ਰੂਪਨਗਰ: ਜ਼ਿਲ੍ਹੇ ਦੇ ਸਮੂਹ ਬਲਾਕਾਂ 'ਚ ਖਾਦ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਅਚਨਚੇਤ ਚੈਕਿੰਗ
ਰੂਪਨਗਰ, 8 ਨਵੰਬਰ 2024: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਹੁਕਮਾਂ ‘ਤੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਲਈ ਲੋੜੀਂਦੀਆਂ ਖਾਦਾਂ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ ਵਿਭਾਗ ਰੂਪਨਗਰ ਵਲੋਂ ਅੱਜ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿਚ ਖਾਦ ਵਿਕ੍ਰੇਤਾਵਾਂ ਦੇ ਕਾਰੋਬਾਰ ਨਾਲ ਸੰਬੰਧਤ ਦੁਕਾਨਾਂ ਅਤੇ ਗੋਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਗੱਲਬਾਤ ਕਰਦਿਆਂ ਖੇਤੀਬਾੜੀ ਅਫਸਰ ਪੰਕਜ ਸਿੰਘ ਨੇ ਦੱਸਿਆ ਕਿ ਕਣਕ ਦੀ ਕਾਸਤ ਲਈ ਫਾਸਫੋਰਸ ਖੁਰਾਕੀ ਤੱਤ ਦੀ ਜ਼ਰੂਰਤ ਹੁੰਦੀ ਹੈ ਜਿਸ ਦੀ ਪੂਰਤੀ ਲਈ ਕਿਸਾਨਾਂ ਵੱਲੋਂ ਡੀ ਏ ਪੀ ਖਾਦ ਦੀ ਬਿਜਾਈ ਸਮੇਂ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਡੀ ਏ ਪੀ ਖਾਦ ਦੇ ਬਦਲ ਵੱਜੋਂ ਟ੍ਰਿਪਲ ਸੁਪਰ ਫਾਸਫੇਟ ਖਾਦ, ਐਨ ਪੀ ਕੇ (12:32:16) ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਬਾਜ਼ਾਰ ਵਿੱਚ ਮੌਜੂਦ ਹੋਰ ਫਾਸਫੈਟਿਕ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ। ਉਨ੍ਹਾਂ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੌਸ ਮਸ਼ੀਨਾਂ ਵਿੱਚ ਮੌਜੂਦ ਵਿਕਰੀ ਕੀਤੀ ਖਾਦ ਦਾ ਸਟਾਕ ਨਿਲ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪੌਸ ਮਸ਼ੀਨਾਂ ਅਤੇ ਦੁਕਾਨ ਤੇ ਅਣਵਿਕੀ ਖਾਦ ਦਾ ਸਟਾਕ ਇਕਸਾਰ ਹੋਵੇ ਤਾਂ ਜੋ ਜ਼ਰੂਰਤ ਅਨੁਸਾਰ ਭਾਰਤ ਸਰਕਾਰ ਤੋਂ ਡੀ ਏ ਪੀ ਖਾਦ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਟ੍ਰਿਪਲ ਸਪਰ ਫਾਸਫੇਟ ਵਿੱਚ ਡੀ ਏ ਪੀ ਵਾਂਗੂ 46% ਫਾਸਫੋਰਸ ਤੱਤ ਹੁੰਦਾ ਹੈ ਅਤੇ ਇਸ ਦੀ ਕੀਮਤ ਪ੍ਰਤੀ ਬੋਰੀ 1300/-ਰੁਪਏ ਹੈ ਜਦ ਕਿ ਡੀ ਏ ਪੀ ਦੀ ਕੀਮਤ ਪ੍ਰਤੀ ਬੈਗ 1350/- ਰੁਪਏ ਹੈ। ਐਨ ਪੀ ਕੇ (12:32:16) ਦੀ ਵਰਤੋਂ ਵੀ ਡੀ ਏ ਪੀ ਦੇ ਬਦਲ ਵੱਜੋਂ ਕੀਤੀ ਜਾ ਸਕਦੀ ਹੈ।