ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਦਫ਼ਤਰ ’ਚ ਕੀਤੀ ਮੀਟਿੰਗ
ਹੁਸ਼ਿਆਰਪੁਰ, 08 ਨਵੰਬਰ 2024: ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਵਿਚ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦਗੀ ਵਿਚ ਨਿਗਮ ਕਮਿਸ਼ਨਰ ਡਾ: ਅਮਨਦੀਪ ਕੌਰ ਵੱਲੋਂ ਵੱਖ-ਵੱਖ ਸ਼ਾਖਾਵਾਂ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਨਿਗਮ ਦੀਆਂ ਕਈ ਸ਼ਾਖਾਵਾਂ ਜਿਵੇਂ ਸੈਨੀਟੇਸ਼ਨ ਬ੍ਰਾਂਚ, ਵਰਕਸ ਬ੍ਰਾਂਚ, ਪ੍ਰਾਪਰਟੀ ਟੈਕਸ ਬ੍ਰਾਂਚ, ਤਹਿਬਾਜ਼ਾਰੀ/ਰੈਂਟ ਬ੍ਰਾਂਚ, ਟਰੇਡ ਲਾਇਸੈਂਸ ਬ੍ਰਾਂਚ, ਬਿਲਡਿੰਗ ਬ੍ਰਾਂਚ, ਵਾਟਰ ਅਤੇ ਸੀਵਰੇਜ ਬ੍ਰਾਂਚ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
ਕਮਿਸ਼ਨਰ ਡਾ: ਅਮਨਦੀਪ ਕੌਰ ਨੇ ਸਬੰਧਤ ਅਧਿਕਾਰੀਆਂ ਨੂੰ ਆਪਣੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਕਿ ਇਨ੍ਹਾਂ ਕੰਮਾਂ ਦੀ ਬਕਾਇਦਾ ਸਮੀਖਿਆ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਮੇਅਰ ਰੰਜੀਤਾ ਚੌਧਰੀ, ਜੁਆਇੰਟ ਕਮਿਸ਼ਨਰ ਸੰਦੀਪ ਕੁਮਾਰ, ਐਸ.ਈ. ਸਤੀਸ਼ ਕੁਮਾਰ ਸੈਣੀ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।