪਟਿਆਲਾ, 8 ਨਵੰਬਰ 2024 - ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਆਧਾਰ ਕਾਰਡ ਨੂੰ ਸਮੇਂ ਸਮੇਂ 'ਤੇ ਅੱਪਡੇਟ ਕਰਵਾਉਣਾ ਬਹੁਤ ਜ਼ਰੂਰੀ ਹੈ ਨਹੀਂ ਲੋੜ ਸਮੇਂ ਆਧਾਰ ਕਾਰਡ ਅੱਪਡੇਟ ਨਾ ਹੋਣ ਕਾਰਨ ਨਾਗਰਿਕਾਂ ਨੂੰ ਵੱਖ ਵੱਖ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਸਮੇਂ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ 5 ਤੋਂ 7 ਸਾਲ ਅਤੇ 15 ਤੋਂ 17 ਸਾਲ ਦੇ ਬੱਚਿਆਂ ਦਾ ਆਧਾਰ ਕਾਰਡ ਅੱਪਡੇਟ (ਬਾਇਓਮੀਟ੍ਰਿਕ) ਕਰਵਾਉਣਾ ਜ਼ਰੂਰੀ ਹੈ ਤੇ ਇਹ ਸੇਵਾ ਕੇਂਦਰਾਂ ਵਿੱਚ ਮੁਫਤ ਵਿੱਚ ਅੱਪਡੇਟ ਕੀਤਾ ਜਾਂਦਾ ਹੈ ਤੇ ਇਹ ਸੇਵਾ ਜ਼ਿਲ੍ਹੇ ਦੇ ਸਾਰੇ 42 ਸੇਵਾ ਕੇਂਦਰਾਂ ਵਿੱਚ ਉਪਲਬੱਧ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 10 ਸਾਲ ਪੁਰਾਣੇ ਆਧਾਰ ਕਾਰਡ ਨੂੰ ਅੱਪਡੇਟ ਕਰਵਾਉਣਾ ਜ਼ਰੂਰੀ ਹੈ ਅਤੇ ਇਸ ਵਿੱਚ ਬਾਇਓਮੀਟ੍ਰਿਕ ਅਤੇ ਪਤੇ ਦਾ ਪਰੂਫ਼ ਅੱਪਡੇਟ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਸਰਕਾਰੀ ਸਹੂਲਤਾਂ ਦਾ ਨਿਰਵਿਘਨ ਲਾਭ ਉਠਾਉਣ ਲਈ ਆਪਣੇ ਮੋਬਾਈਲ ਨੰਬਰ ਅਤੇ ਦਸਤਾਵੇਜ਼ਾਂ ਨੂੰ ਆਧਾਰ ਨਾਲ ਅਪਡੇਟ ਕਰਦੇ ਰਹਿਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵਾਂ ਆਧਾਰ ਕਾਰਡ ਬਣਾਉਣ ਵਾਲਿਆਂ ਨੂੰ ਸੇਵਾ ਕੇਂਦਰ ਵਿੱਚ ਇਹ ਸੇਵਾ ਮੁਫ਼ਤ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਆਪਣਾ ਆਧਾਰ ਅੱਪਡੇਟ ਕਰਵਾਉਣ ਲਈ ਆਪਣੇ ਨੇੜਲੇ ਸੇਵਾ ਕੇਂਦਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।